Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਮਾਹਿਰ ਨੇ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦਾ ਦੌਰਾ ਕੀਤਾ

ਖੋਜ ਅਤੇ ਉਚੇਰੀ ਸਿੱਖਿਆ ਵਿਚਕਾਰ ਸਾਂਝ ਅਤੇ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਅੰਤਰਪ੍ਰੀਤ ਜੁਤਲਾ ਨੇ ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦਾ ਦੌਰਾ ਕੀਤਾ। ਇਸ ਦੌਰਾਨ ਸ਼੍ਰੀ ਜੁਤਲਾ ਨੇ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਇਛਾਵਾਂ ਦੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਵਿਦੇਸ਼ ਵਿਚ ਉਚੇਰੀ ਸਿੱਖਿਆ ਦੇ ਮੌਕਿਆਂ ਅਤੇ ਚੁਣੌਤੀਆਂ ਤੋਂ ਜਾਣੂੰ ਕਰਵਾਉਂਦਿਆਂ ਖੋਜ ਲਈ ਜ਼ਰੂਰੀ ਮਨੋਸਥਿਤੀ ਦੀ ਗੱਲ ਕੀਤੀ। ਇਸ ਦੌਰਾਨ ਉਹਨਾਂ ਨੇ ਬੀ ਟੈੱਕ ਦੇ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਧੀਨ ਵੱਖ-ਵੱਖ ਨਵੀਨ ਵਿਧੀਆਂ ਰਾਹੀਂ ਸੈਂਸਰ ਤਕਨਾਲੋਜੀਆਂ ਦੇ ਖੇਤਰ ਵਿਚ ਕਾਰਜ ਕਰਨ ਲਈ ਪ੍ਰੇਰਿਤ ਕੀਤਾ।
ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਡਾ. ਜੁਤਲਾ ਦਾ ਸਵਾਗਤ ਕਰਦਿਆਂ ਖੇਤੀ ਇੰਜਨੀਅਰਿੰਗ ਕਾਲਜ ਦੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ। ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਸੁਨੀਲ ਗਰਗ ਨੇ ਵਿਭਾਗ ਦੇ ਕਾਰਜਾਂ ਬਾਰੇ ਗੱਲ ਕਰਨ ਦੇ ਨਾਲ ਹੀ ਡਾ. ਅੰਤਰਪ੍ਰੀਤ ਜੁਤਲਾ ਬਾਰੇ ਤੁਆਰਫੀ ਸ਼ਬਦ ਕਹੇ।
ਡਾ. ਜੁਤਲਾ ਦਾ ਸਵਾਗਤ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਇੰਚਾਰਜ ਡਾ. ਸਤੀਸ਼ ਕੁਮਾਰ ਗੁਪਤਾ ਨੇ ਕੀਤਾ। ਇਸ ਦੌਰਾਨ ਡਾ. ਜੁਤਲਾ ਨੇ ਵਿਭਾਗ ਦੇ ਮਾਹਿਰਾਂ ਨਾਲ ਵਿਸਥਾਰ ਵਿਚ ਗੱਲ ਕਰਦਿਆਂ ਪਾਣੀ ਦੇ ਮਿਆਰ, ਵਾਤਾਵਰਨ ਦੀ ਪੜਚੋਲ ਅਤੇ ਸਥਿਰ ਖੇਤੀ ਲਈ ਤਕਨੀਕੀ ਖੋਜਾਂ ਸੰਬੰਧੀ ਗੱਲਬਾਤ ਕੀਤੀ। ਉਹਨਾਂ ਨੇ ਦੋਵਾਂ ਸੰਸਥਾਵਾਂ ਵਿਚਕਾਰ ਖੋਜ ਪ੍ਰੋਜੈਕਟਾਂ, ਅਮਲੇ ਅਤੇ ਵਿਦਿਆਰਥੀਆਂ ਦੇ ਤਬਾਦਲੇ ਲਈ ਹਾਂਪੱਖੀ ਆਸ ਵੀ ਪ੍ਰਗਟਾਈ। ਡਾ. ਜੁਤਲਾ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦੁਵੱਲੀ ਖੋਜ ਸਾਂਝਦਾਰੀ ਨੂੰ ਅੱਗੇ ਵਧਾਉਣ ਲਈ ਲੋੜੀਂਦੇ ਕਦਮਾਂ ਵਾਸਤੇ ਅਪੀਲ ਕੀਤੀ। ਅੰਤ ਵਿਚ ਧੰਨਵਾਦ ਦੇ ਸ਼ਬਦ ਡਾ. ਚੇਤਨ ਸਿੰਗਲਾ ਨੇ ਕਹੇ।