ਪੀ.ਏ.ਯੂ. ਵਿਖੇ 26-27 ਸਤੰਬਰ ਨੂੰ ਹਾੜੀ ਦੀਆਂ ਫਸਲਾਂ ਲਈ ਲਾਏ ਜਾ ਰਹੇ ਕਿਸਾਨ ਮੇਲੇ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਸਮੇਂ ਮੰਚ ਤੋਂ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਬਾਰੇ ਗੱਲਬਾਤ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਪੀ.ਏ.ਯੂ. ਨਵੀਆਂ ਖੇਤੀ ਤਕਨੀਕਾਂ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਬਾਗਬਾਨੀ, ਸਹਾਇਕ ਕਿੱਤਿਆਂ ਅਤੇ ਹੋਰ ਖੇਤੀ ਕਾਰਜਾਂ ਲਈ ਲੀਹ ਪਾੜਨ ਵਾਲੇ ਕਿਸਾਨਾਂ ਨੂੰ ਕਿਸਾਨਾਂ ਨੂੰ ਸਨਮਾਨਿਤ ਕਰਦੀ ਹੈ। ਇਸਦਾ ਉਦੇਸ਼ ਹੋਰ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜ ਕੇ ਉਤਸ਼ਾਹਿਤ ਕਰਨਾ ਹੈ। ਉਹਨਾਂ ਦੱਸਿਆ ਕਿ ਕੱਲ ਉਦਘਾਟਨੀ ਸਮਾਰੋਹ ਦੌਰਾਨ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨ ਦਿੱਤੇ ਜਾਣਗੇ।
ਕਿਸਾਨ ਬੀਬੀਆਂ ਨੂੰ ਫ਼ਸਲ ਉਤਪਾਦਨ ਅਤੇ ਫ਼ਸਲਾਂ ਨਾਲ ਸਬੰਧਤ ਕਿੱਤਿਆਂ ਸਬੰਧੀ ਦਿੱਤਾ ਜਾਣ ਵਾਲਾ ਸਰਦਾਰਨੀ ਜਗਬੀਰ ਕੌਰ ਗਰੇਵਾਲ ਯਾਦਗਾਰੀ ਪੁਰਸਕਾਰ ਇਸ ਵਾਰ ਸ੍ਰੀਮਤੀ ਗੁਰਪ੍ਰੀਤ ਕੌਰ ਸੁਪਤਨੀ ਸ. ਲਖਵਿੰਦਰ ਸਿੰਘ, ਪਿੰਡ ਕਲਿਆਣ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਦਿੱਤਾ ਜਾ ਰਿਹਾ ਹੈ। ਆਰਥਿਕ ਪੱਖੋਂ ਸਵੈ-ਨਿਰਭਰਤਾ ਹਾਸਲ ਕਰਨ ਅਤੇ ਪਰਿਵਾਰ ਦੀ ਖੇਤੀ ਆਮਦਨ ਨੂੰ ਵਧਉਣ ਦੇ ਸੁਪਨੇ ਸੰਜੋਅ ਕੇ ਗੁਰਪ੍ਰੀਤ ਕੌਰ ਨੇ ਪਰਿਵਾਰਕ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਖ਼ਤ ਮਿਹਨਤ ਕੀਤੀ। ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਨ ਵਾਲੀ ਗੁਰਪ੍ਰੀਤ ਕੌਰ ਅੱਜ ਨਾ ਕੇਵਲ ਕਈ ਤਰ੍ਹਾਂ ਦੇ ਗੁਣਵੱਤਾ ਭਰਪੂਰ ਸਕੂਐਸ਼, ਚਟਨੀਆਂ, ਮੁਰੱਬੇ ਅਤੇ ਮਸਾਲੇ ਆਦਿ ਤਿਆਰ ਕਰਕੇ ਚੰਗਾ ਨਾਮਣਾ ਖੱਟ ਰਹੀ ਹੈ, ਸਗੋਂ ਅੰਗੂਰ, ਗੰਨਾ, ਸੇਬ, ਅਤੇ ਜਾਮੁਣ ਦੇ ਰਸ ਤੋਂ ਸਿਹਤ ਵਰਧਕ ਸਿਰਕੇ ਦੇ ਉਤਪਾਦਨ ਰਾਹੀਂ ਚੋਖਾ ਮੁਨਾਫ਼ਾ ਵੀ ਕਮਾ ਰਹੀ ਹੈ।
ਖੇਤੀ ਵੰਨ-ਸੁਵੰਨਤਾ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸਵੈ ਕਾਸ਼ਤਕਾਰ ਕਿਸਾਨਾਂ ਲਈ ਪ੍ਰਵਾਸੀ ਭਾਰਤੀ ਪੁਰਸਕਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਤਿਹਪੁਰ, ਬਲਾਕ ਭੂੰਗਾ ਦੇ ਅਗਾਂਹਵਧੂ ਕਿਸਾਨ ਸ. ਮਨਪ੍ਰੀਤ ਸਿੰਘ ਸਪੁੱਤਰ ਸ. ਸੁਰਿੰਦਰ ਸਿੰਘ ਨੂੰ ਦਿੱਤਾ ਜਾਵੇਗਾ। ਸ. ਮਨਪ੍ਰੀਤ ਸਿੰਘ, ਭੂੰਗਾ ਵਿਖੇ ਭੂੰਗਾ ਆਇਲ ਫੈਡ ਸੀਡ ਉਤਪਾਦਨ ਕੰਪਨੀ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਿਹਾ ਹੈ । ਸਿੰਚਾਈ ਵਾਲੇ ਪਾਣੀ ਦੀ ਸਾਂਭ-ਸੰਭਾਲ ਲਈ ਮਨਪ੍ਰੀਤ ਸਿੰਘ 6 ਏਕੜ ਵਿੱਚ ਰੇਨ ਗੰਨ ਦੀ ਵਰਤੋਂ ਕਰਦਾ ਹੈ। ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਬਾਸਮਤੀ ਅਤੇ ਖੇਤੀ ਜੰਗਲਾਤ ਜਿਵੇਂ ਕਿ ਪਾਪੂਲਰ, ਸਫੈਦੇ ਤੋਂ ਇਲਾਵਾ ਅੰਤਰ ਫਸਲਾਂ ਸ਼ਾਮਲ ਕਰਕੇ ਮਨਪ੍ਰੀਤ ਸਿੰਘ ਨੇ ਆਪਣਾ ਅਲੱਗ ਮੁਕਾਮ ਬਣਾਇਆ ਹੈ । ਆਪਣੀ ਆਮਦਨ ਵਿੱਚ ਵਧੇਰੇ ਮੁਨਾਫਾ ਹਾਸਲ ਕਰਨ ਲਈ ਇਸ ਕਿਸਾਨ ਨੇ ਸਹਾਇਕ ਧੰਦੇ ਜਿਵੇਂ ਕਿ ਸੂਰ, ਮੁਰਗੀ ਅਤੇ ਗਾਵਾਂ ਪਾਲੀਆਂ ਹੋਈਆਂ ਹਨ ਅਤੇ ਸੂਰ, ਅੰਡੇ ਅਤੇ ਦੁੱਧ ਵੇਚ ਕੇ ਚੰਗਾ ਮੁਨਾਫਾ ਹਾਸਲ ਕਰ ਰਿਹਾ ਹੈ।
ਪੰਜਾਬ ਰਾਜ ਵਿੱਚ ਖੇਤ-ਫ਼ਸਲਾਂ ਦੇ ਸਵੈ-ਕਾਸ਼ਤਕਾਰ ਕਿਸਾਨਾਂ ਲਈ ਨਿਯਤ ਕੀਤਾ ਗਿਆ ਸ. ਦਲੀਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਇਸ ਵਾਰੀ ਸ. ਸੁਖਤਾਰ ਸਿੰਘ ਸਪੁੱਤਰ ਸ. ਜੋਗਿੰਦਰ ਸਿੰਘ ਬਲਾਕ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ 45 ਸਾਲਾਂ ਉੱਦਮੀ ਕਿਸਾਨ ਨੂੰ ਦਿੱਤਾ ਜਾਵੇਗਾ। ਇਸ ਉੱਦਮੀ ਕਿਸਾਨ ਨੇ ਬੱਕਰੀ ਪਾਲਣ, ਗੰਡੋਇਆਂ ਦੀ ਖਾਦ, ਜੈਵਿਕ ਖੇਤੀ ਅਤੇ ਸੰਯੁਕਤ ਖੇਤੀ ਪ੍ਰਣਾਲੀ, ਡੇਅਰੀ ਫਾਰਮਿੰਗ, ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਸੂਰ ਪਾਲਣ ਆਦਿ ਦੀਆਂ ਸਿਖਲਾਈਆਂ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਆਈ ਸੀ ਏ ਆਰ ਦੇ ਵੱਖ-ਵੱਖ ਅਦਾਰਿਆਂ ਤੋਂ ਪ੍ਰਾਪਤ ਕੀਤੀਆਂ ਹਨ। ਅਗਾਂਹਵਧੂ ਸੋਚ ਰੱਖਣ ਵਾਲੇ ਅਤੇ ਕੁਦਰਤੀ ਸੋਮਿਆਂ ਦੇ ਰਾਖੇ ਸ. ਸੁਖਤਾਰ ਸਿੰਘ ਵੱਲੋਂ ਆਪਣੀ ਜ਼ਮੀਨ ਵਿਚ ਜ਼ਮੀਨਦੋਜ਼ ਪਾਈਪਾਂ ਵਿਛਾਈਆਂ ਹੋਈਆਂ ਹਨ ਅਤੇ ਝੋਨੇ ਦੀ ਪਰਾਲੀ ਨੂੰ ਸੁਪਰ ਸੀਡਰ ਨਾਲ ਸੰਭਾਲਿਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੀ ਕਣਕ ਦੇ ਨਾੜ ਨੂੰ ਵੀ ਖੇਤ ਵਿਚ ਹੀ ਵਾਹਿਆ ਜਾਂਦਾ ਹੈ।
ਖ਼ੁਦ ਕਾਸ਼ਤਕਾਰ ਛੋਟੇ ਕਿਸਾਨ ਲਈ ਦਿੱਤਾ ਜਾਣ ਵਾਲਾ ਸ. ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਇਸ ਵਾਰ ਸ਼੍ਰੀ ਸੰਜੀਵ ਕੁਮਾਰ ਕਾਹੋਲ, ਪੁੱਤਰ ਸ਼੍ਰੀ ਰਾਮ ਸਰੂਪ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਹਿਲਾਂਵਾਲੀ ਦੇ ਹਿੱਸੇ ਆਇਆ ਹੈ। ਆਪਣੀ ਕੁੱਲ ਵਾਹੀਯੋਗ 21 ਕਨਾਲ ਜ਼ਮੀਨ ਉੱਪਰ ਉਹਨਾਂ ਨੇ ਬਹੁਭਾਂਤੀ ਖੇਤੀ ਅਤੇ ਸਹਾਇਕ ਕਿੱਤੇ ਅਪਣਾ ਕੇ ਆਪਣੀ ਪਰਿਵਾਰ ਦੀ ਆਮਦਨ ਵਿੱਚ ਚੋਖਾ ਮੁਨਾਫ਼ਾ ਕੀਤਾ ਹੈ। ਸ਼੍ਰੀ ਸੰਜੀਵ ਕੁਮਾਰ ਕਾਹੋਲ ਤਿੰਨ ਕਨਾਲ ਰਕਬੇ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਨਾਲ ਹੀ ਉਹਨਾਂ ਨੇ ਚਾਰ ਕਨਾਲ ਰਕਬੇ ਵਿੱਚ ਫਲਾਂ ਦੀ ਬਗੀਚੀ ਵੀ ਲਾਈ ਹੋਈ ਹੈ । ਇਸ ਤੋਂ ਇਲਾਵਾ 11 ਕਨਾਲ ਜਗ੍ਹਾ ਵਿੱਚ ਉਹਨਾਂ ਨੇ ਆਪਣੇ ਪਸ਼ੂਆਂ ਲਈ ਚਾਰੇ ਦੀ ਬਿਜਾਈ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਸਿਖਲਾਈ ਦੀ ਬਦੌਲਤ ਕਈ ਤਰ੍ਹਾਂ ਦੇ ਖੇਤੀ ਉੱਦਮਾਂ ਨਾਲ ਜੁੜੇ। ਦੁੱਧ ਦੇ ਉਤਪਾਦ ਤਿਆਰ ਕਰਨ ਤੋਂ ਇਲਾਵਾ ਮੌਸਮੀ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ, ਖੁੰਬਾਂ ਦੀ ਕਾਸ਼ਤ, ਮਧੂਮੱਖੀ ਪਾਲਣ, ਅਚਾਰ ਮੁਰੱਬੇ ਬਣਾਉਣ, ਗੁੜ ਸ਼ੱਕਰ ਬਣਾਉਣ ਅਤੇ ਜੈਵਿਕ ਖੇਤੀ ਬਾਰੇ ਕਈ ਤਰ੍ਹਾਂ ਦੇ ਤਜਰਬੇ ਉਨ੍ਹਾਂ ਨੇ ਅੰਜਾਮ ਦਿੱਤੇ।
ਸਬਜ਼ੀਆਂ ਦੇ ਸਵੈ ਕਾਸ਼ਤਕਾਰ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਸ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ ਸ. ਚਾਨਣ ਸਿੰਘ ਸਰਾਂ, ਸਪੁੱਤਰ ਸ. ਨਿਸ਼ਾਨ ਸਿੰਘ ਜ਼ਿਲ੍ਹਾ ਤਰਨਤਾਰਨ ਨੂੰ ਦਿੱਤਾ ਜਾਵੇਗਾ। ਉਸ ਨੇ ਅਨਾਜ ਅਤੇ ਸਬਜ਼ੀਆਂ ਦੀ ਫ਼ਸਲ-ਪ੍ਰਣਾਲੀ ਅਪਣਾਈ ਹੋਈ ਹੈ। ਹਾੜ੍ਹੀ ਵਿਚ ਉਹ ਕਣਕ ਦੇ ਨਾਲ ਸ਼ਲਗਮ ਅਤੇ ਗਾਜਰ ਬੀਜਦਾ ਹੈ ਅਤੇ ਸਾਉਣੀ ਵਿਚ ਝੋਨੇ ਨਾਲ ਕਰੇਲੇ, ਟੀਂਡੇ, ਭਿੰਡੀ, ਹਦਵਾਣਾ ਬੀਜਦਾ ਹੈ। ਗਾਜਰ ਦਾ ਬੀਜ ਉਤਪਾਦਨ, ਤੇਲ-ਬੀਜ ਫ਼ਸਲਾਂ ਅਤੇ ਨਾਸ਼ਪਾਤੀ ਦੇ ਬਾਗ ਵੀ ਉਸ ਦੀ ਖੇਤੀ ਵਿਭਿੰਨਤਾ ਦਾ ਹਿੱਸਾ ਹਨ। ਪਾਣੀ ਦੀ ਸੰਜਮੀ ਵਰਤੋਂ ਲਈ ਉਸ ਨੇ ਜ਼ਮੀਨਦੋਜ਼ ਪਾਈਪਾਂ ਲਗਾਈਆਂ ਹੋਈਆਂ ਹਨ। ਉਹ ਆਪਣੀ ਵਿਧੀ ਦੁਆਰਾ ਝੋਨੇ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਦਾ ਹੈ। ਉਹ ਖੇਤੀ ਲਈ ਹੈਪੀ ਸੀਡਰ, ਸੁਪਰ ਸੀਡਰ, ਮਲਚਰ ਅਤੇ ਉਲਟਾਵੇਂ ਹਲ ਵਰਗੇ ਆਧੁਨਿਕ ਖੇਤੀ ਸੰਦ ਅਤੇ ਮਸ਼ੀਨਰੀ ਵਰਤਦਾ ਹੈ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਇਹ ਕਿਸਾਨ ਆਪਣੇ ਇਲਾਕੇ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਚਾਨਣ-ਮੁਨਾਰੇ ਸਾਬਿਤ ਹੋਏ ਹਨ। ਉਹਨਾਂ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿਚ ਪਹੁੰਚ ਕੇ ਸੀਮਤ ਸਰੋਤਾਂ ਰਾਹੀਂ ਪਰਿਵਾਰਕ ਆਮਦਨ ਵਧਾਉਣ ਦੇ ਨੁਕਤੇ ਇਹਨਾਂ ਕਿਸਾਨਾਂ ਕੋਲੋਂ ਸਿੱਖਣ ਅਤੇ ਪਰਿਵਾਰਾਂ ਸਮੇਤ ਕਿਸਾਨ ਮੇਲੇ ਵਿਚ ਸ਼ਾਮਿਲ ਹੋਣ।