ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਿਖੇ ਜਾਰੀ ਫਸਲਾਂ ਦੀ ਵਢਾਈ/ਤੁੜਾਈ ਉਪਰੰਤ ਇੰਜਨੀਅਰਿੰਗ ਅਤੇ ਤਕਨਾਲੋਜੀ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਅਧੀਨ ਅਨੁਸੂਚਿਤ ਜਾਤੀਆਂ ਲਈ ਇਕ ਰੋਜ਼ਾ ਮੁਹਾਰਤ ਵਿਕਾਸ ਪ੍ਰੋਗਰਾਮ ਦਾ ਆਯੋਜਨ ਕੀਤਾ| ਇਹ ਸਿਖਲਾਈ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਐੱਸ ਸੀ ਐੱਸ ਪੀ ਯੋਜਨਾ ਤਹਿਤ ਦਿੱਤੀ ਗਈ| ਇਸ ਵਿਚ ਦੋਹਾਰਾ, ਪੰਡੋਰੀ, ਮਹਿਲਕਲਾਂ, ਪ੍ਰਤਾਪਪੁਰਾ, ਹੈਬੋਵਾਲ, ਮਲਕਪੁਰ ਅਤੇ ਮੁੱਲਾਂਪੁਰ ਪਿੰਡਾਂ ਤੋਂ 25 ਦੇ ਕਰੀਬ ਭਾਗੀਦਾਰ ਸ਼ਾਮਿਲ ਹੋਏ ਜਿਨ੍ਹਾਂ ਨੇ ਖੇਤੀ ਪ੍ਰੋਸੈਸਿੰਗ ਅਧਾਰਿਤ ਉੱਦਮ ਦੀ ਸਿਖਲਾਈ ਲਈ ਵਿਸ਼ੇਸ਼ ਦਿਲਚਸਪੀ ਦਿਖਾਈ|
ਖੋਜ ਪ੍ਰੋਜੈਕਟ ਦੇ ਕੁਆਰਡੀਨੇਟਰ ਡਾ. ਐੱਮ ਐੱਸ ਆਲਮ ਨੇ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਸਿਖਿਆਰਥੀਆਂ ਨੂੰ ਕੋਰਸ ਦੇ ਉਦੇਸਾਂ ਨਾਲ ਜਾਣੂ ਕਰਵਾਇਆ| ਉਨ੍ਹਾਂ ਨੇ ਉਤਪਾਦ ਦੀ ਗੁਣਵੱਤਾ ਵਿੱਚ ਸੁਧਾਰ, ਫਸਲਾਂ ਦੇ ਕਟਾਈ ਤੋਂ ਬਾਅਦ ਨੁਕਸਾਨ ਘਟਾਉਣ, ਪਿੰਡਾਂ ਵਿੱਚ ਰੋਜਗਾਰ ਦੇ ਮੌਕੇ ਪੈਦਾ ਕਰਨ ਅਤੇ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸਾਹਿਤ ਕਰਨ ਵਿੱਚ ਐਗਰੋ-ਪ੍ਰੋਸੈਸਿੰਗ ਕੰਪਲੈਕਸਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ| ਡਾ. ਆਲਮ ਨੇ ਮਸਾਲਿਆਂ ਅਤੇ ਸਹਿਦ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਨੂੰ ਕਿਸਾਨਾਂ ਅਤੇ ਪਿੰਡ ਪੱਧਰ ਦੇ ਕਿਸਾਨਾਂ ਤੇ ਉਦਯਮੀਆਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਸੁਧਾਰਨ ਲਈ ਲਾਭਕਾਰੀ ਬਦਲ ਵਜੋਂ ਦਰਸਾਇਆ|
ਕੀਟ ਵਿਗਿਆਨੀ ਡਾ. ਮਨਪ੍ਰੀਤ ਕੌਰ ਸੈਣੀ ਨੇ ਘਰੇਲੂ ਪੱਧਰ ‘ਤੇ ਅਨਾਜ ਸੰਭਾਲ ਬਾਰੇ ਜਾਣਕਾਰੀ ਅਤੇ ਦਾਲਾਂ ਦੀ ਸੰਭਾਲ ਲਈ ਪੀਏਯੂ ਸੰਭਾਲ ਕਿੱਟ ਦਾ ਸਜੀਵ ਪ੍ਰਦਰਸ਼ਨ ਕੀਤਾ| ਉਨ੍ਹਾਂ ਨੇ ਕੀੜਿਆਂ ਅਤੇ ਨੁਕਸਾਨੇ ਅਨਾਜ ਦੇ ਨਮੂਨਿਆਂ ਰਾਹੀਂ ਸਰਵਪੱਖੀ ਰੋਕਥਾਮ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ|
ਪ੍ਰਮੁੱਖ ਮਾਹਿਰ ਡਾ. ਸੰਧਿਆ ਨੇ ਪ੍ਰੋਸੈਸਿੰਗ ਦੀ ਮਹੱਤਤਾ ‘ਤੇ ਜੋਰ ਦਿੰਦਿਆਂ ਸਿਖਿਆਰਥੀਆਂ ਨੂੰ ਅਨਾਜ ਪ੍ਰੋਸੈਸਿੰਗ ਲਈ ਵਰਤੀਆਂ ਜਾਣ ਵਾਲੀਆਂ ਵੱਖ-ਵੱਖ ਮਸੀਨਰੀਆਂ ਨਾਲ ਜਾਣੂ ਕਰਵਾਇਆ| ਡਾ. ਰੋਹਿਤ ਸ਼ਰਮਾ ਨੇ ਖੇਤ ਪੱਧਰ ‘ਤੇ ਗੁੜ ਤਿਆਰ ਕਰਨ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਅਤੇ ਸੰਬੰਧਿਤ ਮਸੀਨਰੀ ਦੀ ਜਾਣਕਾਰੀ ਦਿੱਤੀ| ਡਾ. ਗਗਨਦੀਪ ਕੌਰ ਨੇ ਗੁੜ ਤਿਆਰੀ ਦੀਆਂ ਤਕਨੀਕਾਂ ਦੀ ਜਾਣਕਾਰੀ ਦਿੱਤੀ ਅਤੇ ਡਾ. ਸੁਰੇਖਾ ਭਾਟੀਆ ਨੇ ਗੁੜ ਪ੍ਰੋਸੈਸਿੰਗ ਦੌਰਾਨ ਗੁਣਵੱਤਾ ਦੀ ਜਾਂਚ ਨਿਸ਼ਚਿਤ ਕਰਨ ਬਾਰੇ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ|
ਪ੍ਰੋਗਰਾਮ ਦੌਰਾਨ ਛੋਟੇ ਪੱਧਰ ਦੀ ਵਢਾਈ ਉਪਰੰਤ ਮਸ਼ੀਨਰੀ ਅਤੇ ਪਿੰਡ ਪੱਧਰ ਦੀ ਪ੍ਰੋਸੈਸਿੰਗ ਮਸੀਨਰੀ ਵੀ ਪ੍ਰਦਰਸ਼ਿਤ ਕੀਤੀ ਗਈ| ਇਸ ਮੌਕੇ ‘ਤੇ ਸਿਖਿਆਰਥੀਆਂ ਨੂੰ ਪੀ.ਏ.ਯੂ. ਸਾਹਿਤ, ਦਾਲਾਂ ਲਈ ਪੀ.ਏ.ਯੂ. ਪ੍ਰੋਟੈਕਸ਼ਨ ਕਿੱਟਾਂ ਅਤੇ ਐਗਰੋ-ਪ੍ਰੋਸੈਸਿੰਗ ਕਿੱਟਾਂ ਮੁਫਤ ਵੰਡੀਆਂ ਗਈਆਂ|
ਰਜਿਸਟ੍ਰੇਸ਼ਨ ਅਤੇ ਹੋਰ ਪ੍ਰਬੰਧਕੀ ਇੰਤਜਾਮ ਸ੍ਰੀ ਕਮਲਜੀਤ ਸਿੰਘ ਵੱਲੋਂ ਸ੍ਰੀ ਰਵੀ ਕੁਮਾਰ ਦੀ ਸਹਾਇਤਾ ਨਾਲ ਨਿਭਾਏ ਗਏ|
