ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ 15 ਤੋਂ 21 ਜਨਵਰੀ, 2026 ਨੂੰ ਆਪਣੇ ਕੇ.ਵੀ.ਕੇ. ਵਿੱਚ ” ਸ਼ਹਿਦ ਮੱਖੀ ਪਾਲਣ ” ਤੇ ਇੱਕ ਹਫਤੇ ਦਾ ਸਿਖਲਾਈ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਅਤੇ ਇਸਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਸ਼ਹਿਦ ਮੱਖੀ ਪਾਲਣ ਦੀ ਵੱਧ ਰਹੀ ਮਹੱਤਤਾ ਅਤੇ ਲਾਭਾਂ ਪ੍ਰਤੀ ਜਾਣੂ ਕਰਵਾਉਣਾ ਸੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 40 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ, ਜੋ ਖੇਤੀ ਅਧਾਰਿਤ ਧੰਦਿਆਂ ਬਾਰੇ ਜਾਣਕਾਰੀ ਲੈਣ ਲਈ ਇਕੱਠੇ ਹੋਏ ਸਨ।
ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ, ਕੇਵੀਕੇ ਲੰਗੜੋਆ ਨੇ ਸਾਰੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਵਿਚਆਉਣ ਵਾਲੀਆਂ ਵਾਤਾਵਰਣ ਅਤੇ ਆਰਥਿਕ ਚੁਣੌਤੀਆਂ ਦੇ ਮੱਦੇਨਜ਼ਰ ਸ਼ਹਿਦ ਮੱਖੀ ਪਾਲਣ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਸ਼ਹਿਦ ਮੱਖੀਆਂ ਦੀਆਂ ਕਿਸਮਾਂ, ਜੀਵਨ ਚੱਕਰ, ਮੌਸਮੀ ਸਾਂਭ ਸੰਭਾਲ, ਵਿਭਿੰਨਤਾ, ਦੁਸ਼ਮਣ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਨਾਲ ਨਾਲ ਪ੍ਰਪਰਾਗਣ ਰਾਹੀਂ ਪੌਦਿਆਂ ਦਾ ਝਾੜ ਵਧਾਉਣ ਵਿੱਚ ਮੱਖੀਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਣਕਾਰੀ ਦਿੱਤੀ।
ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ, ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਸਬਜ਼ੀਆਂ ਦੀ ਕਾਸ਼ਤ ਦੇ ਮੁੱਖ ਸਿਧਾਂਤਾਂ ਅਤੇ ਸ਼ਹਿਦ ਮੱਖੀਆਂ ਦੇ ਯੋਗਦਾਨ ਬਾਰੇ ਸੁਝਾਅ ਦਿੱਤੇ। ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਸ਼ਹਿਦ ਅਤੇ ਮੱਖੀਆਂ ਤੋਂ ਮਿਲਣ ਵਾਲੇ ਹੋਰ ਪਦਾਰਥ ਤੋਂ ਵੱਖ ਵੱਖ ਉਤਪਾਦ ਬਣਾ ਕੇ ਵਧੇਰੇ ਮੁਨਾਫਾ ਕਮਾਉਣ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਦੁਆਰਾ ਦਿੱਤੇ ਧੰਨਵਾਦ ਦੇ ਨਾਲ ਖਤਮ ਹੋਇਆ, ਜਿਨ੍ਹਾਂ ਨੇ ਸਿਖਲਾਈ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੀ ਡੂੰਘੀ ਦਿਲਚਸਪੀ ਅਤੇ ਉਤਸ਼ਾਹੀ ਸ਼ਮੂਲੀਅਤ ਲਈ ਪ੍ਰਸ਼ੰਸਾ ਕੀਤੀ। ਇਸ ਸਿਖਲਾਈ ਨੇ ਨਾ ਸਿਰਫ਼ ਕਿਸਾਨਾਂ ਦੇ ਤਕਨੀਕੀ ਗਿਆਨ ਨੂੰ ਮਜ਼ਬੂਤ ਕੀਤਾ ਸਗੋਂ ਉਨ੍ਹਾਂ ਨੂੰ ਇੱਕ ਵਧੀਆ ਸ਼ੋਕ, ਸਿਹਤਮੰਦ ਵਾਤਾਵਰਣ ਅਤੇ ਲਾਹੇਵੰਦ ਧੰਦੇ ਦੇ ਨਲ ਨਲ ਭਵਿੱਖ ਵੱਲ ਇੱਕ ਵਿਹਾਰਕ ਕਦਮ ਵਜੋਂ ਸ਼ਹਿਦ ਮੱਖੀ ਪਾਲਣ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।
