ਮੱਕੀ ਦੇ ਖੇਤਰ ਵਿਚ ਕੰਮ ਕਰਨ ਵਾਲੇ ਉੱਘੇ ਵਿਗਿਆਨੀ ਡਾ. ਸੁਰਿੰਦਰ ਸੰਧੂ ਨੂੰ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦਾ ਮੁਖੀ ਥਾਪਿਆ ਗਿਆ ਹੈ| ਡਾ. ਸੰਧੂ ਇਸ ਵਿਭਾਗ ਦੀ ਵਾਗਡੋਰ ਸੰਭਾਲਣ ਵਾਲੇ ਪਹਿਲੇ ਔਰਤ ਵਿਗਿਆਨੀ ਬਣੇ|
ਮੂਲ ਰੂਪ ਵਿਚ ਪੰਜਾਬ ਦੇ ਦੁਆਬਾ ਖੇਤਰ ਨਾਲ ਸੰਬੰਧਤ ਡਾ. ਸੰਧੂ ਦਾ ਖੇਤੀ ਵਿਗਿਆਨ ਅਤੇ ਫਸਲ ਵਿਕਾਸ ਦੇ ਖੇਤਰ ਵਿਚ ਤਿੰਨ ਦਹਾਕਿਆਂ ਲੰਮਾਂ ਤਜਰਬਾ ਹੈ| ਉਹਨਾਂ ਨੇ ਵਿਸ਼ੇਸ਼ਤਾ ਸਹਿਤ ਪੀ.ਏ.ਯੂ. ਤੋਂ ਐੱਮ ਐੱਸ ਸੀ ਅਤੇ ਪੀ ਐੱਚ ਡੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਸ਼ੇ ਵਿਚ ਹਾਸਲ ਕੀਤੀ| ਪੀ ਐੱਚ ਡੀ ਖੋਜ ਲਈ 1996 ਵਿਚ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਆਈ ਸੀ ਏ ਆਰ ਪੁਰਸਕਾਰ ਨਾਲ ਸਨਮਾਨਿਆ ਗਿਆ| 1996 ਵਿਚ ਹੀ ਉਹਨਾਂ ਨੇ ਆਪਣਾ ਸਫਰ ਆਲੂ ਖੋਜ ਕੇਂਦਰ ਜਲੰਧਰ ਤੋਂ ਸ਼ੁਰੂ ਕੀਤਾ| 2002 ਵਿਚ ਉਹ ਪੀ.ਏ.ਯੂ. ਵਿਚ ਪਲਾਂਟ ਬਰੀਡਰ ਦੇ ਤੌਰ ਤੇ ਸ਼ਾਮਿਲ ਹੋਏ ਅਤੇ 2009 ਵਿਚ ਮੁੱਖ ਬਰੀਡਰ ਵਜੋਂ ਪਦਉੱਨਤ ਹੋਏ| ਉਹਨਾਂ ਨੇ ਆਪਣੇ ਖੋਜ ਸਫਰ ਦੌਰਾਨ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਜਾਰੀ ਹੋਈਆਂ ਦਸ ਕਿਸਮਾਂ ਸਮੇਤ 31 ਫ਼ਸਲਾਂ ਦੀਆਂ ਕਿਸਮਾਂ ਦੇ ਵਿਕਾਸ ਵਿਚ ਯੋਗਦਾਨ ਦਰਜ ਕਰਵਾਇਆ| ਨਾਲ ਹੀ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਅਤੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਵਿਸ਼ੇਸ਼ ਯਤਨ ਕੀਤੇ|
ਡਾ. ਸੰਧੂ ਨੇ 2007-08 ਦੌਰਾਨ ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਵਿਚ ਵਿਜ਼ਟਿੰਗ ਪ੍ਰੋਫੈਸਰ ਦੇ ਤੌਰ ਤੇ ਸੇਵਾ ਨਿਭਾਈ| 2010 ਵਿਚ ਉਹ ਆਸਟਰੇਲੀਆ ਦੀ ਕੁਈਨਜ਼ਲੈਂਡ ਤਕਨਾਲੋਜੀ ਯੂਨੀਵਰਸਿਟੀ ਵਿਖੇ ਪੋਸਟ ਡਾਕਟਰੇਟ ਫੈਲੋ ਅਤੇ ਸਿਮਟ ਮੈਕਸੀਕੋ ਵਿਚ ਵਿਸ਼ਵੀ ਮੱਕੀ ਪ੍ਰੋਗਰਾਮ ਦੇ ਵਿਜ਼ਟਿੰਗ ਵਿਗਿਆਨੀ ਵਜੋਂ ਵੀ ਕਾਰਜਸ਼ੀਲ ਰਹੇ|
ਪੂਰੀ ਤਰ੍ਹਾਂ ਨਾਲ ਪ੍ਰਾਯੋਜਿਤ 17 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹਿਣ ਵਾਲੇ ਡਾ. ਸੰਧੂ ਨੇ 145 ਖੋਜ ਪ੍ਰਕਾਸ਼ਨਾਵਾਂ ਦਿੱਤੀਆਂ| ਨਾਲ ਹੀ ਉਹਨਾਂ ਨੇ 12 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਅਗਵਾਈ ਕੀਤੀ| ਉਹਨਾਂ ਨੂੰ 2010-11 ਵਿਚ ਪੀ.ਏ.ਯੂ. ਦੇ ਸਰਵੋਤਮ ਅਧਿਆਪਕ ਪੁਰਸਕਾਰ, 2023 ਵਿਚ ਉੱਘੇ ਵਿਗਿਆਨੀ ਪੁਰਸਕਾਰ ਅਤੇ 2024 ਵਿਚ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਬਾਰੇ ਭਾਰਤੀ ਸੁਸਾਇਟੀ ਦੇ ਫੈਲੋ ਤੋਂ ਇਲਾਵਾ 2012 ਵਿਚ ਗੰਨਾ ਤਕਨਾਲੋਜੀਆਂ ਬਾਰੇ ਭਾਰਤੀ ਐਸੋਸੀਏਸ਼ਨ ਦੇ ਫੈਲੋ ਵਜੋਂ ਸਨਮਾਨਿਤ ਕੀਤਾ ਗਿਆ|
ਉਹਨਾਂ ਦੀ ਅਗਵਾਈ ਵਿਚ ਪੀ.ਏ.ਯੂ. ਦੇ ਮੱਕੀ ਖੋਜ ਕੇਂਦਰ ਨੇ 2019 ਵਿਚ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦਾ ਚੌਧਰੀ ਦੇਵੀ ਲਾਲ ਪੁਰਕਸਾਰ ਅਤੇ 2020 ਵਿਚ ਮੱਕੀ ਬਰੀਡਿੰਗ ਅਤੇ ਹਾਈਬ੍ਰਿਡ ਵਿਕਾਸ ਲਈ ਵਿਸ਼ੇਸ਼ਤਾ ਕੇਂਦਰ ਪੁਰਸਕਾਰ ਜਿੱਤੇ|
ਉਹ ਬਹੁਤ ਸਾਰੀਆਂ ਅਕਾਦਮਿਕ ਸੁਸਾਇਟੀਆਂ ਦੇ ਮੈਂਬਰ ਰਹੇ| ਨਾਲ ਹੀ ਉਹਨਾਂ ਨੇ ਆਈ ਸੀ ਏ ਆਰ ਦੀਆਂ ਕਈ ਟੀਮਾਂ ਵਿਚ ਵੱਖ-ਵੱਖ ਜ਼ਿੰਮੇਵਾਰੀਆਂ ਵੀ ਨਿਭਾਈਆਂ|
ਅਕਾਦਮਿਕ ਤੌਰ ਤੇ ਵਿਸ਼ੇ ਨਾਲ ਸੰਬੰਧਤ ਸੇਵਾ ਨਿਭਾਉਣ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਦੇ ਆਯੋਜਕ ਅਤੇ ਫਸਲ ਵਿਕਾਸ ਰਸਾਲੇ ਦੇ ਸੰਪਾਦਕ ਤੋਂ ਇਲਾਵਾ ਕਈ ਕਿਤਾਬਾਂ ਦੇ ਸੰਪਾਦਨ ਨਾਲ ਵੀ ਜੁੜੇ ਰਹੇ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ,ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਸਫਲਤਾ ਦੀ ਕਾਮਨਾ ਕੀਤੀ|
