Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਉੱਤਰ ਖੇਤਰ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਬੀਤੇ ਦਿਨੀਂ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿਖੇ ਹੋਏ 39ਵੇਂ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਵੱਲੋਂ ਵਿਖਾਏ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਨੂੰ ਸ਼ਾਬਾਸ਼ ਦਿੱਤੀ| ਡਾ. ਗੋਸਲ ਨੇ ਕਿਹਾ ਕਿ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਕਲਾਤਮਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਨਾ ਇਹ ਸਾਬਿਤ ਕਰਦਾ ਹੈ ਕਿ ਕਲਾ ਦੇ ਪੱਖ ਤੋਂ ਵੀ ਪੀ.ਏ.ਯੂ. ਹੋਰ ਸੰਸਥਾਵਾਂ ਨਾਲੋਂ ਪਿੱਛੇ ਨਹੀਂ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਹਨਾਂ ਮੁਕਾਬਲਿਆਂ ਵਿਚ ਚੰਗੇ ਪ੍ਰਦਰਸ਼ਨ ਲਈ ਵਿਦਿਆਰਥੀਆਂ ਅਧਿਆਪਕਾਂ, ਇੰਚਾਰਜ ਸਾਹਿਬਾਨ ਅਤੇ ਸੱਭਿਆਚਾਰਕ ਨਿਗਰਾਨਾਂ ਦੇ ਸਮੂਹਕ ਕਾਰਜ ਦੀ ਤਾਰੀਫ ਕੀਤੀ| ਉਹਨਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਭਵਿੱਖ ਵਿਚ ਇਸ ਖੇਤਰ ਵਿਚ ਹੋਰ ਬਿਹਤਰ ਕਾਰਕਰਦਗੀ ਦੀ ਆਸ ਬੱਝਦੀ ਹੈ|
ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸੱਭਿਆਚਾਰ ਬਾਰੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਨਾਲ ਸੰਬੰਧਤ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਲਈ ਆਪਣੀ ਪ੍ਰਤੀਬੱਧਤਾ ਦਾ ਮੁਜ਼ਾਹਰਾ ਕੀਤਾ ਹੈ| ਉਹਨਾਂ ਨੇ ਟੀਮ ਨਾਲ ਜੁੜੇ ਅਧਿਕਾਰੀਆਂ ਵੱਲੋਂ ਹੌਂਸਲਾ ਅਫ਼ਜ਼ਾਈ ਲਈ ਕੀਤੇ ਕਾਰਜ ਦੀ ਸ਼ਲਾਘਾ ਕਰਦਿਆਂ ਡਾ. ਹਰਲੀਨ ਕੌਰ ਅਤੇ ਸ਼੍ਰੀ ਸਤਵੀਰ ਸਿੰਘ ਦਾ ਵਿਸ਼ੇਸ਼ ਜ਼ਿਕਰ ਕੀਤਾ|
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਿੰਗ ਅਧਿਕਾਰੀ ਸ਼੍ਰੀ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਯੁਵਕ ਮੇਲੇ ਵਿਚ 19 ਈਵੈਂਟਾਂ ਲਈ ਪੀ.ਏ.ਯੂ. ਦੀ 60 ਵਿਦਿਆਰਥੀਆਂ ਦੇ ਸਮੂਹ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ ਸੀ| ਇਹਨਾਂ ਵਿਚ ਨਾਚ, ਥੀਏਟਰ, ਸੰਗੀਤ, ਸਾਹਿਤਕ ਅਤੇ ਫਾਈਨ ਆਰਟਸ ਆਦਿ ਮੁਕਾਬਲੇ ਸ਼ਾਮਿਲ ਹਨ| ਵਿਦਿਆਰਥੀਆਂ ਨੇ 12 ਵੱਖ-ਵੱਖ ਸਥਾਨ ਹਾਸਲ ਕੀਤੇ| ਇਹਨਾਂ ਵਿੱਚੋਂ ਗਰੁੱਪ ਮਾਈਮ ਵਿਚ ਤੀਸਰਾ ਸਥਾਨ, ਪੱਛਮੀ ਗੀਤ (ਸੋਲੋ) ਵਿਚ ਚੌਥਾ, ਕਰੀਏਟਿਵ ਕੋਰਿਓਗ੍ਰਾਫੀ, ਡੀਬੇਟ, ਕੋਲਾਜ਼ ਬਨਾਉਣ, ਪੋਸਟਰ ਬਨਾਉਣ ਅਤੇ ਰੰਗੋਲੀ ਵਿਚ ਵੀ ਚੌਥੇ ਸਥਾਨ ਮਿਲੇ| ਭੰਗੜੇ ਦੀ ਟੀਮ ਪੰਜਵੇਂ ਸਥਾਨ ਤੇ ਰਹੀ| ਇਕਾਂਗੀ, ਮੌਕੇ ਤੇ ਚਿੱਤਰਕਾਰੀ, ਕਾਰਟੂਨਿੰਗ ਆਦਿ ਵਿਚ ਵੀ ਚੌਥਾ ਸਥਾਨ ਪੀ.ਏ.ਯੂ. ਦੇ ਵਿਦਿਆਰਥੀਆਂ ਦੇ ਹਿੱਸੇ ਆਇਆ| ਮਾਈਮ ਟੀਮ ਨੂੰ ਤਾਮਿਲਨਾਡੂ ਵਿਚ 10-16 ਮਾਰਚ ਤੱਕ ਹੋਣ ਵਾਲੇ ਰਾਸ਼ਟਰੀ ਅੰਤਰ ਯੂਨੀਵਰਸਿਟੀ ਯੁਵਕ ਮੇਲੇ ਵਿਚ ਭਾਗ ਲੈਣ ਦੀ ਪਾਤਰਤਾ ਹਾਸਲ ਹੋਈ ਹੈ|