ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ਵਿੱਚ ਅੱਜ ਡਾ ਗੁਲਜ਼ਾਰ ਭਲਵਾਨ ਉੱੱਚੀ ਰੁੜਕੀ ਵਾਲਾ ਕੁਸ਼ਤੀ ਅਖਾੜਾ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ। ਇਸ ਅਖਾੜੇ ਦਾ ਉਦਘਾਟਨ ਕਰਿਦਆਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ ਹੈ ਜਿਸ ਨੂੰ ਸੰਭਾਲਣਾ ਜ਼ਰੂਰੀ ਹੈ। ਡਾ ਗੋਸਲ ਨੇ ਕਿਹਾ ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ਵਿੱਚ ਕੁਸ਼ਤੀ ਦੇ ਮੁਕਾਬਲੇ ਦਿਲਚਸਪੀ ਨਾਲ ਹੁੰਦੇ ਰਹੇ ਹਨ ਅਤੇ ਇਥੋਂ ਦੇ ਭਲਵਾਨ ਰਾਸ਼ਟਰ ਪੱਧਰ ਦੇ ਮੁਕਾਬਿਲਆਂ ਵਿੱਚ ਆਪਣੀ ਥਾਂ ਬਣਾਉਂਦੇ ਰਹੇ ਹਨ । ਡਾ ਗੋਸਲ ਨੇ ਖਾਸ ਤੌਰ ਤੇ ਇਸ ਵੇਲੇ ਕਨੇਡਾ ਰਹਿ ਰਹੇ ਡਾ ਗੁਲਜ਼ਾਰ ਸਿੰਘ ਭਲਵਾਨ ਦਾ ਜ਼ਿਕਰ ਕੀਤਾ ਜੋ ਇਸ ਯੂਨੀਵਰਿਸਟੀ ਦੇ ਵਿਦਿਆਰਥੀ ਹੁੰਦਿਆਂ ਕੁਸ਼ਤੀ ਅਤੇ ਬਾਡੀ ਬਿਲਿਡੰਗ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਹਨ। ਵਰਣਨਯੋਗ ਹੈ ਕਿ ਹੁਣ ਵੀ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਇਸ ਪਾਸੇ ਉਤਸ਼ਾਹਤ ਕਰਨ ਲਈ ਡਾ ਗੁਲਜ਼ਾਰ ਸਿੰਘ ਭਲਵਾਨ ਨੇ ਲਗਭਗ ਵੀਹ ਲੱਖ ਰੁਪੈ ਯੂਨੀਵਰਿਸਟੀ ਨੂੰ ਭੇਜੇ ਹਨ ਜਿਸ ਵਿਚੋਂ ਪੰਦਰਾਂ ਲੱਖ ਰੁਪੈ ਦੇ ਵਿਆਜ ਨਾਲ ਹਰ ਸਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਜਦੋਂ ਕਿ ਕਰੀਬਨ ਪੰਜ ਲੱਖ ਰੁਪੈ ਨਾਲ ਇਹ ਅਖਾੜਾ ਤਿਆਰ ਕੀਤਾ ਗਿਆ ਹੈ ।
ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਡਾ ਗੁਲਜ਼ਾਰ ਭਲਵਾਨ ਦੀ ਦੂਰ ਅੰਦੇਸ਼ੀ ਅਤੇ ਯੂਨੀਵਰਿਸਟੀ ਪ੍ਰਤੀ ਲਗਨ ਹੋਣ ਕਰਕੇ ਉਸਨੇ ਇਥੇ ਇਹ ਅਖਾੜਾ ਸਥਾਪਿਤ ਕੀਤਾ ਹੈ। ਡਾ ਨਿਰਮਲ ਜੌੜਾ ਨੇ ਯੂਨੀਵਰਿਸਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਰਵਾਇਤੀ ਖੇਡਾਂ ਨਾਲ ਜੁੜਕੇ ਆਪਣੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ ।
ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਕੁਲਦੀਪ ਚੁੱਗ ਜੀ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਮੌਕੇ ਵਧਾਈ ਦਿੱਤੀ ਅਤੇ ਖੇਡ ਵਿਭਾਗ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ । ਇਸ ਮੌਕੇ ਤੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਮਿਲਖ ਅਫ਼ਸਰ, ਡਾ. ਯੋਗਿਤਾ ਸ਼ਰਮਾ ਲਾਇਬ੍ਰਰੀਅਨ, ਡਾ. ਪ੍ਰਭਜੋਧ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ, ਡਾ. ਵਿਸ਼ਵਜੀਤ ਸਿੰਘ ਹਾਂਸ ਚੀਫ ਇੰਜੀਨੀਅਰ, ਡਾ. ਧਰਮਿੰਦਰ ਸਿੰਘ ਚੀਫ ਵਾਰਡਨ, ਡਾ. ਵਿਸ਼ਾਲ ਬੈਕਟਰ, ਸ਼੍ਰੀ ਗੁਰਤੇਗ ਸਿੰਘ ਹਾਕੀ ਕੋਚ, ਸ਼੍ਰੀ ਗੁਰਮੀਤ ਸਿੰਘ ਐਥਲੈਟੀਕ ਕੋਚ ਹਾਜ਼ਰ ਸਨ ।
ਡਿਪਟੀ ਡਾਇਰੈਕਟਰ ਖੇਡਾਂ ਸ਼੍ਰੀਮਤੀ ਕੰਵਲਜੀਤ ਕੌਰ ਨੇ ਇਸ ਮੌਕੇ ਤੇ ਪਹੁੰਚੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ ।
