ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜਿਲਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਮਿਤੀ 23 ਜਨਵਰੀ 2026 ਨੂੰ ਪਾਪਲਰ ਦੀ ਕਾਸ਼ਤ ਸਬੰਧੀ ਸਿਖਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਜਿਲੇ ਦੇ ਵੱਖ-ਵੱਖ ਪਿੰਡਾਂ ਤੋਂ 26 ਕਿਸਾਨਾਂ ਨੇ ਹਿੱਸਾ ਲਿਆ।
ਕੈਂਪ ਦੀ ਸ਼ੁਰੂਆਤ ਵਿੱਚ ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਪਹੁੰਚੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਕਿਸਾਨ ਭਲਾਈ ਸੇਵਾਵਾਂ ਬਾਰੇ ਜਾਣੂੰ ਕਰਵਾਇਆ।
ਡਾ. ਮਨਿੰਦਰ ਸਿੰਘ ਬੋਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਾਪਲਰ ਦੀ ਸਫਲ ਉਪਤਾਦਨ ਦੀਆਂ ਤਕਨੀਕਾਂ, ਪਨੀਰੀ ਪ੍ਰਬੰਧ, ਬੂਟੇ ਲਾਉਣ, ਅੰਤਰ ਖੇਤੀ ਅਤੇ ਕੀਟ ਪ੍ਰਬੰਧ ਸਬੰਧੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣਾ ਸੀ ਜਿਸ ਨਾਲ ਉਹ ਇਸ ਕਿੱਤੇ ਤੌਂ ਪੂਰਾ ਲਾਹਾ ਲੈ ਸਕਣ।
ਡਾ. ਅੰਕੁਰਦੀਪ ਪ੍ਰੀਤੀ, ਸਹਾਇਕ ਪ੍ਰੋਫੈਸਰ (ਖੇਤੀ ਜੰਗਲਾਤ), ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਨੇ ਦੱਸਿਆ ਕਿ ਪਾਪਲਰ ਦੇ ਬੂਟੇ ਜਨਵਰੀ ਤੋਂ ਫਰਵਰੀ ਤੱਕ ਖੇਤ ਵਿੱਚ ਲਗਾਏ ਜਾ ਸਕਦੇ ਹਨ। ਧਿਆਨ ਰੱਖਿਆ ਜਾਵੇ ਕਿ ਜਿਨ੍ਹਾਂ ਬੂਟਿਆਂ ਦੇ ਪੱਤੇ ਪੂੰਗਰ ਚੁੱਕੇ ਹੋਣ, ਉਨ੍ਹਾਂ ਨੂੰ ਖੇਤ ਵਿੱਚ ਨਹੀਂ ਲਗਾਉਣਾ ਚਾਹੀਦਾ। ਬੂਟੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁੁਧਿਆਣਾ ਜਾਂ ਕਿਸੇ ਭਰੋਸੇਮੰਦ ਨਰਸਰੀ ਤੋਂ ਲਏ ਜਾਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾ ਲੈਣਾ ਚਾਹੀਦਾ ਹੈ ਕਿ ਬੂਟੇ ਵੱਡੇ ਦਰਖਤਾਂ ਦੀਆਂ ਟਾਹਣੀਆਂ ਤੋਂ ਨਹੀਂ ਬਲਕਿ ਇੱਕ ਸਾਲ ਦੀ ਪਨੀਰੀ ਤੋਂ ਹੀ ਤਿਆਰ ਕੀਤੇ ਗਏ ਹੋਣ।ਬੂਟਿਆਂ ਨੂੰ ਖੇਤ ਵਿੱਚ ਲਗਾਉਣ ਤੋਂ ਪਹਿਲਾਂ ਇਹਨਾਂ ਦੀਆਂ ਜੜ੍ਹਾਂ ਨੂੰ 48 ਘੰਟਿਆਂ ਲਈ ਚੱਲਦੇ ਤਾਜ਼ੇ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ।ਇਸ ਮੌਕੇ ਡਾ. ਅੰਕੁਰਦੀਪ ਨੇ ਪਾਪਲਰ ਦੇ ਸਿੰਚਾਈ, ਖਾਦ, ਕਾਂਟ-ਸ਼ਾਂਟ, ਬਿਮਾਰੀ ਤੇ ਕੀਟ ਪ੍ਰਬੰਧਨ ਅਤੇ ਪਾਪਲਰ ਵਿੱਚ ਲੱਗਣ ਵਾਲੀਆਂ ਅੰਤਰ ਫਸਲਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦੇ ਅੰਤ ਵਿੱਚ ਸ਼੍ਰੀ. ਗੁਰਪ੍ਰ੍ਰਤਾਪ ਸਿੰਘ, ਸਹਿਯੋਗੀ ਪ੍ਰੋਫੈਸਰ (ਫਸਲ ਵਿਗਿਆਨ) ਵੱਲੋਂ ਮਾਹਿਰਾਂ ਤੇ ਹਾਜਿਰ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ।
