Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਪ੍ਰਬੰਧਕੀ ਬੋਰਡ ਮੈਂਬਰ ਸ. ਅਮਰਜੀਤ ਸਿੰਘ ਢਿੱਲੋਂ ਵੱਲੋਂ ਕੇ.ਵੀ.ਕੇ. ਫਿਰੋਜ਼ਪੁਰ ਅਤੇ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਅਮਰਜੀਤ ਸਿੰਘ ਢਿੱਲੋਂ ਨੇ 18 ਦਸੰਬਰ 2025 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਫਿਰੋਜ਼ਪੁਰ ਅਤੇ ਜ਼ਿਲ੍ਹੇ ਦੇ ਪਿੰਡਾਂ ਤੱਲੀ ਸੈਦਾ ਸਾਹੁ ਅਤੇ ਕਰਮੂੰਵਾਲਾ ਦਾ ਰਣਨੀਤਕ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਸਰਕਾਰੀ ਅਤੇ ਯੂਨੀਵਰਸਿਟੀ ਨੀਤੀਆਂ ਨੂੰ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਨਾਲ ਜੋੜਦੇ ਹੋਏ ਅਗਾਂਹਵਧੂ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਾ ਸੀ।

ਦੌਰੇ ਦੀ ਸ਼ੁਰੂਆਤ ਕੇ.ਵੀ.ਕੇ. ਫਿਰੋਜ਼ਪੁਰ ਵਿਖੇ ਆਯੋਜਿਤ ਕਿਸਾਨ ਗੋਸ਼ਠੀ ਨਾਲ ਹੋਈ, ਜਿਸ ਵਿੱਚ ਡਾ. ਗੁਰਮੇਲ ਸਿੰਘ ਸੰਧੂ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਫਿਰੋਜ਼ਪੁਰ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਅਗਾਂਹਵਧੂ ਕਿਸਾਨਾਂ ਨਾਲ ਜਾਣੂ ਕਰਵਾਇਆ। ਇਸ ਗੋਸ਼ਠੀ ਵਿੱਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੇ ਅਵਾਰਡੀ ਕਿਸਾਨ, ਮਿਰਚ ਦੇ ਸਫਲ ਕਾਸ਼ਤਕਾਰ, ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਵਰਤਣ ਵਾਲੇ ਕਿਸਾਨ, ਮਹਿਲਾ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜੀਆਂ ਕਿਸਾਨ ਬੀਬੀਆਂ, ਡੇਅਰੀ  ਫਾਰਮਿੰਗ, ਮੁਰਗੀ ਪਾਲਣ, ਮਧੂ ਮੱਖੀ ਪਾਲਣ, ਮੱਛੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨ ਵੀਰ ਸ਼ਾਮਿਲ ਸਨ। ਮੁੱਖ ਮਹਿਮਾਨ ਨੇ ਕਿਸਾਨਾਂ ਨਾਲ ਖੇਤੀ ਅਤੇ ਸਹਾਇਕ ਧੰਦਿਆਂ ਨਾਲ ਜੁੜੀਆਂ ਸਮੱਸਿਆਵਾਂ, ਚੁਣੌਤੀਆਂ ਅਤੇ ਸੁਝਾਵਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

ਇਸ ਤੋਂ ਬਾਅਦ ਸ. ਅਮਰਜੀਤ ਸਿੰਘ ਢਿੱਲੋਂ ਅਤੇ ਕੇ.ਵੀ.ਕੇ. ਦੀ ਟੀਮ ਨੇ ਪਿੰਡ ਤੱਲੀ ਸੈਦਾ ਸਾਹੁ ਦਾ ਦੌਰਾ ਕੀਤਾ, ਜਿੱਥੇ ਲਗਭਗ 100 ਏਕੜ ਰਕਬੇ ਵਿੱਚ ਗਾਜਰ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗਾਜਰ ਦੇ ਨਾਲ-ਨਾਲ ਲੱਸਣ ਅਤੇ ਹੋਰ ਸਬਜ਼ੀਆਂ ਦੀ ਕਾਸ਼ਤ ਅਤੇ ਸਹਾਇਕ ਧੰਦਿਆਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਨੇੜਲੇ ਪਿੰਡਾਂ ਤੋਂ ਆਏ ਕਿਸਾਨਾਂ ਨੇ ਵੀ ਆਪਣੇ ਤਜਰਬੇ ਅਤੇ ਸੁਝਾਅ ਸਾਂਝੇ ਕੀਤੇ।

ਟੀਮ ਵੱਲੋਂ ਪਿੰਡ ਕਰਮੂੰਵਾਲਾ ਵਿਖੇ ਆਲੂ ਦੀ ਐਰੋਪੋਨਿਕ ਵਿਧੀ ਨਾਲ ਬੀਜ ਤਿਆਰ ਕਰਨ ਵਾਲੇ ਸ ਮਨਪ੍ਰੀਤ ਸਿੰਘ ਸੰਧੂ ਦੇ ਫਾਰਮ ਵਿਖੇ ਵੀ ਵਿਚਾਰ ਗੋਸ਼ਟੀ ਕੀਤੀ ਗਈ ਜਿਥੇ ਕਿ ਆਲੂ ਦੀ ਫ਼ਸਲ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਜਿਵੇਂ ਕਿ ਮੁਰਗੀ ਪਾਲਣ ਆਦਿ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਖੇਤੀ ਨੂੰ ਮਜਬੂਤ ਕਰਨ ਲਈ ਕਿਸਾਨਾਂ ਦੇ ਸੁਝਾਅ ਵੀ ਲਏ ਗਏ।

ਦੌਰੇ ਦੇ ਅੰਤ ਵਿੱਚ ਸ. ਅਮਰਜੀਤ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਯੂਨੀਵਰਸਿਟੀ ਅਤੇ ਸਰਕਾਰੀ ਪੱਧਰ ’ਤੇ ਵੱਖ-ਵੱਖ ਮੰਚਾਂ ’ਤੇ ਉਭਾਰਿਆ ਜਾਵੇਗਾ, ਤਾਂ ਜੋ ਖੇਤੀਬਾੜੀ ਨੀਤੀਆਂ ਨੂੰ ਹੋਰ ਕਿਸਾਨ- ਪੱਖੀ ਅਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਇਕੱਠੇ ਹੋ ਕੇ ਗਰੁੱਪਾਂ ਦੇ ਰੂਪ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ, ਤਾਂ ਜੋ ਖੇਤੀ ਧੰਦਾ ਹੋਰ ਲਾਹੇਵੰਦ, ਟਿਕਾਊ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਬਣ ਸਕੇ। ਇਸ ਤਰ੍ਹਾਂ ਪੀ.ਏ.ਯੂ. ਵੱਲੋਂ ਪੰਜਾਬ ਦੀ ਖੇਤੀਬਾੜੀ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਲਈ ਜੜਾਂ ਤੋਂ ਉੱਭਰ ਰਹੀਆਂ ਨਵੀਨਤਾਵਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ।