ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਿਖੇ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਇੱਕ-ਰੋਜ਼ਾ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ 30 ਕਿਸਾਨਾਂ ਨੇ ਭਾਗ ਲਿਆ।
ਇਸ ਜਾਗਰੂਕਤਾ ਕੈਂਪ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਬਾਰੇ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਖਾਦਾਂ ਦੀ ਬੇਲੋੜੀ ਜਾਂ ਲੋੜ ਤੋਂ ਜ਼ਿਆਦਾ ਵਰਤੋਂ ਫ਼ਸਲ ਦੇ ਝਾੜ ਉੱਤੇ ਮਾੜਾ ਅਸਰ ਪਾਉਂਦੀ ਹੈ ਅਤੇ ਫ਼ਸਲ ਉੱਤੇ ਕੀੜੇ-ਮਕੋੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ। ਉਹਨਾਂ ਕਿਹਾ ਕਿ ਖਾਦਾਂ ਦੀ ਬੇਲੋੜੀ ਵਰਤੋਂ ਵਾਤਾਵਰਣ ਅਤੇ ਮਿੱਟੀ ਦੀ ਸਿਹਤ ਉੱਤੇ ਵੀ ਮਾੜਾ ਅਸਰ ਪਾਉਂਦੀ ਹੈ ਅਤੇ ਖੇਤੀ ਖਰਚਿਆਂ ਵਿੱਚ ਵੀ ਵਾਧਾ ਹੁੰਦਾ ਹੈ। ਉਹਨਾਂ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ ‘ਤੇ ਹੀ ਖਾਦਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਨੇ ਮਿੱਟੀ ਦੀ ਪਰਖ ਨਹੀਂ ਕਰਵਾਈ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਅਤੇ ਜ਼ਮੀਨ ਦੀ ਕਿਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਕਿਸਾਨ ਵੀਰਾਂ ਨੂੰ ਕਣਕ ਵਿੱਚ ਖਾਦਾਂ ਦੀ ਸਹੀ ਮਾਤਰਾ ਅਤੇ ਖਾਦਾਂ ਪਾਉਣ ਦੇ ਸਹੀ ਸਮੇਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਕਣਕ ਵਿੱਚ ਸਿਫਾਰਿਸ਼ ਕੀਤੀ ਮਾਤਰਾ ਵਿੱਚ ਯੂਰੀਆ ਖਾਦ ਪਾਉਣ ਤੋਂ ਬਾਅਦ ਵੀ ਨਾਈਟ੍ਰੋਜਨ ਦੀ ਘਾਟ ਦੇ ਲਛੱਣ ਨਜ਼ਰ ਆਉਣ ਤਾਂ 3% ਯੂਰੀਆ ਖਾਦ ਦੇ ਘੋਲ (9 ਕਿਲੋ ਯੂਰੀਆ 300 ਲਿਟਰ ਪਾਣੀ) ਦਾ ਦੇ ਪਾਸਾ ਛਿੜਕਾਅ ਕਰੋ। ਉਹਨਾਂ ਕਿਸਾਨਾਂ ਨੂੰ ਕਣਕ ਵਿੱਚ ਮੈਂਗਨੀਜ਼ ਅਤੇ ਗੰਧਕ ਦੀ ਘਾਟ ਦੇ ਲੱਛਣਾਂ ਅਤੇ ਇਹਨਾਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਕਣਕ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੇ ਸਪਰੇਅ ਕਰਨ ਬਾਰੇ ਵੀ ਜਾਗਰੂਕ ਕੀਤਾ। ਅਗਾਂਹਵਧੂ ਜੈਵਿਕ ਖੇਤੀ ਕਿਸਾਨ ਸ ਇਕਬਾਲ ਸਿੰਘ, ਪਿੰਡ ਡਸਕਾ ਨੇ ਕਿਸਾਨਾਂ ਨਾਲ ਆਪਣੇ ਜੈਵਿਕ ਖੇਤੀ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਜੈਵਿਕ ਖੇਤੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਅਤੇ ਸੰਜਮ ਨਾਲ ਵਰਤਣ ਦੀ ਅਪੀਲ ਵੀ ਕੀਤੀ। ਸ. ਮੱਖਣ ਸਿੰਘ, ਪਿੰਡ ਕੈਂਪਰ ਨੇ ਵੀ ਫ਼ਸਲ ਦੀ ਲੋੜ ਅਨੁਸਾਰ ਯੂਰੀਆ ਅਤੇ ਡੀ.ਏ.ਪੀ. ਖਾਦ ਪਾਉਣ ਅਤੇ ਕਣਕ ਉੱਤੇ ਯੂਰੀਆ ਖਾਦ ਦੇ ਛਿੜਕਾਅ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ।
