Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ. ਯੂ.- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਹਮੇਸ਼ਾ ਸਮਰਪਿਤ ਰਹੇਗੀ : ਡਾ ਤੇਜਿੰਦਰ ਸਿੰਘ ਰਿਆੜ

ਅੱਜ ਪੀ ਏ ਯੂ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਇਕ ਵਿਸ਼ੇਸ਼ ਪ੍ਰੈਸ ਵਾਰਤਾ ਵਿਚ ਯੂਨੀਵਰਸਿਟੀ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦਾ ਉਲੇਖ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਸਥਾਪਨਾ ਤੋਂ ਹੀ ਇਹ ਸੰਸਥਾ ਨਾ ਸਿਰਫ ਖੇਤੀ ਵਿਗਿਆਨ ਬਲਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਰਹੀ ਹੈ। ਯੂਨੀਵਰਸਿਟੀ ਨੇ ਸਦਾ ਇਸ ਗੱਲ ਨੂੰ ਆਪਣੇ ਤਰਜੀਹੀ ਏਜੰਡੇ ਤੇ ਰੱਖਿਆ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਵਿਕਾਸ ਹੋਵੇ। ਡਾ ਰਿਆੜ ਨੇ ਕਿਹਾ ਕਿ ਇਸਦਾ ਪ੍ਰਮਾਣ ਹੈ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਸਾਹਿਤ ਦੇ ਖੇਤਰ ਵਿਚ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਗਿਣਤੀ ਪੀ ਏ ਯੂ ਵਿਚ ਵੱਧ ਰਹੀ ਹੈ। ਸ਼੍ਰੀ ਕੁਲਵੰਤ ਸਿੰਘ ਵਿਰਕ, ਸ ਗੁਲਜ਼ਾਰ ਸਿੰਘ ਸੰਧੂ, ਡਾ ਸੁਰਜੀਤ ਪਾਤਰ ਨੇ ਪੀ ਏ ਯੂ ਵਿਚ ਆਪਣੀਆਂ ਸੇਵਾਵਾਂ ਦੇ ਦੌਰਾਨ ਹੀ ਉੱਚ ਪੱਧਰੀ ਸਾਹਿਤਕ ਸਨਮਾਨ ਹਾਸਿਲ ਕੀਤੇ। ਇਸ ਤੋਂ ਬਿਨਾਂ ਪੰਜਾਬੀ ਸਾਹਿਤ ਦੇ ਉਨ੍ਹਾਂ ਨਾਵਾਂ ਦੀ ਸੂਚੀ ਬਹੁਤ ਲੰਮੇਰੀ ਹੈ ਜਿਨ੍ਹਾਂ ਨੇ ਇਸ ਸੰਸਥਾ ਨਾਲ ਜੁੜ ਕੇ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਲਈ ਕੰਮ ਵੀ ਕੀਤਾ ਅਤੇ ਆਪਣੀਆਂ ਸੇਵਾਵਾਂ ਵੀ ਨਿਭਾਈਆਂ।

ਡਾ ਰਿਆੜ ਨੇ ਕਿਹਾ ਕਿ ਪੀ ਏ ਯੂ ਕੌਮਾਂਤਰੀ ਪੱਧਰ ਦੇ ਖੇਤੀ ਗਿਆਨ ਵਿਗਿਆਨ ਨਾਲ ਜੁੜੀ ਸੰਸਥਾ ਹੋਣ ਕਾਰਨ ਇਸਦੇ ਬਹੁਤੇ ਅਕਾਦਮਿਕ ਕਾਰਜ ਅੰਗਰੇਜ਼ੀ ਵਿਚ ਕੀਤੇ ਜਾਂਦੇ ਹਨ ਪਰ ਪ੍ਰਕਾਰਜੀ ਪੱਧਰ ਤੇ ਇਹ ਸੰਸਥਾ ਪੰਜਾਬੀ ਦੀ ਵਰਤੋਂ ਲਈ ਵਚਨਬੱਧ ਹੈ। ਯੂਨੀਵਰਸਿਟੀ ਦੀ ਵੈੱਬਸਾਈਟ ਦੇ ਪੰਜਾਬੀਕਰਨ ਦਾ ਪ੍ਰੋਜੈਕਟ ਨਿਰੰਤਰ ਜਾਰੀ ਹੈ, ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਮੁੱਖ ਸਥਾਨਾਂ ਦੇ ਨਿਰਦੇਸ਼ਾਂ ਲਈ ਪੰਜਾਬੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੱਤਰ ਵਿਹਾਰ ਨੂੰ ਵੀ ਜਿੰਨਾ ਸੰਭਵ ਹੋ ਸਕੇ ਪੰਜਾਬੀ ਵਿਚ ਕੀਤੇ ਜਾਣ ਦੀ ਕਵਾਇਦ ਆਰੰਭ ਹੋ ਚੁੱਕੀ ਹੈ।
ਡਾ ਰਿਆੜ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਛਾਪਿਆ ਜਾਣ ਵਾਲਾ ਖੇਤੀ ਸਾਹਿਤ ਅਤੇ ਪਸਾਰ ਗਤੀਵਿਧੀਆਂ ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਹੀ ਕੀਤੀ ਜਾਂਦੀ ਹੈ। ਨਾਲ ਹੀ ਪੰਜਾਬੀ ਦੇ ਅਖਾਣਾ ਮੁਹਾਵਰੇ ਅਤੇ ਤਕਨੀਕੀ ਸ਼ਬਦਾਵਲੀ ਬਾਰੇ ਵੀ ਪੰਜਾਬੀ ਵਿਚ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੀ ਏ ਯੂ ਵਿਚ ਸਥਾਪਿਤ ਪੇਂਡੂ ਸੱਭਿਅਤਾ ਦੇ ਅਜਾਇਬ ਘਰ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਡਾ ਰਿਆੜ ਨੇ ਦੱਸਿਆ ਕਿ ਇਸ ਵਿਚ ਪਿਛਲੀਆਂ ਕੁਝ ਸਦੀਆਂ ਦੇ ਖੇਤੀ ਅਤੇ ਪੇਂਡੂ ਵਿਕਾਸ ਨੂੰ ਸਾਂਭਣ ਸੰਭਾਲਣ ਦੇ ਯਤਨਾਂ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਮਿਲੀ ਹੈ।

ਡਾ ਰਿਆੜ ਨੇ ਦੱਸਿਆ ਕਿ ਮੌਜੂਦਾ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣ ਦਾ ਤਹੱਈਆ ਆਪ ਵੀ ਕੀਤਾ ਹੈ ਤੇ ਇਸ ਸੰਬੰਧੀ ਬਾਕੀ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਦੇ ਨਾਲ ਸਮੂਹ ਅਮਲੇ ਨੂੰ ਵੀ ਸਦਾ ਪ੍ਰੇਰਿਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਕਿਸੇ ਵੀ ਯੋਗ ਕਦਮ ਤੋਂ ਪਿਛਾਂਹ ਹਟਣ ਦੀ ਥਾਂ ਪੰਜਾਬੀ ਮਾਂ ਬੋਲੀ ਨੂੰ ਅਗੇਰੇ ਲੈ ਜਾਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤੇ ਇਸ ਲਈ ਪੀ ਏ ਯੂ ਹਮੇਸ਼ਾ ਅਪਣਾ ਯੋਗਦਾਨ ਪਾਉਂਦੀ ਰਹੇਗੀ।