ਪੀ.ਏ.ਯੂ. ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਸਚਿੱਤਰ ਕੈਲੰਡਰ ਲੋਕ ਅਰਪਿਤ ਹੋਇਆ। ਪੰਜਾਬ ਦੇ ਸੱਭਿਆਚਾਰ, ਵਿਰਾਸਤ ਅਤੇ ਕੁਦਰਤੀ ਦ੍ਰਿਸ਼ਾਂ ਬਾਰੇ ਤਿਆਰ ਹੋਏ ਇਸ ਕੈਲੰਡਰ ਨੂੰ ਵਾਈਸ ਚਾਂਸਲਰ ਕਮੇਟੀ ਰੂਮ ਵਿਚ ਜਾਰੀ ਕਰਨ ਦੀ ਰਸਮ ਉੱਚ ਅਧਿਕਾਰੀਆਂ ਨੇ ਆਪਣੇ ਕਰ-ਕਮਲਾਂ ਨਾਲ ਨਿਭਾਈ। ਇਹ ਕੈਲੰਡਰ ਰਾਜ ਦੇ ਸੂਚਨਾ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਬੀਤੇ ਦਿਨੀਂ ਇਸ ਨੂੰ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਰਿਲੀਜ਼ ਕੀਤਾ ਸੀ।
ਇਸ ਮੌਕੇ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਕਿਹਾ ਕਿ ਪੰਜਾਬ ਦੀ ਪੇਂਡੂ ਸੱਭਿਆਚਾਰ ਅਤੇ ਸਾਂਸਕ੍ਰਿਤਕ ਵਿਰਾਸਤ ਨੂੰ ਕੈਲੰਡਰ ਵਿਚ ਤਸਵੀਰਾਂ ਸਮੇਤ ਪੇਸ਼ ਕਰਨ ਦਾ ਵੱਡਮੁੱਲਾ ਕਾਰਜ ਇਹ ਕੈਲੰਡਰ ਕਰਦਾ ਹੈ। ਇਸ ਤਰ੍ਹਾਂ ਨਵੀਂ ਪੀੜੀ ਲਈ ਆਪਣੇ ਵਿਰਸੇ ਅਤੇ ਰਵਾਇਤੀ ਗਿਆਨ ਨਾਲ ਜੁੜਨ ਦਾ ਇਹ ਵਿਲੱਖਣ ਰਸਤਾ ਹੈ। ਉਹਨਾਂ ਫੋਟੋਆਂ ਰਾਹੀਂ ਯੂਨੀਵਰਸਿਟੀ ਦੇ ਖੇਤਾਂ ਅਤੇ ਭੂ ਦ੍ਰਿਸ਼ਾਂ ਨੂੰ ਸਜੀਵ ਕਰਨ ਲਈ ਕੈਲੰਡਰ ਪਿੱਛੇ ਕਾਰਜਸ਼ੀਲ ਲੋਕਾਂ ਦੀ ਸ਼ਲਾਘਾ ਕੀਤੀ।
ਗੁਰੂ ਅੰਗਦ ਦੇਵ ਵੈਟਨਰੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਇਸ ਰਿਲੀਜ਼ ਸਮਾਰੋਹ ਉੱਪਰ ਖੁਸ਼ੀ ਪ੍ਰਗਟਾਈ। ਉਹਨਾਂ ਕਿਹਾ ਕਿ ਪੰਜਾਬ ਦੇ ਰਵਾਇਤੀ ਸੱਭਿਆਚਾਰ ਨੂੰ ਮੌਜੂਦਾ ਪੀੜੀ ਤੱਕ ਪਹੁੰਚਾਉਣ ਲਈ ਅਜਿਹੇ ਦਸਤਾਵੇਜ਼ ਪੁਲ ਦਾ ਕੰਮ ਕਰਦੇ ਹਨ।
ਡਿਪਟੀ ਕਮਿਸ਼ਨਰ ਕਸਟਮਜ਼ ਸ਼੍ਰੀ ਅਤੁਲ ਤਿਰਕੀ (ਆਈ ਆਰ ਐੱਸ) ਨੇ ਅਜਿਹੇ ਕਾਰਜਾਂ ਨੂੰ ਲੋਕਾਂ ਦੀ ਭਾਰੀ ਗਿਣਤੀ ਸਾਹਮਣੇ ਅੰਜ਼ਾਮ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਵੱਡੀ ਗਿਣਤੀ ਵਿਚ ਵਿਰਸੇ ਬਾਰੇ ਚੇਤਨਾ ਦਾ ਪਸਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਚਿੱਤਰਾਂ ਰਾਹੀਂ ਕਿਸੇ ਗੱਲ ਨੂੰ ਕਹਿਣਾ ਬੜਾ ਪ੍ਰਭਾਵੀ ਤਰੀਕਾ ਹੈ ਅਤੇ ਇਸ ਵਿਚ ਇਹ ਕੈਲੰਡਰ ਪੂਰਨ ਰੂਪ ਵਿਚ ਸਫਲ ਹੈ।
ਇਸ ਪਹਿਲਕਦਮੀ ਦੇ ਮਹੱਤਵ ਨੂੰ ਦਰਸਾਉਂਦਿਆ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵੀ ਇਸ ਕਾਰਜ ਦੀ ਸ਼ਲਾਘਾ ਕੀਤੀ। ਉਹਨਾਂ ਅਨੁਸਾਰ ਅਜਿਹੇ ਕਾਰਜ ਸਮਾਜ ਵਿਚ ਅਕਾਦਮਿਕ ਅਤੇ ਲੋਕ ਚੇਤਨਾ ਦਾ ਦੁਵੱਲਾ ਪ੍ਰਭਾਵ ਛੱਡਦੇ ਹਨ। ਯੂਨੀਵਰਸਿਟੀ ਵੱਲੋਂ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦਾ ਹਵਾਲਾ ਦਿੰਦਿਆਂ ਰਜਿਸਟਰਾਰ ਨੇ ਇਸ ਕੈਲੰਡਰ ਨੂੰ ਇਸ ਦਿਸ਼ਾ ਵਿਚ ਇਕ ਅਹਿਮ ਕਦਮ ਕਿਹਾ।
ਸ਼੍ਰੀ ਹਰਪ੍ਰੀਤ ਸਿੰਘ ਸੰਧੂ ਨੇ ਇਸ ਕੈਲੰਡਰ ਦੀ ਨਿਰਮਾਣਕਾਰੀ ਦੇ ਤੱਤ ਸਾਂਝੇ ਕੀਤੇ। ਉਹਨਾਂ ਪੀ.ਏ.ਯੂ. ਦੀਆਂ ਤਸਵੀਰਾਂ ਨਾਲ ਜੁੜੀ ਪ੍ਰੇਰਨਾ ਬਾਰੇ ਗੱਲ ਕਰਦਿਆਂ ਇਸਦੇ ਕਲਾਤਮਕ ਪ੍ਰਗਟਾਵੇ ਬਾਰੇ ਕਈ ਤਜਰਬੇ ਹਾਜ਼ਰ ਲੋਕਾਂ ਸਾਹਮਣੇ ਪ੍ਰਗਟਾਏ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕੀਤਾ।
