ਲਗਾਤਾਰ ਮੀਂਹ੍ਹ ਦੇ ਮੌਸਮ ਦੇ ਚਲਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਹੇੜੀਕੇ ਵਿਖੇ ਘਰੇਲੂ ਬਗੀਚੀ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਬਾਰੇ ਕਿਸਾਨ ਗੋਸ਼ਟੀ ਲਗਾਈ। ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ (ਭੂਮੀ ਵਿਗਿਆਨ) ਦੇ ਅਨੁਸਾਰ, ਚੰਗੀ ਸਿਹਤ ਬਣਾਈ ਰੱਖਣ ਲਈ ਤਾਜ਼ੀਆਂ ਸਬਜ਼ੀਆਂ ਨੂੰ ਨਿਯਮਤ ਖੁਰਾਕ ਵਿੱਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਘਰਾਂ ਦੀ ਬਗੀਚੀ ਵਿੱਚ ਜਾਂ ਖੇਤਾਂ ਵਿੱਚ ਟਿਊਬਵੈੱਲਾਂ ਦੇ ਨੇੜੇ ਤਾਜ਼ੀ ਅਤੇ ਰੋਜ਼ਾਨਾ ਸਬਜ਼ੀ ਪ੍ਰਾਪਤ ਕਰਨ ਲਈ ਆਪ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਇਸਨੂੰ ਉਤਸ਼ਾਹਿਤ ਕਰਨ ਲਈ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਹੇੜੀਕੇ ਵਿਖੇ ਸਰਦੀ ਰੁੱਤ ਦੀਆਂ ਸਬਜ਼ੀਆਂ ‘ਤੇ 20 ਪ੍ਰਦਰਸ਼ਨੀਆਂ ਦਿੱਤੀਆਂ। ਉਹਨਾਂ ਕਿਹਾ ਕਿ ਗੋਭੀ, ਬਰੋਕਲੀ, ਮਟਰ, ਆਲੂ, ਜੜ੍ਹਾਂ ਅਤੇ ਪੱਤੇ ਵਾਲੀਆਂ ਸਬਜ਼ੀਆਂ ਨੂੰ ਅੱਧ ਸਤੰਬਰ ਤੋਂ ਆਖਰੀ ਸਤੰਬਰ ਤੱਕ ਬੀਜਿਆ ਜਾ ਸਕਦਾ ਹੈ।
ਮੀਂਹ ਦੇ ਪਾਣੀ ਦੀ ਨਿਕਾਸੀ ਤੋਂ ਬਾਅਦ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਵਿੱਚ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਦੇ ਹਮਲੇ ਤੋਂ ਬਚਾਅ ਲਈ ਖੇਤਾਂ ਦੀ ਨਿਯਮਤ ਨਿਗਰਾਨੀ ਰੱਖਣ ਲਈ ਸੁਚੇਤ ਕੀਤਾ ਅਤੇ ਸਿਫ਼ਾਰਸ਼ ਕੀਤੇ ਉੱਲੀਨਾਸ਼ਕ ਅਤੇ ਕੀਟਨਾਸ਼ਕ ਹੀ ਵਰਤਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿਖੇ ਪੀਏਯੂ ਲੁਧਿਆਣਾ ਵਲੋਂ ਹਾੜ੍ਹੀ ਰੁੱਤ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦਾ ਪ੍ਰਚਾਰ ਵੀ ਕੀਤਾ। ਅੰਤ ਵਿੱਚ, ਸ. ਰਵਿੰਦਰ ਸਿੰਘ ਅਤੇ ਹੋਰ ਕਿਸਾਨਾਂ ਵਲੋਂ ਪੁੱਛੇ ਗਏ ਕਈ ਸਵਾਲ਼ਾਂ ਦੇ ਜਵਾਬ ਡਾ. ਅਸ਼ੋਕ ਦੁਆਰਾ ਤਰਤੀਬ-ਬੱਧ ਤਰੀਕੇ ਨਾਲ ਤੱਸਲੀਬਖਸ਼ ਦਿੱਤੇ ਗਏ। ਝੋਨੇ ਵਿੱਚ ਫੋਕ ਨੂੰ ਘਟਾਉਣ ਲਈ, ਗੋਭ ‘ਤੇ 1.5% ਪੋਟਾਸ਼ੀਅਮ ਨਾਈਟ੍ਰੇਟ (ਪ੍ਰਤੀ ਏਕੜ 200 ਲੀਟਰ ਪਾਣੀ ਵਿੱਚ 3 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ) ਦੇ ਪੱਤਿਆਂ ‘ਤੇ ਸਪਰੇਅ ਕਰਨ ਦੀ ਸਲਾਹ ਵੀ ਦਿੱਤੀ ਗਈ।