ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਸੁਗੰਧੀਦਾਰ, ਰੋਗ ਨਾਸ਼ਕ ਅਤੇ ਮਸਾਲੇ ਵਾਲੀਆਂ ਫਸਲਾਂ ਦੀ ਕਾਸ਼ਤ ਸਬੰਧੀ ਦੋ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਕੋਰਸ ਵਿੱਚ ਲਗਭਗ 23 ਸਿਖਿਆਰਥੀਆਂ ਨੇ ਭਾਗ ਲਿਆ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਸੁਗੰਧੀਦਾਰ, ਵੈਦਿਕ ਅਤੇ ਮਸਾਲੇਦਾਰ ਫਸਲਾਂ ਦੀ ਕਾਸ਼ਤ ਕਰਕੇ ਚੌਖਾ ਮੁਨਾਫਾ ਕਮਾ ਸਕਦੇ ਹਨ| ਇਸ ਕੋਰਸ ਦੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਮਾਹਿਰਾਂ ਕੋਲੋਂ ਕੋਰਸ ਦੀਆਂ ਬਾਰੀਕੀਆਂ ਸਿੱਖਣ ਦਾ ਭਰਪੂਰ ਮੌਕਾ ਪ੍ਰਾਪਤ ਹੋਇਆ| ਇਸ ਮੌਕੇ ਤੇ ਕੋਰਸ ਦੇ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਕੋਰਸ ਦੀ ਭੂਮਿਕਾ ਅਤੇ ਕੋਰਸ ਦੀ ਮਹਤੱਤਾ ਬਾਰੇ ਸਿਖਿਆਰਥੀਆਂ ਨੂੰ ਜਾਣੂੰ ਕਰਵਾਇਆ|
ਇਸ ਦੋ ਦਿਨਾਂ ਕੋਰਸ ਵਿੱਚ ਕੋਰਸ ਦੇ ਤਕਨੀਕੀ ਮਾਹਿਰ ਡਾ. ਰਾਜਿੰਦਰ ਕੁਮਾਰ ਨੇ ਸੁਗੰਧੀਦਾਰ, ਰੋਗ ਨਾਸ਼ਕ ਅਤੇ ਮਸਾਲੇਦਾਰ ਫਸਲਾਂ ਦੀ ਕਾਸ਼ਤ ਕਰਨ ਦੀ ਮਹਤੱਤਾ ਅਤੇ ਪੁਦੀਨੇ ਤੇ ਹਲਦੀ ਦੀ ਸਫਲ ਕਾਸ਼ਤ ਬਾਰੇ, ਡਾ. ਜਗਮੋਹਣ ਕੌਰ ਨੇ ਸੁਗੰਧੀਦਾਰ, ਰੋਗ ਨਾਸ਼ਕ ਅਤੇ ਮਸਾਲੇਦਾਰ ਫਸਲਾਂ ਦੁਆਰਾ ਫਸਲੀ ਘਣਤਾ ਬਾਰੇ, ਡਾ. ਅਮਨਦੀਪ ਸਿੰਘ ਸਿੱਧੂ ਨੇ ਸੁਗੰਧੀਦਾਰ, ਵੈਦਿਕ ਅਤੇ ਮਸਾਲੇਦਾਰ ਫਸਲਾਂ ਕਾਸ਼ਤ ਦੇ ਢੰਗਾਂ ਬਾਰੇ, ਡਾ. ਮਨਵੀਰ ਸਿੰਘ ਨੇ ਸੁਗੰਧੀਦਾਰ, ਵੈਦਿਕ ਅਤੇ ਮਸਾਲੇਦਾਰ ਫਸਲਾਂ ਦੀ ਕਾਸ਼ਤ ਦੇ ਸੁਚੱਜੇ ਮੰਡੀਕਰਨ ਬਾਰੇ,ਡਾ. ਨੀਰਜ ਰਾਣੀ ਨੇ ਵਰਮੀ ਕੰਮਪੋਸਟ ਬਾਰੇ,ਡਾ.ਵਿਜੈਂਦਰ ਕਾਲੜਾ ਨੇ ਸੀਡ ਸਪਾਇਸਜ ਬਾਰੇ, ਡਾ.ਗੁਰਵੀਰ ਕੌਰ ਨੇ ਇਹਨਾਂ ਫਸਲਾਂ ਦੀ ਪ੍ਰੋਸੈਸਿੰਗ ਦੇ ਢੰਗਾਂ ਬਾਰੇ ਅਤੇ ਡਾ. ਪੂਨਮ ਬਖੇਟੀਆਂ ਨੇ ਇਹਨਾਂ ਫਸਲਾਂ ਦੀ ਖੁਰਾਕੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ| ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਹਰਬਲ ਗਾਰਡਨ ਅਤੇ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਵੀ ਕਰਵਾਇਆ |
ਅੰਤ ਵਿੱਚ ਸ੍ਰੀਮਤੀ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਕਿੱਲ ਡਿਵੈਂਲਪਮੈਂਟ ਵਿੱਚ ਹੋਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ|
