ਬੀਤੇ ਦਿਨੀਂ ਭੋਪਾਲ ਵਿਖੇ ਹੋਈ ਆਈ ਸੀ ਏ ਆਰ ਖੇਤੀ ਇੰਜਨੀਅਰਿੰਗ ਬਾਰੇ ਕੇਂਦਰੀ ਸੰਸਥਾਨ ਦੀ 59ਵੀਂ ਸਲਾਨਾ ਕਨਵੋਕੇਸ਼ਨ ਵਿਚ ਖੇਤੀ ਇੰਜਨੀਅਰਿੰਗ ਤਕਨਾਲੋਜੀ ਕਾਲਜ ਦੇ ਮਾਹਿਰਾਂ ਨੇ ਭਾਗ ਲਿਆ| ਇਸ ਦੌਰਾਨ ਪੀ.ਏ.ਯੂ. ਦੇ ਮਾਹਿਰਾਂ ਨੇ ਆਪਣੇ ਖੋਜ ਕਾਰਜ ਅਤੇ ਪ੍ਰਾਪਤੀਆਂ ਦੀ ਛਾਪ ਛੱਡਦੇ ਹੋਏ ਬਹੁਤ ਸਾਰੇ ਇਨਾਮ ਆਪਣੇ ਨਾਮ ਕੀਤੇ| ਇਹਨਾਂ ਵਿੱਚੋਂ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮਾਹਿਰ ਡਾ. ਸਮਨਪ੍ਰੀਤ ਕੌਰ ਨੂੰ ਭਾਰਤੀ ਇੰਜਨੀਅਰਾਂ ਦੀ ਸੁਸਾਇਟੀ ਨੇ 2025 ਲਈ ਵਿਸ਼ੇਸ਼ਤਾ ਮੈਡਲ ਨਾਲ ਸਨਮਾਨਿਤ ਕੀਤਾ| ਧਰਤੀ ਹੇਠਲੇ ਪਾਣੀ ਸਰੋਤਾਂ ਦੀ ਸੰਭਾਲ ਅਤੇ ਮੁਲਾਂਕਣ ਦੇ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਲਈ ਇਹ ਐਵਾਰਡ ਉਹਨਾਂ ਨੂੰ ਦਿੱਤਾ ਗਿਆ|
ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਡਾ. ਅਸੀਮ ਵਰਮਾ ਨੂੰ ਵੀ 2025 ਲਈ ਆਈ ਐੱਸ ਏ ਈ ਵਿਸ਼ੇਸ਼ਤਾ ਮੈਡਲ ਨਾਲ ਸਨਮਾਨਿਆ ਗਿਆ| ਡਾ. ਵਰਮਾ ਨੂੰ ਇਹ ਸਨਮਾਨ ਵੱਖ-ਵੱਖ ਮਸ਼ੀਨਰੀ ਅਤੇ ਸੂਖਮ ਖੇਤੀਬਾੜੀ ਔਜ਼ਾਰਾਂ ਰਾਹੀਂ ਫਸਲੀ ਰਹਿੰਦ-ਖੂੰਹਦ ਨਜਿੱਠਣ ਲਈ ਤਕਨਾਲੋਜੀਆਂ ਦੇ ਵਿਕਾਸ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ|
ਡਾ. ਸ਼ਿਵ ਕੁਮਾਰ ਲੋਹਾਨ ਅਤੇ ਡਾ. ਮਹੇਸ਼ ਨਾਰੰਗ ਨੂੰ 2025 ਲਈ ਸਰਵੋਤਮ ਜੇ ਏ ਈ ਆਈ ਪੇਪਰ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ| ਇਹ ਇਨਾਮ ਉਹਨਾਂ ਵੱਲੋਂ ਝੋਨਾ ਲਾਉਣ ਵਾਲੇ ਰਿਮੋਟ ਕੰਟਰੋਲ ਅਧਾਰਿਤ ਟਰਾਂਸਪਲਾਂਟਰ ਦੇ ਵਿਕਾਸ ਬਾਰੇ ਲਿਖੇ ਪੇਪਰ ਲਈ ਦਿੱਤਾ ਗਿਆ|
ਭੂਮੀ ਅਤੇ ਪਾਣੀ ਮਾਹਿਰ ਡਾ. ਨਿਲੇਸ਼ ਬਿਵਾਲਕਰ ਨੂੰ ਧਰਤੀ ਹੇਠਲੇ ਪਾਣੀ ਦੀ ਪਰਖ ਅਤੇ ਮੁਲਾਂਕਣ ਲਈ ਹਾਈਬ੍ਰਿਡ ਮਸ਼ੀਨ ਬਾਰੇ ਬਣਾਏ ਪੋਸਟਰ ਲਈ ਪਹਿਲਾ ਇਨਾਮ ਹਾਸਲ ਹੋਇਆ| ਇਹ ਪੋਸਟਰ ਉਹਨਾਂ ਨੇ ਸ਼ੁਭਿਆਜੋਤੀ ਭੱਟਾਚਾਰਜੀ, ਕੋਇਲ ਸੁਰ, ਨਰਿੰਦਰਪਾਲ ਅਤੇ ਸਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਲਿਖਿਆ ਸੀ| ਇਹਨਾਂ ਵਿਗਿਆਨੀਆਂ ਵੱਲੋਂ ਜਿੱਤੇ ਇਨਾਮਾਂ ਅਤੇ ਪ੍ਰਾਪਤੀਆਂ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਵਧਾਈ ਦਿੱਤੀ|
