Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਵਿਜ਼ਟਿੰਗ ਪ੍ਰੋਫੈਸਰ ਨੂੰ ਵੱਕਾਰੀ ਫੌਕਸ ਫੈਕਲਟੀ ਪੁਰਸਕਾਰ ਹਾਸਲ ਹੋਇਆ

ਪੀ.ਏ.ਯੂ. ਦੇ ਖੇਤੀ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਤੋਂ ਬੀ ਐੱਸ ਸੀ ਅਤੇ ਐੱਮ ਐੱਸ ਸੀ ਦੀ ਡਿਗਰੀ ਹਾਸਲ ਕਰਨ ਵਾਲੇ ਅਤੇ 2025 ਨਵੰਬਰ ਵਿਚ ਯੂਨੀਵਰਸਿਟੀ ਦੇ ਆਨਰੇਰੀ ਵਿਜ਼ਟਿੰਗ ਪ੍ਰੋਫੈਸਰ ਨਾਮਜ਼ਦ ਹੋਏ ਡਾ. ਦਿਲਪ੍ਰੀਤ ਬਾਜਵਾ ਨੂੰ 2026 ਲਈ ਫੌਕਸ ਫੈਕਲਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ| ਅਮਰੀਕਾ ਦੀ ਮੌਨਟਾਨਾ ਰਾਜ ਯੂਨੀਵਰਸਿਟੀ ਦੇ ਮਕੈਨੀਕਲ ਅਤੇ ਉਦਯੋਗਿਕ ਇੰਜਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਕਾਰਜ ਕਰ ਰਹੇ ਡਾ. ਦਿਲਪ੍ਰੀਤ ਬਾਜਵਾ ਨੂੰ ਇਹ ਪੁਰਸਕਾਰ ਅਧਿਆਪਨ, ਖੋਜ, ਵਿਦਵਤਾ, ਅਕਾਦਮਿਕ ਅਗਵਾਈ ਅਤੇ ਸਿਰਜਣਾਤਮਕ ਯੋਗਤਾ ਲਈ ਦਿੱਤਾ ਜਾਵੇਗਾ| ਮਾਰਟਿਨ ਫੌਕਸ ਪਰਿਵਾਰ ਅਤੇ ਪ੍ਰੋਵੋਟਸ ਦੇ ਅਕਾਦਮਿਕ ਦਫਤਰ ਵੱਲੋਂ ਪ੍ਰਾਯੋਜਿਤ ਇਸ ਪੁਰਸਕਾਰ ਵਿਚ ਸਨਮਾਨ ਚਿੰਨ੍ਹ ਅਤੇ ਮਾਣ ਭੱਤਾ ਸ਼ਾਮਿਲ ਹੁੰਦਾ ਹੈ|
ਡਾ. ਦਿਲਪ੍ਰੀਤ ਬਾਜਵਾ ਦੀ ਖੋਜ ਮੁੱਖ ਤੌਰ ਤੇ ਡਿਜ਼ਾਇੰਨਗ ਇੰਜ਼ਨੀਅਰਿੰਡ ਤੱਤਾਂ ਵਾਸਤੇ ਕੁਦਰਤੀ ਫਾਈਬਰ ਅਤੇ ਇੰਜਨੀਅਰਿੰਗ ਵਰਤੋਂ ਲਈ ਸੁਰੱਖਿਅਤ, ਸਥਿਰ ਅਤੇ ਢੁੱਕਵੀਆਂ ਸਮੱਗਰੀਆਂ ਦੇ ਵਿਕਾਸ ਵੱਲ ਸੇਧਿਤ ਰਹੀ ਹੈ| ਉਹਨਾਂ ਨੇ ਹੁਣ ਤੱਕ 50.5 ਮਿਲੀਅਨ ਤੋਂ ਵੱਧ ਡਾਲਰ ਦੀ ਕਦਰ ਵਾਲੀ ਖੋਜ ਸਾਹਮਣੇ ਲਿਆਂਦੀ ਅਤੇ ਉਹਨਾਂ ਨੂੰ ਇਸੇ ਲਈ ਦੁਨੀਆਂ ਦੇ 2 ਪ੍ਰਤੀਸ਼ਤ ਵਿਗਿਆਨੀਆਂ ਵਿਚ ਗਿਣਿਆ ਜਾਂਦਾ ਹੈ| ਲੱਕੜ ਵਿਗਿਆਨ ਬਾਰੇ ਕੌਮਾਂਤਰੀ ਅਕੈਡਮੀ ਦੇ ਫੈਲੋ ਵਜੋਂ ਉਹਨਾਂ ਦੀ ਚੋਣ ਹੋਈ| ਡਾ. ਬਾਜਵਾ ਨੇ 48 ਗ੍ਰੈਜੂਏਟ ਅਤੇ 30 ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਨਾਲ-ਨਾਲ 9 ਪੋਸਟ ਡਾਕਟਰਲ ਖੋਜੀਆਂ ਦੀ ਅਗਵਾਈ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਉਹਨਾਂ ਨੂੰ ਵਧਾਈ ਦਿੱਤੀ| ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ ਨੇ ਸੰਸਾਰ ਭਰ ਵਿਚ ਯੂਨੀਵਰਸਿਟੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ| ਉਹਨਾਂ ਨੇ ਡਾ. ਬਾਜਵਾ ਨੂੰ ਮਿਲਣ ਵਾਲੇ ਇਸ ਵੱਕਾਰੀ ਪੁਰਸਕਾਰ ਨੂੰ ਪੀ.ਏ.ਯੂ. ਦੀਆਂ ਪ੍ਰਾਪਤੀਆਂ ਦੀ ਸੂਚੀ ਵਿਚ ਅਹਿਮ ਅਧਿਆਇ ਕਿਹਾ| ਉਹਨਾਂ ਕਿਹਾ ਕਿ ਡਾ. ਬਾਜਵਾ ਦੀ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਨੌਜਵਾਨ ਵਿਗਿਆਨੀਆਂ ਅਤੇ ਭਵਿੱਖ ਦੇ ਮਾਹਿਰਾਂ ਲਈ ਪ੍ਰੇਰਨਾਦਾਇਕ ਸਾਬਿਤ ਹੋਵੇਗੀ|