Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਨੇ ਦੇਸ਼ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਸਿਖਰ ਤੇ ਰਹਿਣ ਦੀ ਪ੍ਰੰਪਰਾ ਬਰਕਰਾਰ ਰੱਖੀ; ਐੱਨ ਆਈ ਆਰ ਐੱਫ ਦੀ 2025 ਰੈਂਕਿੰਗ ਵਿਚ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ

ਪੀ.ਏ.ਯੂ. ਨੇ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਹੋਣ ਦਾ ਤਾਜ ਬਰਕਰਾਰ ਰੱਖਿਆ ਹੈ| ਰਾਸ਼ਟਰੀ ਸੰਸਥਾਈ ਰੈਂਕਿੰਗ ਫਰੇਮਵਰਕ (ਐੱਨ ਆਈ ਆਰ ਐੱਫ) 2025 ਦੀ ਬੀਤੇ ਦਿਨੀਂ ਐਲਾਨੀ ਗਈ ਰੈਂਕਿੰਗ ਵਿਚ ਪੀ.ਏ.ਯੂ. ਨੂੰ ਦੇਸ਼ ਦੀ ਸਿਖਰਲੀ ਰਾਜ ਖੇਤੀ ਯੂਨੀਵਰਸਿਟੀ ਵਜੋਂ ਰੈਂਕਿੰਗ ਦਿੱਤੀ ਗਈ ਹੈ| ਇਸ ਰੈਂਕਿੰਗ ਦਾ ਐਲਾਨ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਚ ਕੀਤਾ ਗਿਆ| ਜ਼ਿਕਰਯੋਗ ਹੈ ਕਿ ਲਗਾਤਾਰ ਤੀਜੇ ਸਾਲ ਪੀ.ਏ.ਯੂ. ਨੇ ਇਸ ਰੈਂਕਿੰਗ ਵਿਚ ਸਿਖਰ ਤੇ ਰਹਿ ਕੇ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਅਤੇ ਮਜ਼ਬੂਤ ਖੇਤੀ ਖੋਜ, ਅਕਾਦਮਿਕ ਅਤੇ ਪਸਾਰ ਢਾਂਚੇ ਨੂੰ ਪ੍ਰਮਾਣਿਤ ਕੀਤਾ ਹੈ| ਖੇਤੀ ਸੰਸਥਾਵਾਂ ਦੇ ਵਿਸ਼ਾਲ ਸੰਦਰਭ ਵਿਚ ਖੇਤੀ ਅਤੇ ਸਹਾਇਕ ਖੇਤਰਾਂ ਵਾਲੇ ਸੰਸਥਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ| ਇਸ ਵਰਗ ਵਿਚ ਪੀ.ਏ.ਯੂ. ਨੇ ਭਾਰਤੀ ਖੇਤੀ ਖੋਜ ਸੰਸਥਾਨ (ਆਈ ਏ ਆਰ ਆਈ) ਨਵੀਂ ਦਿੱਲੀ ਅਤੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ ਕਰਨਾਲ ਤੋਂ ਬਾਅਦ ਤੀਸਰਾ ਦਰਜਾ ਹਾਸਲ ਕੀਤਾ| ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਰ੍ਹੇ 14000 ਤੋਂ ਵੱਧ ਸੰਸਥਾਵਾਂ ਨੇ ਇਸ ਰੈਂਕਿੰਗ ਲਈ ਬਿਨੈਪੱਤਰ ਭੇਜੇ ਸਨ| ਇਸ ਲਿਹਾਜ਼ ਨਾਲ ਪੀ.ਏ.ਯੂ. ਦੀ ਪ੍ਰਾਪਤੀ ਹੋਰ ਵੀ ਮੁੱਲਵਾਨ ਹੋ ਜਾਂਦੀ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਪ੍ਰੈੱਸ ਅਤੇ ਮੀਡੀਆ ਨਾਲ ਵਾਰਤਾਲਾਪ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਦੇ ਵਿਗਿਆਨੀਆਂ, ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਾਬਕਾ ਵਿਦਿਆਰਥੀਆਂ ਸਮੇਤ ਪੁਰਾਣੇ ਵਿਗਿਆਨੀਆਂ ਦੇ ਯੋਗਦਾਨ ਸਦਕਾ ਸੰਭਵ ਹੋ ਸਕਿਆ ਹੈ| ਉਹਨਾਂ ਕਿਹਾ ਕਿ ਪੀ.ਏ.ਯੂ. ਦਾ ਉਦੇਸ਼ ਨਾ ਸਿਰਫ ਰਾਸ਼ਟਰੀ ਪੱਧਰ ਤੇ ਆਪਣੇ ਕਾਰਜਾਂ ਦਾ ਤੁਆਰਫ ਕਰਾਉਣਾ ਹੈ ਬਲਕਿ ਸੰਸਾਰ ਪੱਧਰ ਤੇ ਇਸ ਸੰਸਥਾ ਨੇ ਖੇਤੀ ਵਿਗਿਆਨ ਨੂੰ ਜੋ ਯੋਗਦਾਨ ਦਿੱਤਾ ਉਸ ਬਾਰੇ ਵਾਕਫੀ ਦੇਣਾ ਵੀ ਹੈ| ਉਹਨਾਂ ਇਹ ਵੀ ਕਿਹਾ ਕਿ ਜਿਥੇ ਯੂਨੀਵਰਸਿਟੀ ਆਪਣੇ ਖੋਜ, ਪਸਾਰ ਅਤੇ ਅਕਾਦਮਿਕ ਕਾਰਜਾਂ ਨੂੰ ਮਜ਼ਬੂਤ ਕਰ ਰਹੀ ਹੈ ਉੱਥੇ ਅੰਤਰਰਾਸ਼ਟਰੀ ਪੱਧਰ ਤੇ ਵੱਡੀਆਂ ਸੰਸਥਾਵਾਂ ਨਾਲ ਸੰਪਰਕ ਅਤੇ ਸਾਂਝੀਦਾਰੀ ਲਈ ਠੋਸ ਕਦਮ ਵੀ ਪੁੱਟ ਰਹੀ ਹੈ| ਪੀ.ਏ.ਯੂ. ਦੇ ਕਾਰਜਾਂ ਵਿਉਂਤਬੰਦੀ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕੌਮਾਂਤਰੀ ਪੱਧਰ ਤੇ ਤਜਰਬਿਆਂ ਦੇ ਆਦਾਨ-ਪ੍ਰਦਾਨ ਲਈ ਯੂਨੀਵਰਸਿਟੀ ਨੇ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਨਾਲ ਸਾਂਝ ਦੇ ਮੌਕਿਆਂ ਦੀ ਤਲਾਸ਼ ਵੀ ਕੀਤੀ ਹੈ ਅਤੇ ਸਮਝੌਤੇ ਵੀ ਕੀਤੇ ਹਨ| ਇਸੇ ਦਿਸ਼ਾ ਵਿਚ ਨਵੀਆਂ ਅਕਾਦਮਿਕ ਲੋੜਾਂ ਦੇ ਮੱਦੇਨਜ਼ਰ ਸਕੂਲ ਆਫ ਡਿਜ਼ੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਹੋਂਦ ਵਿਚ ਆਇਆ| ਇਸ ਨਾਲ ਵਾਤਾਵਰਨ ਪੱਖੀ ਅਤੇ ਸਮਾਰਟ ਤਰੀਕਿਆਂ ਨਾਲ ਖੇਤੀ ਨੂੰ ਕਰਨ ਦਾ ਰਾਹ ਪੱਧਰਾ ਹੋਵੇਗਾ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਨਵੀਨੀਕਰਨ ਤੋਂ ਇਲਾਵਾ ਖੇਤੀ ਉੱਦਮ ਨੂੰ ਉਤਸ਼ਾਹਿਤ ਕਰਨ, ਕਿਸਾਨਾਂ ਨੂੰ ਨਵੀਨ ਖੇਤੀ ਸਿਖਲਾਈਆਂ ਨਾਲ ਭਰਪੂਰ ਕਰਨ ਅਤੇ ਡਿਜ਼ੀਟਲ ਮਾਧਿਅਮਾਂ ਰਾਹੀਂ ਪਸਾਰ ਕਾਰਜਾਂ ਦੇ ਫੈਲਾਅ ਵੱਲ ਵਿਸ਼ੇਸ ਧਿਆਨ ਦਿੱਤਾ ਹੈ|
ਮੌਜੂਦਾ ਸਮੇਂ ਕੀਤੇ ਜਾ ਰਹੇ ਵਿਸ਼ੇਸ਼ ਖੋਜ ਕਾਰਜਾਂ ਵੱਲ ਧਿਆਨ ਦਿਵਾਉਂਦਿਆਂ ਡਾ. ਗੋਸਲ ਨੇ ਇਸੇ ਸਾਲ ਯੂਨੀਵਰਸਿਟੀ ਵੱਲੋਂ ਜੀ ਐੱਨ ਐੱਸ ਐੱਸ ਅਧਾਰਿਤ ਸਵੈ ਸੰਚਾਲਿਤ ਟਰੈਕਟਰ ਦੀ ਕਾਢ ਬਾਰੇ ਜ਼ਿਕਰ ਕੀਤਾ| ਇਸ ਨਾਲ ਸੂਖਮ ਖੇਤੀ ਦੀ ਦਿਸ਼ਾ ਵਿਚ ਵੱਡਾ ਹੁਲਾਰਾ ਮਿਲਿਆ ਹੈ ਅਤੇ ਸਮਾਰਟ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦਾ ਯੂਨੀਵਰਸਿਟੀ ਦਾ ਮੰਤਵ ਸਿੱਧ ਹੁੰਦਾ ਦਿਸਦਾ ਹੈ| ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਰਿਮੋਟ ਕੰਟਰੋਲ ਅਧਾਰਿਤ ਦੋ ਪਹੀਆਂ ਵਾਲੀ ਝੋਨਾ ਲਾਉਣ ਵਾਲੀ ਪੈਡੀ ਟਰਾਂਸਪਲਾਂਟਰ ਮਸ਼ੀਨ ਜਾਰੀ ਕੀਤੀ ਜਿਸ ਨਾਲ ਮਜ਼ਦੂਰੀ ਨੂੰ 40 ਪ੍ਰਤੀਸ਼ਤ ਤੱਕ ਘਟਾ ਕੇ ਝੋਨਾ ਲੁਆਈ ਦੀ ਸਮਰੱਥਾ 12 ਪ੍ਰਤੀਸ਼ਤ ਤੱਕ ਵਧਾਈ ਜਾ ਸਕਦੀ ਹੈ| ਸੈਂਟਰ ਫਾਰ ਵਾਟਰ ਤਕਨਾਲੋਜੀ ਐਂਡ ਮੈਨੇਜਮੈਂਟ ਬਾਰੇ ਦੱਸਦਿਆ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਈ ਓ ਟੀ ਕੇਂਦਰਿਤ ਸਿੰਚਾਈ ਪ੍ਰਬੰਧ ਸੰਬੰਧੀ ਵੀ ਜਾਣਕਾਰੀ ਦਿੱਤੀ ਜਿਸ ਨਾਲ ਵੱਖ-ਵੱਖ ਮੌਸਮੀ ਸਥਿਤੀਆਂ, ਪਾਣੀ ਦੇ ਪੱਧਰ ਅਤੇ ਮਿੱਟੀ ਦੀ ਨਮੀਂ ਦੇ ਹਿਸਾਬ ਨਾਲ ਸਿੰਚਾਈ ਦਾ ਕਾਰਜ ਕੀਤਾ ਜਾ ਸਕਦਾ ਹੈ| ਇਹ ਤਰੀਕਾ ਨਾ ਸਿਰਫ ਵਾਤਾਵਰਨ ਪੱਖੀ ਬਲਕਿ ਊਰਜਾ ਦੀ ਬੱਚਤ ਕਰਨ ਵਾਲਾ ਵੀ ਹੈ| ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਦੇ ਮੁਸ਼ੱਕਤ ਵਾਲੇ ਕਾਰਜ ਨੂੰ ਸੌਖਾ ਕਰਕੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਦੁਵੱਲੇ ਕਾਰਜ ਨੂੰ ਸੰਭਵ ਬਨਾਉਣਾ ਇਹਨਾਂ ਤਕਨਾਲੋਜੀਆਂ ਦਾ ਮੂਲ ਮੰਤਵ ਹੈ| ਇਸਦੇ ਨਾਲ ਹੀ ਵਾਈਸ ਚਾਂਸਲਰ ਨੇ ਵੱਖ-ਵੱਖ ਫਸਲਾਂ ਦੀਆਂ ਵਾਤਾਵਰਨ ਪੱਖੀ ਕਿਸਮਾਂ ਦੀ ਖੋਜ ਵੱਲ ਧਿਆਨ ਦਿਵਾਇਆ ਜੋ ਤਾਪ, ਸੋਕਾ ਅਤੇ ਕੀੜਿਆਂ ਦਾ ਸਾਹਮਣਾ ਕਰਨ ਦੇ ਸਮਰਥ ਹਨ| ਨਾਲ ਹੀ ਉਹਨਾਂ ਕਿਹਾ ਕਿ ਝੋਨੇ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਪੱਖੋਂ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਸੋਮਿਆਂ ਦੀ ਸੰਭਾਲ ਪੱਖੋਂ ਵੱਡਾ ਹੁੰਗਾਰਾ ਪੈਦਾ ਕਰਨ ਦਾ ਕਾਰਜ ਕੀਤਾ ਹੈ| ਨਾਲ ਹੀ ਉਹਨਾਂ ਨੇ ਪੋਸ਼ਣ ਦੀ ਦਿਸ਼ਾ ਵਿਚ ਵੀ ਨਵੀਆਂ ਕਿਸਮਾਂ ਦੀ ਖੋਜ ਬਾਰੇ ਕੀਤੇ ਜਾ ਰਹੇ ਕਾਰਜਾਂ ਬਾਰੇ ਸਾਂਝ ਪੁਆਈ| ਕਿਸਾਨਾਂ ਨੂੰ ਵਿਗਿਆਨਕ ਖੇਤੀ ਜਾਣਕਾਰੀ ਨਾਲ ਭਰਪੂਰ ਕਰਨ ਦੇ ਉਦੇਸ਼ ਤੋਂ ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਜ਼ਿਕਰ ਡਾ. ਗੋਸਲ ਨੇ ਕੀਤਾ| ਉਹਨਾਂ ਕਿਹਾ ਕਿ ਸੈਂਟਰ ਨੇ ਹੁਣ ਤੱਕ 150 ਤੋਂ ਵਧੇਰੇ ਖੇਤੀ ਉੱਦਮੀਆਂ ਨੂੰ ਉਦਯੋਗ ਨਾਲ ਜੋੜਨ ਲਈ ਸਿਖਲਾਈ ਅਤੇ ਅਗਵਾਈ ਪ੍ਰਦਾਨ ਕੀਤੀ ਹੈ| ਪੇਂਡੂ ਖੇਤਰਾਂ ਵਿਚ ਸਵੈ-ਰੁਜ਼ਗਾਰ ਪੈਦਾ ਕਰਨ ਵਿਚ ਇਹਨਾਂ ਸਿਖਲਾਈਆਂ ਦੀ ਭੂਮਿਕਾ ਵੱਧ ਰਹੀ ਹੈ| ਡਾ. ਗੋਸਲ ਨੇ ਕਿਹਾ ਕਿ ਇਹ ਪ੍ਰਾਪਤੀ ਸਿਰਫ ਟਰਾਫੀਆਂ ਜਾਂ ਸ਼ੋਭਾ ਪੱਤਰ ਨਹੀਂ ਬਲਕਿ ਸੰਸਥਾ ਵੱਲੋਂ ਦਹਾਕਿਆਂ ਵਿਚ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਜਿੱਤਿਆ ਗਿਆ ਭਰੋਸਾ ਹੈ| ਨਾਲ ਹੀ ਉਹਨਾਂ ਨੇ ਮੌਜੂਦਾ ਸਮੇਂ ਹੜ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨਾਲ ਖੜਨ ਦਾ ਤਹੱਈਆ ਦੋਹਰਾਇਆ ਅਤੇ ਕਿਹਾ ਕਿ ਪੀ.ਏ.ਯੂ. ਹਰ ਤਰ੍ਹਾਂ ਦੀ ਤਕਨੀਕੀ ਅਤੇ ਲੋੜੀਂਦੀ ਅਗਵਾਈ ਦੇਣ ਲਈ ਤਿਆਰ-ਬਰ-ਤਿਆਰ ਹੈ| ਐੱਨ ਆਈ ਆਰ ਐੱਫ ਦੀ ਰੈਂਕਿੰਗ ਲਈ ਤਿਆਰ ਕੀਤੇ ਗਏ ਤਜਵੀਜ਼ੀ ਪੱਤਰ ਨੂੰ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਦੀ ਅਗਵਾਈ ਵਿਚ ਤਿਆਰ ਕੀਤਾ ਗਿਆ ਸੀ| ਡਾ. ਗਿੱਲ ਨੇ ਇਸ ਮੌਕੇ ਇਸ ਪ੍ਰਾਪਤੀ ਨੂੰ ਪੀ.ਏ.ਯੂ. ਦੀ ਮਿਆਰੀ ਸਿੱਖਿਆ, ਨਿਰੰਤਰ ਖੋਜ ਅਤੇ ਅਣਥੱਕ ਪਸਾਰ ਕਾਰਜਾਂ ਦੀ ਪ੍ਰਮਾਣਿਕਤਾ ਕਿਹਾ| ਉਹਨਾਂ ਕਿਹਾ ਕਿ ਸਿਖਰ ਤੇ ਪਹੁੰਚਣਾ ਔਖਾ ਹੈ ਪਰ ਇਸ ਨੂੰ ਬਰਕਰਾਰ ਰੱਖਣਾ ਹੋਰ ਵੀ ਔਖਾ ਅਤੇ ਮਿਹਨਤ ਵਾਲਾ ਕਾਰਜ ਹੈ| ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪੀ.ਏ.ਯੂ. ਨੇ ਭਾਰਤੀ ਸੰਸਥਾਈ ਰੈਂਕਿੰਗ ਫਰੇਮਵਰਕ (ਆਈ ਆਈ ਆਰ ਐਫ) 2025 ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਐਜੂਰੈਂਕ 2025 ਦੀ ਰੈਂਕਿੰਗ ਵਿਚ ਦੁਨੀਆਂ ਦੀਆਂ ਸਰਵੋਤਮ 100 ਸੰਸਥਾਵਾਂ ਵਿਚ ਵੀ ਪੀ.ਏ.ਯੂ. ਦਾ ਸ਼ੁਮਾਰ ਹੋਇਆ| ਲਗਾਤਾਰ ਤਿੰਨ ਸਾਲ ਦੇਸ਼ ਦੀ ਸਿਖਰਲੀ ਸੰਸਥਾ ਬਣਨ ਨਾਲ ਪੀ.ਏ.ਯੂ. ਨੇ ਕਿਸਾਨ, ਕਿਸਾਨੀ ਸਮਾਜ ਅਤੇ ਦੇਸ਼ ਦੀ ਖੇਤੀ ਨੂੰ ਜੋ ਵਿਗਿਆਨਕ ਅਤੇ ਆਧੁਨਿਕ ਯੋਗਦਾਨ ਦਿੱਤਾ ਉਸਦੀ ਪਛਾਣ ਦਾ ਰਾਸ਼ਟਰੀ ਪੱਧਰ ਤੇ ਮਾਣਮੱਤਾ ਅਧਿਆਇ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਹੈ|