Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਖੇਤੀ ਖੇਤਰ ਵਿਚ ਪੀ ਏ ਯੂ ਦੀ ਸਫਲਤਾ ਅਤੇ ਸਮਾਜਕ ਸਹਿਯੋਗ ਨੂੰ ਸਮਰਪਿਤ ਰਿਹਾ 2025 

ਆਪਣੀ ਸਥਾਪਨਾ ਤੋਂ ਹੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਨਾ ਸਿਰਫ ਪੰਜਾਬ ਦੀ ਬਲਕਿ ਦੇਸ਼ ਦੀ ਖੇਤੀ ਨੂੰ ਵਿਗਿਆਨਕ ਦਿਸ਼ਾ ਵੱਲ ਤੋਰਿਆ। ਪਿਛਲੇ ਕਿੰਨੇ ਹੀ ਸਾਲਾਂ ਤੋਂ ਇਸੇ ਰਵਾਇਤ ਦੀ ਪਾਲਣਾ ਸਦਕਾ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਹੋਣ ਦਾ ਮਾਣ ਇਸ ਸੰਸਥਾ ਨੂੰ ਹਾਸਿਲ ਹੋਇਆ। ਸਾਲ 2025 ਵਿਚ ਵੀ ਪੀ ਏ ਯੂ ਨੇ ਆਪਣੇ​​ਅਕਾਦਮਿਕ, ਖੋਜ, ਪਸਾਰ ਕਾਰਜਾਂ ਸਦਕਾ ਭਾਰਤ ਦੀ ਸਿਖਰਲੀ ਖੇਤੀਬਾੜੀ ਯੂਨੀਵਰਸਿਟੀ ਦੇ ਦਰਜੇ ਨੂੰ ਬਰਕਰਾਰ ਰੱਖਿਆ ਹੈ।
ਪੀ ਏ ਯੂ ਦੇ ਮਾਹਿਰਾਂ ਨੇ  ਕਿਸਾਨੀ ਸਮਾਜ ਨਾਲ ਆਪਣੀ ਪ੍ਰਤਿਬੱਧਤਾ ਸਦਕਾ ਵੱਖ ਵੱਖ ਖੇਤਰਾਂ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰਵੋਤਮ ਕੇਂਦਰ ਪੁਰਸਕਾਰ ਜਿੱਤੇ। ਯੂਨੀਵਰਸਿਟੀ ਨੇ ਉੱਚ ਝਾੜ ਵਾਲੀਆਂ ਫਸਲਾਂ ਦੀਆਂ ਕਿਸਮਾਂ ਅਤੇ ਪੋਸ਼ਣ ਸੁਰੱਖਿਆ ਵਿੱਚ ਸੁਮੇਲ ਬਣਾਇਆ। ਵਾਤਵਰਨ ਦੀ ਸੰਭਾਲ ਨੂੰ ਆਪਣੀ ਖੋਜ ਪ੍ਰਮੁੱਖਤਾ ਵਿਚ ਸ਼ਾਮਿਲ ਕੀਤਾ ਅਤੇ ਕਿਸਾਨੀ ਸਮਾਜ ਨਾਲ ਸੰਕਟ ਸਮੇਂ ਖੜ੍ਹੇ ਹੋਣ ਦੀ ਰਵਾਇਤ ਦੀ ਪਾਲਣਾ ਕੀਤੀ। ਅਕਾਦਮਿਕ ਪ੍ਰੋਗਰਾਮਾਂ ਦੇ ਨਤੀਜੇ ਵਜੋਂ ਨਵੇਂ ਖੇਤੀ ਵਿਗਿਆਨੀਆਂ ਨੂੰ ਡਿਗਰੀਆਂ ਨਾਲ ਨਿਵਾਜ਼ਿਆ ਗਿਆ, ਖੋਜ ਦੇ ਸਿੱਟੇ ਉਤਪਾਦਨ ਅਤੇ ਪੋਸ਼ਣ ਦੇ ਨਾਲ ਨਾਲ ਬਾਰੀਕ ਖੇਤੀ ਲਈ ਜਾਰੀ ਨਵੀਂ ਤਕਨਾਲੋਜੀ ਦੇ ਰੂਪ ਵਿਚ ਦਿਖਾਈ ਦਿੱਤੇ। ਪਸਾਰ ਕਾਰਜਾਂ ਦਾ ਪ੍ਰਮਾਣ ਕਿਸਾਨ ਮੇਲਿਆਂ, ਰਹਿੰਦ-ਖੂੰਹਦ ਸੰਭਾਲ ਮੁਹਿੰਮਾਂ , ਪਿੰਡ ਪੱਧਰ ਦੀਆਂ ਸਿਖਲਾਈਆਂ, ਕੇਵੀਕੇ ਪ੍ਰੋਗਰਾਮਾਂ ਅਤੇ ਕਿਸਾਨ ਕਲੱਬਾਂ ਦੀਆਂ ਮੀਟਿੰਗਾਂ ਵਜੋਂ ਸਾਕਾਰ ਹੋਇਆ। ਜਿਸ ਨਾਲ ਤਕਨਾਲੋਜੀ ਨੂੰ ਵੱਡੇ ਪੱਧਰ ‘ਤੇ ਕਿਸਾਨਾਂ ਤਕ ਪੁੱਛਿਆ ਜਾ ਸਕਿਆ। ਸੰਸਥਾ ਨੇ ਵਿਸ਼ਵਵਿਆਪੀ ਸਹਿਯੋਗ, ਮਹਿਮਾਨ ਵਿਦਵਾਨਾਂ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਰਾਹੀਂ ਪਹੁੰਚ ਨੂੰ ਵਧਾਇਆ।
ਪੀ ਏ ਯੂ ਨੇ ਰਾਸ਼ਟਰੀ ਪੱਧਰ ਤੇ ਆਪਣਾ ਦਰਜਾ 2025 ਵਿਚ ਲਗਾਤਾਰ ਤੀਜੇ ਸਾਲ ਬਰਕਰਾਰ ਰੱਖਿਆ  ਜਦੋਂ ਐੱਨ ਆਈ ਆਰ ਐੱਫ ਦੀ ਦਰਜਾਬੰਦੀ ਵਿੱਚ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ। ਇਹੀ ਨਹੀਂ ਕੌਮਾਂਤਰੀ ਪੱਧਰ ਪੀ ਏ ਯੂ ਐਜੂਰੈਂਕ ਦੇ ਚੋਟੀ ਦੇ 100 ਖੇਤੀਬਾੜੀ ਸੰਸਥਾਨਾਂ ਵਿੱਚ ਸ਼ੁਮਾਰ ਹੋਈ , ਖੇਤੀਬਾੜੀ ਵਿਗਿਆਨ ਵਿੱਚ 93ਵਾਂ ਸਥਾਨ ਪ੍ਰਾਪਤ ਕੀਤਾ, ਅਤੇ ਸੂਚੀ ਵਿੱਚ ਭਾਰਤ ਦੀ ਇਕਲੌਤੀ ਖੇਤੀ ਯੂਨੀਵਰਸਿਟੀ ਵਜੋਂ ਖੁਦ ਨੂੰ ਦਰਜ ਕਰਵਾਇਆ।
ਨਾਲ ਹੀ ਪੀ ਏ ਯੂ ਦੇ ਸਿੱਖਿਆ ਵਾਤਾਵਰਣ ਨੂੰ ਨਵੀਂ ਦਿੱਲੀ ਵਿੱਚ ਇੰਡਸਟਰੀ-ਅਕਾਦਮੀਆ ਸੰਮੇਲਨ ਵਿੱਚ ਆਈ ਆਈ ਆਰ ਐੱਫ ਸਿੱਖਿਆ ਪ੍ਰਭਾਵ ਪੁਰਸਕਾਰ 2026 ਦੁਆਰਾ ਮਾਨਤਾ ਦਿੱਤੀ ਗਈ। ਇਹ ਸਾਰੇ ਸਨਮਾਨ ਯੂਨੀਵਰਸਿਟੀ ਦੇ ਉਸਾਰੂ ਮਾਹੌਲ ਦੀ ਜ਼ਾਮਨੀ ਭਰਦੇ ਹਨ।
ਨਵੇਂ ਖੇਤੀ ਵਿਗਿਆਨੀਆਂ ਨੂੰ ਡਿਗਰੀਆਂ ਵੰਡਣ ਦੇ ਰੂਪ ਵਿਚ ਪੀ ਏ ਯੂ ਨੇ ਆਪਨੇ ਡਿਗਰੀ ਵੰਡ ਸਮਾਗਮ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚਾਂਸਲਰ, ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਮੌਜੂਦਗੀ ਵਿੱਚ, ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਕਰਵਾਏ। ਇਸ ਵਿਚ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ, ਚਾਂਸਲਰ ਮੈਡਲ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਖੇਤੀਬਾੜੀ ਕਾਲਜ ਦੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਵਿੱਚ  ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸਨਮਾਨ ਪ੍ਰਾਪਤ ਹੋਏ, ਜਦੋਂ ਕਿ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਅਤੇ ਕਮਿਊਨਿਟੀ ਸਾਇੰਸ ਕਾਲਜਾਂ ਦੇ ਸਾਂਝੇ ਸਮਾਰੋਹ ਵਿਚ ਡਿਗਰੀਆਂ ਪ੍ਰਦਾਨ ਕੀਤੀਆਂ। ਇਹਨਾਂ ਸਮਾਗਮਾਂ ਨੇ ਪੀ ਏ ਯੂ ਦੀ ਅਕਾਦਮਿਕ ਉੱਤਮਤਾ ਅਤੇ ਵਿਦਿਆਰਥੀਆਂ ਦੀ ਪ੍ਰਾਪਤੀ ਪ੍ਰਤੀ ਵਚਨਬੱਧਤਾ ਨੂੰ ਦ੍ਰਿੜ ਕੀਤਾ।
ਲੰਘੇ ਸਾਲ 2025 ਦੌਰਾਨ ਪੀ ਏ ਯੂ ਨੇ ਵਿਸ਼ਾਲ ਕਾਨਫਰੰਸਾਂ ਅਤੇ ਪ੍ਰਮੁੱਖ ਮੀਟਿੰਗਾਂ ਦੀ ਮੇਜ਼ਬਾਨੀ ਕਰਕੇ ਅਕਾਦਮਿਕ ਆਦਾਨ-ਪ੍ਰਦਾਨ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚ ਮੁਹਈਆ ਕੀਤਾ। ਇਹਨਾਂ ਵਿੱਚ ਭੋਜਨ, ਫੀਡ, ਪੋਸ਼ਣ ਅਤੇ ਬਾਇਓਐਨਰਜੀ ਸੁਰੱਖਿਆ ‘ਤੇ ਮੱਕੀ ‘ਤੇ ਰਾਸ਼ਟਰੀ ਸੰਮੇਲਨ ; ਜਲਵਾਯੂ ਪਰਿਵਰਤਨ ਅਧੀਨ ਬਿਮਾਰੀ ਪ੍ਰਬੰਧਨ ‘ਤੇ ਰਾਸ਼ਟਰੀ ਸਿੰਪੋਜ਼ੀਅਮ; 11ਵੀਂ ਆਲ ਇੰਡੀਆ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ; ਅਤੇ ਵਾਤਾਵਰਣ ਬਹਾਲੀ ਅਤੇ ਸਥਿਰਤਾ ਲਈ ਭੂਮੀ ਅਤੇ ਪਾਣੀ ਪ੍ਰਬੰਧਨ ‘ਤੇ 33ਵੀਂ ਰਾਸ਼ਟਰੀ ਕਾਨਫਰੰਸ ਪ੍ਰਮੁੱਖ ਆਯੋਜਨ ਹਨ। ਪੀਏਯੂ ਨੇ ਖੇਤੀਬਾੜੀ-ਮੌਸਮ ਵਿਗਿਆਨ ‘ਤੇ ਏਆਈਸੀਆਰਪੀ ਦੀ ਸਾਲਾਨਾ ਰਾਸ਼ਟਰੀ ਮੀਟਿੰਗ, ਸਮਾਰਟ ਅਤੇ ਟਿਕਾਊ ਖੇਤੀਬਾੜੀ ਲਈ ਉੱਭਰਦੀਆਂ ਤਕਨਾਲੋਜੀਆਂ ਬਾਰੇ ਸੰਮੇਲਨ  ਅਤੇ ਏਆਈ ਅਤੇ ਸਾਈਬਰ ਸੁਰੱਖਿਆ ‘ਤੇ ਕੇਂਦ੍ਰਿਤ ਡਿਜੀਟਲ ਪਰਿਵਰਤਨ ਅਤੇ ਖੇਤੀਬਾੜੀ ਕਾਰੋਬਾਰ ਚੁਣੌਤੀਆਂ ਬਾਰੇ ਅੰਤਰਰਾਸ਼ਟਰੀ ਸਿੰਪੋਜ਼ੀਅਮ ਦੀ ਮੇਜ਼ਬਾਨੀ ਵੀ ਕੀਤੀ।
 ਪੰਜਾਬ ਸਰਕਾਰ ਵਲੋਂ 20 ਕਰੋੜ ਰੁਪਏ ਦੀ ਵਿਸ਼ੇਸ਼ ਮਾਲੀ ਸਹਾਇਤਾ ਦੇ ਰੂਪ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਅਤੇ ਖੋਜ-ਅਧਿਆਪਨ-ਪਸਾਰ ਪ੍ਰੋਗਰਾਮਾਂ ਦੀ ਮਜ਼ਬੂਤੀ ਲਈ ਯਤਨ ਹੋਏ। ਪੰਜਾਬ ਦੇ ਵਿੱਤ ਮੰਤਰੀ, ਸ ਹਰਪਾਲ ਸਿੰਘ ਚੀਮਾ ਨੇ ਖੇਤੀਬਾੜੀ ਬਾਇਓਤਕਨਾਲੋਜੀ ਸਕੂਲ ਵਿਖੇ ਪਲਾਂਟ ਅਨੁਕੂਲਤਾ ਸਹੂਲਤ ਦਾ ਨੀਂਹ ਪੱਥਰ ਰੱਖਣ ਦੇ ਨਾਲ ਹੀ ਖੇਤੀ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਸਮੇਤ ਪ੍ਰਮੁੱਖ ਸਹੂਲਤਾਂ ਦਾ ਉਦਘਾਟਨ ਕੀਤਾ।
ਯੂਨੀਵਰਸਿਟੀ ਨੇ ਆਪਣੀਆਂ ਖੋਜ ਸਮਰੱਥਾਵਾਂ ਨੂੰ ਉਜਾਗਰ ਕਰਦਿਆਂ ਸਪੀਡ ਬ੍ਰੀਡਿੰਗ , ਕਣਕ ਦੇ ਜੰਗਲੀ ਜਰਮਪਲਾਜ਼ਮ ਸਰੋਤ, ਉੱਚ-ਪੱਧਰੀ ਜੀਨੋਟਾਈਪਿੰਗ, ਟਿਸ਼ੂ ਕਲਚਰ, ਜੀਨ ਬੈਂਕ ਅਤੇ ਡਿਜੀਟਲ ਖੇਤੀਬਾੜੀ ਸੰਬੰਧੀ ਪਹਿਲਕਦਮੀਆਂ ਸ਼ਾਮਲ ਕੀਤੀਆਂ। ਇਸ ਨਾਲ ਵਾਤਾਵਰਣ ਦੀ ਸੰਭਾਲ, ਖੇਤੀ ਸਥਿਰਤਾ ਅਤੇ ਭੋਜਨ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਦਾ ਖੋਜ ਮੰਚ ਮਜ਼ਬੂਤ ਹੋਇਆ।
ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੋਂ ਇਮਦਾਦ ਹਾਸਿਲ ਕਰਕੇ ਨਵੇਂ ਸਥਾਪਿਤ ਕੀਤੇ  ਜਿਮਨੇਜੀਅਮ ਨੂੰ ਮਰਦਾਂ ਅਤੇ ਔਰਤਾਂ ਦੀ ਸਿਹਤ ਸੇਵਾ ਵਜੋਂ ਸਮਰਪਿਤ ਕੀਤਾ। ਇਸਦੇ ਨਾਲ ਹੀ ਯੂਨੀਵਰਸਿਟੀ ਦੇ ਸਵੀਮਿੰਗ ਪੂਲ, ਸੁਖਦੇਵ ਸਿੰਘ ਭਵਨ, ਪਾਰਕਰ ਹਾਊਸ ਅਤੇ ਹੋਸਟਲਾਂ ਨੂੰ ਵੀ ਅਪਗ੍ਰੇਡ ਕੀਤਾ ਗਿਆ।
ਪੀਏਯੂ ਦੇ ਵਿਗਿਆਨੀਆਂ ਦੀ ਖੋਜ ਵਜੋਂ ਉੱਚ ਪੱਧਰੀ ਪੇਟੈਂਟਾਂ ਅਤੇ ਵਿਹਾਰਕ ਤਕਨਾਲੋਜੀਆਂ ਸਾਮ੍ਹਣੇ ਆਈਆਂ । ਇਸ ਸਿਲਸਿਲੇ ਵਿਚ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਦੁਆਰਾ ਵਿਕਸਤ ਕੀਤੇ ਗਏ ਪੋਰਟੇਬਲ ਮੱਕੀ ਡ੍ਰਾਇਅਰ ਲਈ ਪੇਟੈਂਟ ਹਾਸਿਲ ਹੋਇਆ। ਪੀਏਯੂ ਵਿਗਿਆਨੀਆਂ ਦੁਆਰਾ ਉਦਯੋਗ ਨਾਲ ਸਮਝੌਤੇ ਦੇ ਤਹਿਤ ਤਿਆਰ ਇਸ ਡ੍ਰਾਇਅਰ ਨੇ ਸੁਚੱਜੇ ਢੰਗ ਨਾਲ ਮੱਕੀ ਨੂੰ ਸੁਕਾਉਣ,  ਗੁਣਵੱਤਾ ਦੀ ਸੰਭਾਲ ਅਤੇ ਕਿਸਾਨ ਆਮਦਨ ਵਿੱਚ ਸੁਧਾਰ ਦੇ ਨਾਲ ਨਾਲ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਇਆ।
ਪੀਏਯੂ ਨੇ ਓਰੀਅਨ ਆਰਗੈਨਿਕਸ, ਲੁਧਿਆਣਾ ਨਾਲ ਵਿਕਸਤ ਕੀਤੇ ਚੂਹਿਆਂ ਦੇ ਪ੍ਰਬੰਧਨ ਲਈ ਤਿਆਰ-ਵਰਤੋਂ-ਯੋਗ ਜ਼ਿੰਕ ਫਾਸਫਾਈਡ ਬੈਟ ਲਈ ਇੱਕ ਪੇਟੈਂਟ ਪ੍ਰਾਪਤ ਕੀਤਾ। ਪੀਏਯੂ ਦੇ ਵਿਗਿਆਨੀਆਂ ਅਤੇ ਇੱਕ ਵਿਦਿਆਰਥੀ ਦੁਆਰਾ ਖੋਜਿਆ ਗਿਆ, ਇਹ ਆਸਾਨ ਹੱਲ ਹੈ ਜੋ ਖੇਤ ਅਨਾਜ ਦੀ ਦੁਰਵਰਤੋਂ ਨੂੰ ਘਟਾਉਣ ਵਿਚ ਸਹਾਈ ਹੈ।
ਡਿਜੀਟਲ ਅਤੇ ਸ਼ੁੱਧਤਾ ਖੇਤੀਬਾੜੀ ਵਿੱਚ, ਪੀਏਯੂ ਨੇ ਟਰੈਕਟਰਾਂ ਲਈ ਇੱਕ ਜੀਐੱਨ ਐੱਸ ਐੱਸ-ਅਧਾਰਤ ਆਟੋ-ਸਟੀਅਰਿੰਗ ਸਿਸਟਮ ਦਾ ਉਦਘਾਟਨ ਕੀਤਾ, ਜਿਸ ਨਾਲ ਸੈਟੇਲਾਈਟ-ਨਿਰਦੇਸ਼ਿਤ ਟਰੈਕਟਰ ਰਾਹੀਂ ਵਹਾਈ ਨੂੰ ਸੰਭਵ ਬਣਾਇਆ ਗਿਆ। ਇਸ ਨਾਲ ਨਾ ਸਿਰਫ ਲੇਬਰ ਦੀ ਬਚਤ ਹੁੰਦੀ ਹੈ ਬਲਕਿ ਟਰੈਕਟਰ ਵਧੇਰੇ ਕਾਰਜ ਕੁਸ਼ਲ ਰੂਪ ਵਿਚ ਵਰਤੋਂ ਵਿਚ ਆਉਂਦਾ ਹੈ।
ਪੀਏਯੂ ਨੇ ਬਾਇਓਐਨਜ਼ਾਈਮ-ਅਧਾਰਤ ਘਰੇਲੂ-ਸੰਭਾਲ ਉਤਪਾਦਾਂ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਜੋ ਰਵਾਇਤੀ ਰਸਾਇਣਕ ਕਲੀਨਰਾਂ ਨਾਲ ਜੁੜੇ ਸਿਹਤ ਜੋਖਮਾਂ ਨੂੰ ਘਟਾਉਂਦੀ ਹੈ। ਕਿੰਨੂ ਦੇ ਛਿਲਕਿਆਂ ਅਤੇ ਬੂੰਦਾਂ ਦੇ ਇਸ ਖਮੀਰ ਵਾਲੇ ਮਿਸ਼ਰਣ ਵਿੱਚ ਕੁਦਰਤੀ ਐਨਜ਼ਾਈਮ, ਜੈਵਿਕ ਐਸਿਡ ਅਤੇ ਮੈਟਾਬੋਲਾਈਟਸ ਹੁੰਦੇ ਹਨ ਜੋ ਗੰਦਗੀ ਨੂੰ ਸਾਫ ਕਰਦੇ ਹਨ, ਚਿਕਨਾਈ ਹਟਾਉਂਦੇ ਹਨ, ਅਤੇ ਨਾਲੀਆਂ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦੇ ਹਨ।
 ਯੂਨੀਵਰਸਿਟੀ ਨੇ ਤਾਲਮੇਲ ਵਾਲੇ ਖੇਤੀਬਾੜੀ ਖੋਜ ਦੇ ਰਾਸ਼ਟਰੀ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ​​ਕੀਤਾ, ਆਲ ਇੰਡੀਆ ਕੋਆਰਡੀਨੇਟਿਡ ਰਿਸਰਚ ਪ੍ਰੋਜੈਕਟਾਂ ਅਧੀਨ ਕਈ ਸਰਵੋਤਮ ਕੇਂਦਰ ਪੁਰਸਕਾਰ ਪ੍ਰਾਪਤ ਕੀਤੇ। ਸਰਬ ਭਾਰਤੀ ਸਾਂਝੇ ਖੋਜ ਪ੍ਰੋਜੈਕਟਾਂ ਅਧੀਨ ਮਸ਼ੀਨੀਕਰਨ ਅਤੇ ਸ਼ੁੱਧਤਾ ਸੰਦਾਂ ਵਿੱਚ ਯੋਗਦਾਨ ਅਧੀਨ ਖੇਤੀ ਔਜ਼ਾਰਾਂ ਅਤੇ ਮਸ਼ੀਨਰੀ ਲਈ ਸਰਵੋਤਮ ਕੇਂਦਰ, ਫਲਾਂ ‘ਤੇ ਬਾਗਬਾਨੀ ਖੋਜ ਲਈ ਸਰਵੋਤਮ ਕੇਂਦਰ, ਖੇਤੀਬਾੜੀ ਅਤੇ ਖੇਤੀਬਾੜੀ-ਅਧਾਰਤ ਉਦਯੋਗਾਂ ਵਿੱਚ ਊਰਜਾ ਲਈ ਸਰਵੋਤਮ ਕੇਂਦਰ ਅਤੇ ਸਬਜ਼ੀਆਂ ਦੀਆਂ ਫਸਲਾਂ ਬਾਰੇ ਸਰਵੋਤਮ ਕੇਂਦਰ ਦੇ ਇਨਾਮ ਪੀ ਏ ਯੂ ਦੇ ਹਿੱਸੇ ਆਏ। ਦਾਲਾਂ ਵਿੱਚ ਪੀ ਏ ਯੂ ਨੂੰ ਨੌਂ ਉੱਚ-ਉਪਜ ਦੇਣ ਵਾਲੀਆਂ ਕਿਸਮਾਂ ਵਿਕਸਤ ਕਰਨ ਅਤੇ ਮੁੱਖ ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀਆਂ ਦੀ ਸਿਫ਼ਾਰਸ਼ ਕਰਨ ਲਈ ਸਰਵੋਤਮ ਕੇਂਦਰ ਪੁਰਸਕਾਰ ਪ੍ਰਾਪਤ ਹੋਇਆ। ਯੂਨੀਵਰਸਿਟੀ ਨੇ ਬੀਜ ਤਕਨਾਲੋਜੀ ਅਧੀਨ ਸਰਵੋਤਮ ਕੇਂਦਰ ਪੁਰਸਕਾਰ ਵੀ ਪ੍ਰਾਪਤ ਕੀਤਾ। ਇਹ ਇਨਾਮ ਯੂਨੀਵਰਸਿਟੀ ਦੀ ਉੱਚਤਾ ਦੇ ਪ੍ਰਮਾਣ ਦੀ ਗਵਾਹੀ ਦਿੰਦੇ ਹਨ।
2025 ਵਿੱਚ, ਪੀ ਏ ਯੂ  ਨੇ ਅਨਾਜ, ਦਾਲਾਂ, ਤੇਲ ਬੀਜਾਂ, ਸਬਜ਼ੀਆਂ, ਫਲਾਂ ਅਤੇ ਸਜਾਵਟੀ ਪੌਦਿਆਂ ਦੀਆਂ 20 ਨਵੀਆਂ ਫਸਲਾਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਜਾਰੀ ਕੀਤੇ। ਇਨ੍ਹਾਂ ਕਿਸਮਾਂ ਵਿਚ ਉੱਚ ਝਾੜ, ਗੁਣਵੱਤਾ ਅਤੇ ਤਣਾਅ ਪ੍ਰਤੀਰੋਧ ਸਮਰੱਥਾ ਉੱਪਰ ਧਿਆਨ ਕੇਂਦ੍ਰਤ ਕੀਤਾ ਗਿਆ। ਮੁੱਖ ਕਿਸਮਾਂ ਵਿੱਚ ਕਣਕ ਦੀਆਂ ਕਿਸਮਾਂ ਪੀਬੀਡਬਲਯੂ 872 ਅਤੇ ਬਿਸਕੁਟ ਉਦਯੋਗ ਲਈ ਪੀਬੀਡਬਲਯੂ ਬਿਸਕੁਟ 1 ਸ਼ਾਮਲ ਸਨ; ਝੋਨੇ ਦੀਆਂ ਪੀਆਰ 132, ਜੋ 111-ਦਿਨ ਵਿਚ ਪੱਕਦੀ ਹੈ, ਘੱਟ ਨਾਈਟ੍ਰੋਜਨ ਦੀ ਲੋੜ ਪੈਂਦੀ ਹੈ ਅਤੇ ਝੁਲਸ ਰੋਗਾਂ ਦੇ ਪ੍ਰਤੀਰੋਧ ਦੇ ਨਾਲ 31.5 ਕੁਇੰਟਲ/ਏਕੜ ਪੈਦਾ ਕਰਦੀ ਹੈ; ਮਾਲਟ ਜੌਂ ਪੀਐਲ 942; ਮੱਕੀ ਹਾਈਬ੍ਰਿਡ ਪੀਐਮਐਚ 17; ਜਵੀ  ਦੀ ਓਐਲ 17, ਗਰਮੀਆਂ ਦੀ ਮੂੰਗੀ ਐਸਐਮਐਲ 2575,  ਰਾਇਆ ਹਾਈਬ੍ਰਿਡ ਪੀਐਚਆਰ 127 ; ਆਲੂ ਪੰਜਾਬ ਆਲੂ 103 ਅਤੇ ਪੰਜਾਬ ਆਲੂ 104 ਤੋਂ ਇਲਾਵਾ ਉੱਚ ਬੀਟਾ-ਕੈਰੋਟੀਨ ਵਾਲੀ ਗਾਜਰ ਪੰਜਾਬ ਸੰਤਰੀ; ਫੁੱਲ ਗੋਭੀ ਪੰਜਾਬ ਮੱਘਰੀ; ਬੈਂਗਣ ਹਾਈਬ੍ਰਿਡ ਪੀਬੀਐਚਐਲ 56; ਫ੍ਰੈਂਚ ਬੀਨਜ਼ ਪੰਜਾਬ ਆਨੰਦ ਅਤੇ ਪੰਜਾਬ ਰੰਗਤ; ਬੀਜ ਰਹਿਤ ਅੰਗੂਰ ਫਲੇਮ; ਅਤੇ ਚਾਰ ਸਜਾਵਟੀ ਕਿਸਮਾਂ ਜਿਨ੍ਹਾਂ ਵਿੱਚ ਨਵੀਂ ਗੁਲਦਾਉਦੀ ਅਤੇ ਗਲੈਡੀਓਲਸ ਕਿਸਮਾਂ ਸ਼ਾਮਲ ਹਨ।
ਇੱਕ ਮੁੱਖ ਪਹਿਲਕਦਮੀ ਪੀ ਏ ਯੂ ਦੇ ਸਾਬਕਾ ਵਿਦਿਆਰਥੀਆਂ, ਸਾਬਕਾ ਫੈਕਲਟੀ ਅਤੇ ਲੰਬੇ ਸਮੇਂ ਦੇ ਸਹਿਯੋਗੀਆਂ ਤੋਂ ਲਏ ਗਏ 22 ਆਨਰੇਰੀ ਵਿਜ਼ਿਟਿੰਗ ਪ੍ਰੋਫੈਸਰਾਂ ਦੀ ਨਿਯੁਕਤੀ ਸੀ, ਜਿਨ੍ਹਾਂ ਵਿੱਚ ਵਿਸ਼ਵ ਭੋਜਨ ਪੁਰਸਕਾਰ ਜੇਤੂ, ਡਾ. ਜੀ.ਐਸ. ਖੁਸ਼ (ਯੂ.ਸੀ. ਡੇਵਿਸ), ਡਾ. ਰਤਨ ਲਾਲ (ਓਹੀਓ ਸਟੇਟ ਯੂਨੀਵਰਸਿਟੀ) ਅਤੇ ਡਾ. ਐਸ.ਕੇ. ਵਾਸਲ ਸ਼ਾਮਲ ਸਨ, ਨਾਲ ਹੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਅਤੇ ਮੈਕਸੀਕੋ ਦੇ ਸੰਸਥਾਵਾਂ ਦੇ ਪ੍ਰਮੁੱਖ ਵਿਗਿਆਨੀਆਂ ਦਾ ਵੀ ਸ਼ਾਮਲ ਸੀ।
ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ ਅਗਵਾਈ ਵਿੱਚ ਗ੍ਰੀਨ ਕਲਾਈਮੇਟ ਫੰਡ ਤਿਆਰੀ ਪ੍ਰੋਜੈਕਟ ਦੇ ਹਿੱਸੇ ਵਜੋਂ ਐੱਫ ਏ ਓ ਇੰਡੀਆ ਦੇ ਉੱਚ-ਪੱਧਰੀ ਵਫ਼ਦ ਨੇ ਪੰਜਾਬ ਰਾਜ ਲਈ ਜਲਵਾਯੂ ਲਚਕੀਲਾ ਖੇਤੀਬਾੜੀ ਨਿਵੇਸ਼ ਯੋਜਨਾ ਦੇ ਵਿਕਾਸ ਲਈ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰਨ ਲਈ ਪੀ ਏ ਯੂ ਦਾ ਦੌਰਾ ਕੀਤਾ। ਚੰਡੀਗੜ੍ਹ ਦੀ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਕੈਰੋਲੀਨ ਰੋਵੇਟ ਨੇ ਖੇਤੀਬਾੜੀ, ਖਾਸ ਕਰਕੇ ਬਾਗਬਾਨੀ, ਵਾਢੀ ਤੋਂ ਬਾਅਦ ਪ੍ਰਬੰਧਨ, ਅਤੇ ਕੋਲਡ ਚੇਨ ਲਈ ਬੁਨਿਆਦੀ ਢਾਂਚੇ ਵਿੱਚ ਆਪਸੀ ਸਹਿਯੋਗ ਦੇ ਖੇਤਰਾਂ ਦੀ ਪੜਚੋਲ ਕਰਨ ਲਈ ਪੀਏਯੂ ਦਾ ਦੌਰਾ ਕੀਤਾ। ਖੇਤੀਬਾੜੀ ਅਤੇ ਤਕਨਾਲੋਜੀ ਦੇ ਖੇਤਰਾਂ ਨੂੰ ਜੋੜਨ ਲਈ ਨਵਾਂ ਅਧਿਆਇ ਆਰੰਭ ਕਰਦਿਆਂ, ਪੀਏਯੂ ਅਤੇ ਬਿਰਲਾ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ ਪਿਲਾਨੀ ਨੇ ਸਮਝੌਤੇ ‘ਤੇ ਹਸਤਾਖਰ ਕੀਤੇ ਜੋ ਸੂਖਮ ਖੇਤੀਬਾੜੀ, ਅੰਕੜਾ ਵਿਸ਼ਲੇਸ਼ਣ, ਇੰਟਰਨੈੱਟ ਆਫ਼ ਥਿੰਗਜ਼, ਭੂ-ਸਥਾਨਕ ਵਿਗਿਆਨ, ਅਤੇ ਸਾਂਝੇ ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਸਹਿਯੋਗੀ ਉੱਦਮਾਂ ਲਈ ਅਹਿਮ ਕਦਮ ਸਾਬਿਤ ਹੋਣਗੇ।
ਫਲੋਰੀਡਾ ਯੂਨੀਵਰਸਿਟੀ ਅਮਰੀਕਾ ਦੇ ਡੈਲੀਗੇਟਾਂ ਨੇ ਖੋਜ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਪੀਏਯੂ ਦਾ ਦੌਰਾ ਕੀਤਾ। ਪੀਏਯੂ ਨੇ ਦੱਖਣੀ ਏਸ਼ੀਆ ਲਈ ਬੋਰਲੌਗ ਇੰਸਟੀਚਿਊਟ ਨਾਲ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕੀਤਾ, ਜਿਸ ਵਿੱਚ ਵਾਤਾਵਰਨ ਪੱਖੀ ਮੱਕੀ ਅਤੇ ਕਣਕ ਦੇ ਸਹਿਯੋਗੀ ਪ੍ਰਜਨਨ ‘ਤੇ ਧਿਆਨ ਕੇਂਦਰਿਤ ਕਰਨ ਦੀ ਸੰਭਾਵਨਾ ਹੈ, ਜਿਸ ਵਿੱਚ ਗਰਮੀ ਦੇ ਤਣਾਅ ਸਮਰੱਥ, ਨਾਈਟ੍ਰੋਜਨ ਪੱਖੋਂ ਕੁਸ਼ਲ, ਸੇਮ ਪ੍ਰਤੀ ਸਹਿਣਸ਼ੀਲਤਾ ਅਤੇ ਵਾਢੀ ਤੋਂ ਬਾਅਦ ਦੀ ਸੰਭਾਲ ਬਾਰੇ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਸਾਂਝੇ ਵਰਕਸ਼ਾਪਾਂ ਦੀਆਂ ਯੋਜਨਾਵਾਂ ਹਨ।
ਵਿਦਿਆਰਥੀ ਜੀਵਨ, ਕੈਂਪਸ ਸੱਭਿਆਚਾਰ ਅਤੇ ਸੰਪੂਰਨ ਵਿਕਾਸ
ਪੀਏਯੂ ਨੇ ਦੀਕਸ਼ਾਰੰਭ ਰਾਹੀਂ ਅਕਾਦਮਿਕ ਪ੍ਰੇਰਨਾ ਅਤੇ ਵਿਦਿਆਰਥੀ ਭਲਾਈ ਦੀ ਸ਼ੁਰੂਆਤ ਕੀਤੀ । ਇਸ ਓਰੀਐਂਟੇਸ਼ਨ ਪ੍ਰੋਗਰਾਮ ਨੇ ਨਵੇਂ ਵਿਦਿਆਰਥੀਆਂ ਨੂੰ ਅਕਾਦਮਿਕ ਜੀਵਨ, ਪਸਾਰ ਕਾਰਜ, ਭਲਾਈ ਸੇਵਾਵਾਂ, ਆਚਰਣ ਨਿਯਮਾਂ ਅਤੇ ਅਨੁਭਵੀ ਸਿੱਖਿਆ ਨਾਲ ਜਾਣੂ ਕਰਵਾਇਆ।
ਸਲਾਨਾ ਅੰਤਰ-ਕਾਲਜ ਯੁਵਕ ਮੇਲੇ ਵਿੱਚ ਸੰਗੀਤ, ਨਾਚ, ਥੀਏਟਰ, ਲਲਿਤ ਕਲਾ, ਸਾਹਿਤ ਅਤੇ ਰਵਾਇਤੀ ਪੰਜਾਬੀ ਕਲਾਵਾਂ  ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਪੇਂਡੂ ਅਤੇ ਸੱਭਿਆਚਾਰਕ ਵਿਰਾਸਤ ‘ਤੇ ਜ਼ੋਰ ਦਿੱਤਾ ਗਿਆ। ਪੀਏਯੂ ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਉਤਸਵ ਵਿੱਚ ਕਈ ਇਨਾਮ ਵੀ ਜਿੱਤੇ, ਜਿਸ ਨਾਲ ਯੂਨੀਵਰਸਿਟੀ ਦੀ ਸੱਭਿਆਚਾਰਕ ਸਥਿਤੀ ਨੂੰ ਮਜ਼ਬੂਤੀ ਮਿਲੀ।
ਪੀਏਯੂ ਦੇ ਨੌਂ ਵਿਦਿਆਰਥੀਆਂ ਨੇ 2025 ਵਿੱਚ ਪ੍ਰਧਾਨ ਮੰਤਰੀ ਡਾਕਟਰੇਟ ਫੈਲੋਸ਼ਿਪ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਡੀਐਸਟੀ-ਇਨਸਪਾਇਰ, ਸੀਐਸਆਈਆਰ ਐਸਆਰਐਫ, ਆਈਸੀਏਆਰ ਜੇਆਰਐਫ ਅਤੇ ਐਸਆਰਐਫ ਰੈਂਕ ਅਤੇ ਜਵਾਹਰ ਲਾਲ ਨਹਿਰੂ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਮਾਣ ਵਧਾਇਆ, ਨਾਲ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿਚ ਕਈ ਵਿਸ਼ਿਆਂ ਵਿੱਚ ਸਰਵੋਤਮ ਥੀਸਿਸ ਅਤੇ ਪੇਪਰ ਪੇਸ਼ਕਾਰੀ ਪੁਰਸਕਾਰ ਪ੍ਰਾਪਤ ਕੀਤੇ ਗਏ। ਕਈ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਖੋਜ ਅਹੁਦੇ ਪ੍ਰਾਪਤ ਕੀਤੇ ਅਤੇ ਪ੍ਰਮੁੱਖ ਵਿਸ਼ਵ ਯੂਨੀਵਰਸਿਟੀਆਂ ਵਿੱਚ ਦਾਖਲੇ ਪ੍ਰਾਪਤ ਕੀਤੇ।
ਪੀ ਏ ਯੂ ਨੇ ਰਾਸ਼ਟਰੀ ਪੱਧਰ ਦੀ ਖੇਤੀ ਮੁਹਾਰਤ ਨੂੰ ਪੰਜਾਬ ਦੇ ਕਿਸਾਨਾਂ ਤਕ ਪੁਚਾਉਣ ਲਈ ਅਨੇਕ ਸਿਖਲਾਈ ਸਹੂਲਤਾਂ ਨੂੰ ਨਵਿਆਇਆ। ਬਿਜ਼ਨਸ ਸਟੱਡੀਜ਼ ਸਕੂਲ, ਪੰਜਾਬ ਐਗਰੀ-ਬਿਜ਼ਨਸ ਇਨਕਿਊਬੇਟਰ, ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਐਗਰੋ-ਪ੍ਰੋਸੈਸਿੰਗ ਯੂਨਿਟਾਂ ਨੇ ਸਿਖਲਾਈ ਸਹੂਲਤਾਂ ਰਾਹੀਂ ਉੱਦਮਤਾ ਨੂੰ ਮਜ਼ਬੂਤ ​​ਕੀਤਾ ਗਿਆ।
ਖੇਡਾਂ ਅਤੇ ਤੰਦਰੁਸਤੀ ਨੂੰ ਅੱਪਗ੍ਰੇਡ ਕੀਤੇ ਬੁਨਿਆਦੀ ਢਾਂਚੇ ਅਤੇ ਸਾਬਕਾ ਵਿਦਿਆਰਥੀਆਂ ਦੀ ਸ਼ਮੂਲੀਅਤ ਦੁਆਰਾ ਸਮਰਥਨ ਦਿੱਤਾ ਗਿਆ, ਜਿਸ ਨੂੰ ਪੀਏਯੂ ਦੇ ਸਾਬਕਾ ਵਿਦਿਆਰਥੀ ਡਾ. ਮਨਜੀਤ ਸਿੰਘ ਚੀਨਣ ਅਤੇ ਡਾ. ਲਤਾ ਮਹਾਜਨ ਚੀਨਣ ਨਾਲ ਸੰਵਾਦ ਰਚਾਏ ਗਏ।
ਵਿਦਿਆਰਥੀਆਂ ਨੇ ਫਸਲਾਂ ਦੀ ਰਹਿੰਦ-ਖੂੰਹਦ ਸੰਭਾਲ ਮੁਹਿੰਮਾਂ,  ਅਜਾਇਬ ਘਰ ਦੇ ਦੌਰੇ ਅਤੇ ਜਨਤਕ ਪ੍ਰਦਰਸ਼ਨੀਆਂ ਵਿੱਚ ਵੀ ਹਿੱਸਾ ਲਿਆ। ਸਲਾਨਾ ਗੁਲਦਾਉਦੀ ਸ਼ੋਅ ਅਤੇ ਫਲਾਵਰ ਸ਼ੋਅ ਕੈਂਪਸ ਦੀ ਛਬੀ ਨਿਖਾਰਨ ਦੀ ਸਾਰਥਕ ਕੋਸ਼ਿਸ਼ ਵਜੋਂ ਸਾਕਾਰ ਹੋਏ।
ਪਸਾਰ ਕਾਰਜਾਂ ਦੇ ਸਿਲਸਿਲੇ ਵਜੋਂ ਪੀਏਯੂ ਨੇ ਕੇਵੀਕੇ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰ ਦੀ ਸਰਗਰਮ ਸ਼ਮੂਲੀਅਤ ਨਾਲ ਕਿਸਾਨ ਮੇਲੇ, ਕਿਸਾਨ ਸਿਖਲਾਈ, ਪ੍ਰਦਰਸ਼ਨ ਅਤੇ ਖੇਤ ਦਿਵਸ ਆਯੋਜਿਤ ਕੀਤੇ। ਇਹ ਯਤਨ ਫਸਲ ਵਿਭਿੰਨਤਾ, ਵਾਤਾਵਰਨ ਪੱਖੀ ਖੇਤੀਬਾੜੀ, ਖੇਤੀਬਾੜੀ-ਉੱਦਮ ਅਤੇ ਮੁੱਲ ਵਾਧੇ ‘ਤੇ ਕੇਂਦ੍ਰਿਤ ਰਹੇ। ਇਸ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਦੇਣ ਵਿਚ ਪੀਏਯੂ ਦੀ ਭੂਮਿਕਾ ਨੂੰ ਮਜ਼ਬੂਤ ​ਹੋਈ।
ਕੇਵੀਕੇ ਪਟਿਆਲਾ ਵਿਖੇ ਵਿਕਾਸ ਕ੍ਰਿਸ਼ੀ ਸੰਕਲਪ ਅਭਿਆਨ – ਖਰੀਫ 2025 ਦੌਰਾਨ, ਕੇਂਦਰੀ ਖੇਤੀਬਾੜੀ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੀਏਯੂ ਦੁਆਰਾ ਵਿਕਸਤ ਕੀਤੇ ਦੋ-ਪਹੀਆ ਝੋਨਾ ਟ੍ਰਾਂਸਪਲਾਂਟਰ ਨੂੰ ਰਿਮੋਟਲ ਨਾਲ ਚਲਾ ਕੇ ਇਸਦੇ ਸੈਂਸਰ-ਅਧਾਰਤ ਆਟੋਮੇਸ਼ਨ ਅਤੇ ਕਿਸਾਨ-ਅਨੁਕੂਲ ਡਿਜ਼ਾਈਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਖੇਤਰ ਵਿੱਚ ਝੋਨੇ ਦੀ ਸਿੱਧੀ ਬਿਜਾਈ  ਦੀ ਵਿਧੀ ਨੂੰ ਵੀ ਦੇਖਿਆ।
ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਰਾਲੀ ਸਾੜਨ ਤੋਂ ਮੁਕਤੀ ਦੇ ਪ੍ਰਮਾਣ ਵਜੋਂ ਮੋਗਾ ਦੇ ਰਣਸੀਹ ਕਲਾਂ ਪਿੰਡ ਦੇ ਖੇਤ ਦੌਰੇ ਦੌਰਾਨ, ਕੇਂਦਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿੰਡ ਦੇ ਲਗਾਤਾਰ ਛੇ ਸਾਲਾਂ ਤੱਕ ਪਰਾਲੀ ਨਾ ਸਾੜਨ ਦੀ ਸ਼ਲਾਘਾ ਕੀਤੀ ਅਤੇ ਪੀਏਯੂ ਦੇ ਨਿਰੰਤਰ ਪਸਾਰ ਯਤਨਾਂ ਨੂੰ ਸਵੀਕਾਰ ਕੀਤਾ। ਪੀਏਯੂ ਦੇ ਵਿਗਿਆਨੀਆਂ ਅਤੇ ਕੇਵੀਕੇ ਬੁੱਧ ਸਿੰਘ ਵਾਲਾ ਨੇ ਹੈਪੀ ਸੀਡਰ, ਮਲਚਿੰਗ ਅਤੇ ਇਨ-ਸੀਟੂ ਇਨਕਾਰਪੋਰੇਸ਼ਨ ਵਰਗੀਆਂ ਪਰਾਲੀ ਪ੍ਰਬੰਧਨ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਕਣਕ, ਆਲੂ ਅਤੇ ਮਟਰਾਂ ਦੀ ਸਮੇਂ ਸਿਰ ਬਿਜਾਈ ਸੰਭਵ ਹੋ ਸਕੀ।
ਹੜ੍ਹਾਂ ਤੋਂ ਬਾਅਦ ਪੀਏਯੂ ਨੇ ਪ੍ਰਭਾਵਿਤ ਇਲਾਕਿਆਂ ਵਿਚ ਬੀਜ ਸਹਾਇਤਾ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਤਹਿਤ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਪਟਿਆਲਾ ਵਿੱਚ ਸੁਧਰੇ ਹੋਏ ਕਣਕ ਦੇ ਬੀਜ (ਪੀਬੀਡਬਲਯੂ 826, ਪੀਬੀਡਬਲਯੂ 725, ਪੀਬੀਡਬਲਯੂ 869, ਪੀਬੀਡਬਲਯੂ 766, ਪੀਬੀਡਬਲਯੂ 677, ਪੀਬੀਡਬਲਯੂ 824 ਅਤੇ ਪੀਬੀਡਬਲਯੂ ਜ਼ਿੰਕ 2) ਅਤੇ  ਕਨੋਲਾ ਗੋਭੀ ਸਰੋਂ (ਜੀਐਸਸੀ-7) ਦੀ ਵੰਡ ਕੀਤੀ ਗਈ।
ਕੁੱਲ ਮਿਲਾ ਕੇ 2025 ਦਾ ਵਰ੍ਹਾ ਪੀਏਯੂ ਵਲੋਂ ਕੀਤੀ ਖੋਜ, ਕਿਸਾਨ ਆਧਾਰਿਤ ਪਸਾਰ ਸੇਵਾਵਾਂ ਅਤੇ ਸੰਕਟ ਸਮੇਂ ਕਿਸਾਨੀ ਦੇ ਸਹਿਯੋਗ ਦੇ ਨਾਲ ਨਾਲ ਸੂਖਮ ਅਤੇ ਤਕਨੀਕੀ ਖੇਤੀ ਲਈ ਕੀਤੇ ਯਤਨਾਂ ਵਜੋਂ ਜਾਣਿਆ ਜਾਵੇਗਾ। ਇਤਿਹਾਸ ਇਹ ਵੀ ਯਾਦ ਕਰੇਗਾ ਕਿ ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ ਸੰਸਥਾ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਰਵੋਤਮ ਸੰਸਥਾਵਾਂ ਵਿਚ ਸ਼ਮੂਲੀਅਤ ਦਾ ਸੁਭਾਗ ਮਿਲਿਆ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਸਮੂਹ ਦੇਸ਼ ਵਾਸੀਆਂ ਅਤੇ ਕਿਸਾਨਾਂ ਦੇ ਨਾਲ ਨਾਲ ਯੂਨੀਵਰਸਿਟੀ ਕਰਮਚਾਰੀਆਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ।