ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਏਪੀਡਾ ਦੇ ਸਹਿਯੋਗ ਨਾਲ “ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ” ਸਬੰਧੀ ਜਾਗਰੂਕਤਾ ਕੈਂਪ” ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਿਲ੍ਹੇ ਦੇ 68 ਅਗਾਂਹਵਧੂ ਕਿਸਾਨਾਂ ਨੇ ਸ਼ਿਰਕਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਕਰਮਜੀਤ ਸ਼ਰਮਾ ਨੇ ਭਾਗ ਲੈਣ ਵਾਲੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਬਾਸਮਤੀ ਵਿੱਚ ਖੇਤੀ ਰਸਾਾਇਣਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ, ਡਾ. ਪ੍ਰਮੋਦ ਕੁਮਾਰ ਤੋਮਰ, ਵਿਗਿਆਨੀ, ਏਪੀਡਾ ਨੇ ਬਾਸਮਤੀ ਦੀ ਫ਼ਸਲ ਵਿੱਚ ਖੇਤੀ ਰਸਾਇਣਾਂ ਦੀ ਰਹਿੰਦ-ਖੂੰਹਦ ਅਤੇ ਇਸ ਨਾਲ ਸਬੰਧਤ ਮਨੁੱਖੀ ਅਤੇ ਵਾਤਾਵਰਨ ਤੇ ਪ੍ਰਭਾਵਾਂ ਦਾ ਤਕਨੀਕੀ ਪੱਖ ਪੇਸ਼ ਕੀਤਾ। ਉਹਨਾਂ ਨੇ ਬਾਸਤਮੀ ਦੀ ਫ਼ਸਲ ਉੱਪਰ ਕੁਝ ਖਾਸ ਖੇਤੀ ਰਸਾਇਣਾਂ ਦੀ ਵਰਤੋਂ ਤੇ ਲਗਾਈ ਪਾਬੰਦੀ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਇਹਨਾਂ ਨੇ ਪਾਬੰਦੀਸ਼ੁੁਦਾ ਖੇਤੀ ਰਸਾਇਣਾਂ ਦੇ ਬਦਲਵੇਂ ਹੱਲ ਅਤੇ ਸਰਵਪੱਖੀ ਕੀਟ ਅਤੇ ਬਿਮਾਰੀ ਪ੍ਰਬੰਧਨ ਬਾਰੇ ਸੰਪੂਰਨ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਬਾਸਮਤੀ ਵਿੱਚ ਸਰਵਪੱਖੀ ਨਦੀਨ ਅਤੇ ਖੁਰਾਕੀ ਤੱਤ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱੱਤੀ। ਡਾ. ਸੁਖਜਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਫ਼ਲਾਂ ਅਤੇ ਸਬਜੀਆਂ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫ਼ੈਸਰ (ਪਸ਼ੂ ਵਿਗਿਆਨ) ਨੇ ਪਸ਼ੂਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਅਤੇ ਚਿੱਚੜਾਂ ਦੀ ਰੋਕਥਾਮ ਲਈ ਦਵਾਈਆਂ ਦੀ ਯੋਗ ਵਰਤੋਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਕਿਸਾਨਾਂ ਨੂੰ ਬਾਸਮਤੀ ਵਿੱਚ ਖੇਤੀ ਰਸਾਇਣਾਂ ਦੀ ਸੁਚੱਜੀ ਵਰਤੋਂ ਸਬੰਧੀ ਸਾਹਿਤ ਵੀ ਵੰਡਿਆ ਗਿਆ। ਕੈਂਪ ਦੇ ਅਖੀਰ ਵਿੱਚ ਸ੍ਰੀਮਤੀ ਚਰਨਜੀਤ ਕੌਰ, ਡੈਮੋਸਟ੍ਰੇਟਰ, ਗ੍ਰਹਿ ਵਿਗਿਆਨ ਨੁੇ ਆਏ ਹੋਏ ਕਿਸਾਨਾਂ ਦਾ ਅਤੇ ਡਾ. ਪ੍ਰਮੋਦ ਕੁਮਾਰ ਤੋਮਰ ਦਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਕਿਸਾਨਾਂ ਵੱਲੋਂ ਬਾਸਮਤੀ ਦੀ ਕਾਸ਼ਤ ਸਬੰਧੀ ਕੀਤੇ ਗਏ ਸਵਾਲਾਂ ਦੇ ਮੌਕੇ ਤੇ ਜਵਾਬ ਦਿੱਤੇ ਗਏ।
