ਆਈ ਆਈ ਟੀ ਮਦਰਾਸ ਦੇ ਬਾਇਓਤਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਡਾ. ਹਿਮਾਂਸ਼ੂ ਸਿਨਹਾ ਦਾ ਇਕ ਵਿਸ਼ੇਸ਼ ਭਾਸ਼ਣ ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੈਟਿਕਸ ਵਿਭਾਗ ਵਿਖੇ ਕਰਵਾਇਆ ਗਿਆ| ਇਸ ਭਾਸ਼ਣ ਦੌਰਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਉਹਨਾਂ ਨੇ ਪ੍ਰੋਫੈਸਰ ਹਿਮਾਂਸ਼ੂ ਸਿਨਹਾ ਦੇ ਪੀ.ਏ.ਯੂ. ਤੋਂ ਲੈ ਕੇ ਕੈਂਬਰਿਜ਼ ਅਤੇ ਫਿਰ ਆਈ ਆਈ ਟੀ ਮਦਰਾਸ ਤੱਕ ਦੀ ਯਾਤਰਾ ਬਾਰੇ ਗੱਲ ਕੀਤੀ ਅਤੇ ਨਾਲ ਹੀ ਉਹਨਾਂ ਵੱਲੋਂ ਆਪਣੇ ਵਿਸ਼ੇ ਵਿਚ ਪਾਏ ਖੋਜ ਯੋਗਦਾਨ ਨੂੰ ਅੰਕਿਤ ਕਰਦਿਆਂ ਭਵਿੱਖ ਵਿਚ ਉਹਨਾਂ ਦੀਆਂ ਸੇਵਾਵਾਂ ਨਾਲ ਸਾਂਝਦਾਰੀ ਵਧਾਉਣ ਦੀ ਇੱਛਾ ਪ੍ਰਗਟਾਈ|
ਪ੍ਰੋਫੈਸਰ ਹਿਮਾਂਸ਼ੂ ਸਿਨਹਾ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਹਾਜ਼ਰ ਸਰੋਤਿਆਂ ਨੂੰ ਜੀਨ ਵਿਗਿਆਨ ਦੇ ਪ੍ਰਕਾਰਜ ਅਤੇ ਭਿੰਨਤਾਵਾਂ ਸੰਬੰਧੀ ਜਾਣਕਾਰੀ ਦਿੱਤੀ| ਉਹਨਾਂ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਇਹ ਦੱਸਿਆ ਕਿ ਜੀਨ ਵਿਗਿਆਨਕ ਵਖਰੇਵੇਂ ਨਵੀਆਂ ਕਿਸਮਾਂ ਦੇ ਸੁਧਾਰ ਅਤੇ ਪੈਦਾਵਾਰ ਲਈ ਆਪਣਾ ਪ੍ਰਭਾਵ ਕਿਸ ਤਰ੍ਹਾਂ ਦਰਜ ਕਰਦੇ ਹਨ| ਇਸਦੇ ਨਾਲ ਹੀ ਉਹਨਾਂ ਨੇ ਫ਼ਸਲਾਂ ਅਤੇ ਮਨੁੱਖੀ ਸਿਹਤ ਉੱਪਰ ਜੀਨ ਵਿਗਿਆਨ ਦੇ ਅਸਰਕਾਰੀ ਤਜਰਬੇ ਵੀ ਸਾਂਝੇ ਕੀਤੇ| ਡਾ. ਹਿਮਾਂਸ਼ੂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਅਕਾਦਮਿਕ ਸਫਰ ਪੀ.ਏ.ਯੂ. ਤੋਂ ਸ਼ੁਰੂ ਕੀਤਾ| ਇੱਥੇ ਡਾ. ਮਨਜੀਤ ਸਿੰਘ ਗਿੱਲ ਅਤੇ ਡਾ. ਸਤਿਬੀਰ ਸਿੰਘ ਗੋਸਲ ਦੀ ਨਿਗਰਾਨੀ ਹੇਠ ਮਾਸਟਰ ਡਿਗਰੀ ਕਰਨ ਤੋਂ ਬਾਅਦ ਉਹ ਕੈਂਬਰਿਜ ਯੂਨੀਵਰਸਿਟੀ ਵਿਚ ਪੀ ਐੱਚ ਡੀ ਲਈ ਚਲੇ ਗਏ| ਹੁਣ ਉਹ ਮਦਰਾਸ ਵਿਖੇ ਇਕ ਅੰਤਰ ਅਨੁਸਾਸ਼ਨੀ ਟੀਮ ਦਾ ਹਿੱਸਾ ਬਣ ਕੇ ਵਸੋਂ ਦੇ ਜੀਨ ਵਿਗਿਆਨ ਅਤੇ ਸਾਂਝੇ ਮਲਟੀਓਮਿਕਸ ਸੰਬੰਧੀ ਖੋਜ ਕਰ ਰਹੇ ਹਨ| ਨਾਲ ਹੀ ਉਹ ਵਾਧਵਾਨੀ ਡਾਟਾ ਵਿਗਿਆਨ ਸਕੂਲ ਅਤੇ ਏ ਆਈ ਨਾਲ ਵੀ ਜੁੜੇ ਹੋਏ ਹਨ ਜਿੱਥੇ ਉਹ ਸਿਹਤ ਦੀ ਸੰਭਾਲ ਲਈ ਲੋੜੀਂਦੀਆਂ ਡਾਟਾ ਸੰਚਾਲਿਤ ਵਿਧੀਆਂ ਉੱਪਰ ਖੋਜ ਕਰ ਰਹੇ ਹਨ| ਉਹਨਾਂ ਦੇ ਸਮੂਹ ਵੱਲੋਂ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਪ੍ਰਯੋਗ ਕਰਕੇ ਵਿਸ਼ੇ ਨਾਲ ਸੰਬੰਧਤ ਨਵੀਆਂ ਖੋਜਾਂ ਅਤੇ ਸਿੱਟਿਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੰਯੁਕਤ ਜੀਵ ਵਿਗਿਆਨ ਅਤੇ ਪ੍ਰਬੰਧਕੀ ਔਸ਼ਧੀ ਵਿਗਿਆਨ ਸੰਬੰਧੀ ਨਵਾਂ ਕਾਰਜ ਕੀਤਾ ਜਾ ਸਕੇ| ਉਹਨਾਂ ਦੱਸਿਆ ਕਿ ਉਹ ਜੀਨੋਮ ਇੰਡੀਆ ਪ੍ਰੋਜੈਕਟ ਤਹਿਤ ਆਈ ਆਈ ਟੀ ਮਦਰਾਸ ਵਿਖੇ ਟੀਮ ਦੀ ਅਗਵਾਈ ਕਰਦੇ ਹਨ ਜਿਸਨੇ ਬਾਰੀਕ ਔਸ਼ਧੀ ਦੀ ਖੋਜ ਲਈ ਯਤਨਾਂ ਦੇ ਸਿਲਸਿਲੇ ਵਜੋਂ 10,000 ਮਨੁੱਖਾਂ ਦੇ ਜੀਨੋਮਾਂ ਦੀ ਲੜੀ ਤਿਆਰ ਕੀਤੀ ਹੈ|
ਇਸ ਸੈਸ਼ਨ ਦੌਰਾਨ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਯੋਗੇਸ਼ ਵਿਕਲ ਅਤੇ ਡਾ. ਗੁਰਦੇਵ ਸਿੰਘ ਖੁਸ਼ ਜੈਨੈਟਿਕਸ ਸੰਸਥਾਨ ਦੇ ਨਿਰਦੇਸ਼ਕ ਡਾ. ਸਤਿੰਦਰ ਕੌਰ ਸਮੇਤ ਬਹੁਤ ਸਾਰੇ ਵਿਦਿਆਰਥੀ ਅਤੇ ਖੋਜੀ ਮੌਜੂਦ ਰਹੇ| ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਸਤਵਿੰਦਰ ਕੌਰ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ| ਇਸ ਸੈਸ਼ਨ ਦਾ ਸੰਚਾਲਨ ਡਾ. ਧਰਮਿੰਦਰ ਭਾਟੀਆ ਨੇ ਕੀਤਾ|
