ਪੀ.ਏ.ਯੂ. ਦੇ ਫਲਾਂ ਬਾਰੇ ਪ੍ਰਮੁੱਖ ਕੀਟ ਵਿਗਿਆਨ ਡਾ. ਸਨਦੀਪ ਸਿੰਘ ਨੂੰ ਬੀਤੇ ਦਿਨੀਂ ਵਾਤਾਵਰਨ ਪੱਖੀ ਖੋਜ ਦੀ ਵਿਸ਼ੇਸ਼ਤਾ ਲਈ ਐਂਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਇਹ ਐਵਾਰਡ ਉਹਨਾਂ ਨੂੰ ਐਬਰਾਹਮ ਵਰਗੀਸ ਇੰਸੈਕਟ ਅਤੇ ਨੇਚਰ ਟਰੱਸਟ ਬੈਂਗਲੂਰੁ ਵੱਲੋਂ ਭਾਰਤ ਸਰਕਾਰ ਨੇ ਪੌਦਾ ਸੁਰੱਖਿਆ ਸਲਾਹਕਾਰ ਡਾ. ਜੇ ਪੀ ਸਿੰਘ ਅਤੇ ਉੱਘੇ ਕੀਟ ਮਾਹਿਰ ਡਾ. ਸੀ ਏ ਵਿਰਾਕਤਾਮਤ ਦੇ ਕਰ-ਕਮਲਾਂ ਨਾਲ ਉਹਨਾਂ ਵੱਲੋਂ ਦੇਸ਼ ਭਰ ਦੇ ਗੁਰੂ ਘਰਾਂ ਦੇ ਇਤਿਹਾਸਕ ਦਰੱਖਤਾਂ ਦੀ ਸੰਭਾਲ ਲਈ ਕੀਤੇ ਯਤਨਾਂ ਦੇ ਸਨਮਾਨ ਵਜੋਂ ਪ੍ਰਦਾਨ ਕੀਤਾ ਗਿਆ|
ਇਸ ਸਨਮਾਨ ਨਾਲ ਡਾ. ਸਨਦੀਪ ਸਿੰਘ ਵੱਲੋਂ ਵਾਤਾਵਰਨ ਪੱਖੀ ਕੀਟ ਪ੍ਰਬੰਧਨ ਤਕਨਾਲੋਜੀਆਂ ਅਤੇ ਵਿਸ਼ੇਸ਼ ਤੌਰ ਤੇ ਫਲਦਾਰ ਫਸਲਾਂ ਉੱਪਰ ਕੀਟਾਂ ਦੀ ਸੰਯੁਕਤ ਰੋਕਥਾਮ ਲਈ ਵਿਕਸਿਤ ਕੀਤੀ ਤਕਨਾਲੋਜੀ ਪੀ.ਏ.ਯੂ. ਫਰੂਟ ਫਲਾਈ ਟਰੈਪ, ਸਿਉਂਕ ਟਰੈਪ, ਚੈਫਰ ਬੀਟਲ ਟਰੈਪ ਅਤੇ ਲੀਚੀ ਦੇ ਫਲਾਂ ਦਾ ਗੜੂੰਆਂ, ਅਮਰੂਦ ਦੇ ਫਲਾਂ ਦਾ ਗੜੂੰਆਂ ਅਤੇ ਫਲਾਂ ਦਾ ਰਸ ਪੀਣ ਵਾਲੀ ਸੁੰਡੀ ਅਤੇ ਹੋਰ ਕੀੜਿਆਂ ਦੀ ਰੋਕਥਾਮ ਲਈ ਵਿਸ਼ੇਸ਼ ਵਾਤਾਵਰਨ ਪੱਖੀ ਤਕਨਾਲੋਜੀਆਂ ਵਿਕਸਿਤ ਕੀਤੀਆਂ ਗਈਆਂ| ਉਹਨਾਂ ਦੇ ਇਸ ਕਾਰਜ ਨੇ ਵਾਤਾਵਰਨ ਦੀ ਸੰਭਾਲ ਦੇ ਪੱਖ ਤੋਂ ਮਹੱਤਵਪੂਰਨ ਪਹਿਲਕਦਮੀ ਕੀਤੀ| ਇਸਦੇ ਨਾਲ ਹੀ ਡਾ. ਸਿੰਘ ਨੇ ਦੇਸ਼ ਭਰ ਦੇ ਗੁਰੂ ਘਰਾਂ ਵਿਚ ਸਥਿਤ ਇਤਿਹਾਸਕ ਦਰੱਖਤਾਂ ਦੀ ਸਾਂਭ-ਸੰਭਾਲ ਅਤੇ ਉਹਨਾਂ ਦੀ ਮੁੜ-ਸੁਰਜੀਤੀ ਲਈ ਕੋਸ਼ਿਸ਼ਾਂ ਕਰਕੇ ਵਿਰਾਸਤ ਸੰਭਾਲਣ ਪੱਖੋਂ ਬੜਾ ਇਤਿਹਾਸਕ ਕਾਰਜ ਕੀਤਾ| ਪਹਿਲਾਂ ਵੀ ਡਾ. ਸਨਦੀਪ ਸਿੰਘ ਨੂੰ ਦੇਸ਼-ਵਿਦੇਸ਼ ਦੀਆਂ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ| ਅਮਰੀਕਾ, ਆਸਟਰੇਲੀਆ, ਇਟਲੀ ਅਤੇ ਚੀਨ ਤੋਂ ਇਲਾਵਾ ਦੱਖਣ ਪੂਰਬ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਨੇ ਡਾ. ਸਨਦੀਪ ਸਿੰਘ ਦੀ ਮੁਹਾਰਤ ਦਾ ਲਾਭ ਲੈਣ ਲਈ ਉਹਨਾਂ ਨਾਲ ਨੇੜਲੇ ਸੰਪਰਕ ਬਣਾਏ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਬਾਗਬਾਨੀ ਕਾਲਜ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਡਾ. ਸਨਦੀਪ ਸਿੰਘ ਨੂੰ ਇਸ ਸਨਮਾਨ ਲਈ ਵਧਾਈ ਦਿੰਦਿਆਂ ਉਹਨਾਂ ਵੱਲੋਂ ਭਵਿੱਖ ਵਿਚ ਉਸਾਰੂ ਕਾਰਜ ਜਾਰੀ ਰੱਖਣ ਦੀ ਉਮੀਦ ਪ੍ਰਗਟਾਈ|
