ਕੈਂਪਾਂ ਦੀ ਲਗਾਤਾਰ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਫੁੰਮਣਵਾਲ ਵਿਖੇ ਘਰੇਲੂ ਬਗੀਚੀ ਵਿੱਚ ਸਬਜੀਆਂ ਦੀ ਕਾਸ਼ਤ ਅਤੇ ਕਣਕ ਨੂੰ ਗਰਮੀ ਦੇ ਮਾੜੇ ਪ੍ਰਭਾਵ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ। ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ ਅਤੇ ਇੰਚਾਰਜ ਨੇ ਕਿਸਾਨਾਂ ਨੂੰ ਆਪਣੇ ਘਰ ਖਾਣ ਵਾਲੀ ਸਬਜ਼ੀ ਆਪਣੀ ਹੀ ਘਰੇਲੂ ਬਗੀਚੀ ਵਿੱਚ ਉਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਬਗੈਰ ਖਾਦ ਅਤੇ ਕੀਟਨਾਸ਼ਕਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਵਰਤ ਕੇ ਘਰ ਖਾਣ ਲਈ ਸਬਜ਼ੀ ਉਗਾ ਸਕਦੇ ਹਨ। ਇਸ ਕਿੱਟ ਵਿੱਚ 12 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ, ਚੱਪਣ ਕੱਦੂ ਆਦਿ ਹੁੰਦੇ ਹਨ। ਇਹ ਕਿੱਟ ਕੇਵਲ 100 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਦਫ਼ਤਰ ਤੋਂ ਖਰੀਦੀ ਜਾ ਸਕਦੀ ਹੈ।
ਡਾ. ਗਰਗ ਨੇ ਆਉਣ ਵਾਲੇ ਸਮੇਂ ਵਿੱਚ ਵਧ ਰਹੀ ਗਰਮੀ ਤੋਂ ਬਚਾਅ ਲਈ ਕਣਕ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੇ 2% ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਾਰਚ ਮਹੀਨੇ ਵਿੱਚ ਯੂਨੀਵਰਸਿਟੀ ਦੁਆਰਾ ਲਗਾਏ ਜਾ ਰਹੇ ਮੇਲਿਆਂ ਸਬੰਧੀ ਵੀ ਸੂਚਨਾ ਦਿੱਤੀ। ਮਿੱਟੀ ਅਤੇ ਪਾਣੀ ਪਰਖ ਦੇ ਨਮੂਨੇ ਲੈਣ ਦੇ ਢੰਗ, ਹਰੀ ਖਾਦ, ਮੂੰਗੀ ਦੀ ਕਾਸ਼ਤ, ਪਸ਼ੂਆਂ ਲਈ ਧਾਤਾਂ ਦੇ ਚੂਰੇ, ਪ੍ਰੀਮਿਕਸ ਆਦਿ ਬਾਰੇ ਵੀ ਚਰਚਾ ਹੋਈ। ਅੰਤ ਵਿੱਚ ਕਿਸਾਨਾਂ ਵਲੋਂ ਪੁੱਛੇ ਗਏ ਸਵਾਲ ਜਿਵੇਂ ਸਲਫਰ ਅਤੇ ਬੋਰੋਨ ਤੱਤ ਦੀ ਮਹੱਤਤਾ, ਗੁੱਲੀ ਡੰਡੇ ਦੀ ਰੋਕਥਾਮ ਅਤੇ ਝੋਨੇ ਦੇ ਬੀਜਾਂ ਦੀ ਜਾਣਕਾਰੀ ਵੀ ਦਿੱਤੀ ਗਈ। ਸਬਜ਼ੀਆਂ ਦੀਆਂ ਕਿੱਟਾਂ ਅਤੇ ਧਾਤਾਂ ਦਾ ਚੂਰਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ।
