ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਬੀਤੇ ਦਿਨੀਂ ਐੱਸ ਸੀ ਐੱਸ ਪੀ ਯੋਜਨਾ ਤਹਿਤ ਇਕ ਦਿਨ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ| ਅਨੁਸੂਚਿਤ ਜਾਤੀ ਦੇ ਭੋਜਨ ਪ੍ਰੋਸੈਸਿੰਗ ਨਾਲ ਜੁੜੇ ਲਾਭਪਾਤਰੀਆਂ ਲਈ ਇਹ ਚੌਥਾ ਸਿਖਲਾਈ ਪ੍ਰੋਗਰਾਮ ਹੈ| ਹੁਣ ਤੱਕ 100 ਤੋਂ ਵਧੇਰੇ ਲਾਭਪਾਤਰੀ ਇਸ ਯੋਜਨਾ ਦੇ ਸਿਖਲਾਈ ਪ੍ਰੋਗਰਾਮਾਂ ਦਾ ਲਾਭ ਲੈ ਚੁੱਕੇ ਹਨ|
ਇਸ ਪ੍ਰੋਗਰਾਮ ਦਾ ਸਿਰਲੇਖ ਖੇਤੀ ਪ੍ਰੋਸੈਸਿੰਗ ਵਿਚ ਉੱਦਮ ਦਾ ਵਿਕਾਸ ਰੱਖਿਆ ਗਿਆ ਸੀ ਅਤੇ ਇਸਨੂੰ ਆਈ ਸੀ ਏ ਆਰ ਦੇ ਅਨੁਸੂਚਿਤ ਜਾਤੀ ਸਬ ਪਲਾਨ ਤਹਿਤ ਆਯੋਜਿਤ ਕੀਤਾ ਗਿਆ ਸੀ| ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਗੀਦਾਰਾਂ ਨੂੰ ਛੋਟੇ ਪੱਧਰ ’ਤੇ ਖੇਤੀ ਪ੍ਰੋਸੈਸਿੰਗ ਅਧਾਰਿਤ ਯੂਨਿਟ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਅਤੇ ਅਗਵਾਈ ਪ੍ਰਦਾਨ ਕਰਨਾ ਸੀ| ਇਸ ਸਿਖਲਾਈ ਪ੍ਰੋਗਰਾਮ ਵਿੱਚ 25 ਲਾਭਪਾਤਰੀਆਂ ਨੇ ਹਿੱਸਾ ਲਿਆ|
ਉਦਘਾਟਨੀ ਭਾਸ਼ਣ ਦਿੰਦਿਆਂ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਮੁੱਖ ਵਿਗਿਆਨੀ ਡਾ. ਐਮ. ਐੱਸ. ਆਲਮ ਨੇ ਭੋਜਨ ਪ੍ਰੋਸੈਸਿੰਗ ਨੂੰ ਪਿੰਡਾਂ ਵਿੱਚ ਆਮਦਨ ਵਧਾਉਣ, ਰੋਜ਼ਗਾਰ ਪੈਦਾ ਕਰਨ ਅਤੇ ਫਸਲੀ ਭਿੰਨਤਾ ਨੂੰ ਉਤਸ਼ਾਹਿਤ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਦੱਸਿਆ| ਡਾ. ਰੋਹਿਤ ਸ਼ਰਮਾ ਨੇ ਮਸਾਲਿਆਂ ਦੀ ਫਾਰਮ-ਲੈਵਲ ਪ੍ਰੋਸੈਸਿੰਗ ਰਾਹੀਂ ਵਾਧੂ ਮੁਨਾਫ਼ਾ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ| ਡਾ. ਮਨਪ੍ਰੀਤ ਕੌਰ ਸੈਣੀ ਨੇ ਅਨਾਜ ਅਤੇ ਦਾਲਾਂ ਦੀ ਸੁਰੱਖਿਅਤ ਸਟੋਰੇਜ ਬਾਰੇ ਵਿਗਿਆਨਕ ਤੇ ਅਮਲੀ ਤਰੀਕੇ ਸਮਝਾਏ, ਤਾਂ ਜੋ ਪੋਸਟ-ਹਾਰਵੈਸਟ ਨੁਕਸਾਨ ਘਟਾਏ ਜਾ ਸਕਣ| ਡਾ. ਗਗਨਦੀਪ ਕੌਰ ਨਾਗਰਾ ਨੇ ਖੁੰਬਾਂ ਦੀ ਪ੍ਰੋਸੈਸਿੰਗ ਅਤੇ ਇਸ ਨਾਲ ਜੁੜੀਆਂ ਕਾਰੋਬਾਰੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ| ਡਾ. ਸੰਧਿਆ ਨੇ ਛੋਟੇ ਪੱਧਰ ’ਤੇ ਅਨਾਜ ਤੇ ਦਾਲਾਂ ਦੀ ਪ੍ਰੋਸੈਸਿੰਗ ਲਈ ਸੌਖੀਆਂ ਅਤੇ ਅਸਾਨੀ ਨਾਲ ਅਪਣਾਈ ਜਾ ਸਕਣ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ| ਭਾਗੀਦਾਰਾਂ ਨੂੰ ਛੋਟੇ ਪੱਧਰ ਦੀ ਪੋਸਟ-ਹਾਰਵੇਸਟ ਮਸ਼ੀਨਰੀ ਦਾ ਨਮੂਨਾ ਵੀ ਦਿਖਾਇਆ ਗਿਆ, ਜਿਸ ਨਾਲ ਉਨ੍ਹਾਂ ਨੂੰ ਸਾਜ਼ੋ-ਸਾਮਾਨ ਦੀ ਵਰਤੋਂ ਅਤੇ ਫਾਇਦੇ ਦੀ ਸਪਸ਼ਟ ਸਮਝ ਮਿਲੀ|
ਸਮਾਪਤੀ ਸੈਸ਼ਨ ਦੌਰਾਨ ਡਾ. ਟੀ. ਸੀ. ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ, ਨੇ ਭਾਗੀਦਾਰਾਂ ਨੂੰ ਸਿਖਲਾਈ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ| ਉਨ੍ਹਾਂ ਨੇ ਕਿਹਾ ਕਿ ਵਿਭਾਗ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਲਈ ਆਮਦਨ ਦੇ ਨਵੇਂ ਰਸਤੇ ਖੋਲ੍ਹਣ ਵਾਲੀਆਂ ਤਕਨੀਕਾਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ|
ਪ੍ਰੋਗਰਾਮ ਦਾ ਸਮਾਪਨ ਭਾਗੀਦਾਰਾਂ ਨੂੰ ਭੋਜਨ ਪ੍ਰੋਸੈਸਿੰਗ ਕਿੱਟਾਂ ਅਤੇ ਖੇਤੀ ਸਾਹਿਤ ਵੰਡ ਕੇ ਕੀਤਾ ਗਿਆ|
