ਪੀ.ਏ.ਯੂ. ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਚੌਥੀ ਭਾਰਤੀ ਬਾਗਬਾਨੀ ਇਕੱਤਰਤਾ ਅਤੇ ਕੌਮੀ ਕਾਨਫਰੰਸ 2026 ਵਿਚ ਇਨਾਮ ਜਿੱਤ ਕੇ ਕਾਲਜ ਲਈ ਮਾਣ ਕਰਨ ਦਾ ਮੌਕਾ ਮੁਹੱਈਆ ਕਰਾਇਆ| ਇਸ ਕਾਨਫਰੰਸ ਨੂੰ ਰਾਣੀ ਲਕਸ਼ਮੀ ਬਾਈ ਕੇਂਦਰੀ ਖੇਤਰੀ ਯੂਨੀਵਰਸਿਟੀ ਝਾਂਸੀ ਵਿਖੇ ਬੀਤੇ ਦਿਨੀਂ ਆਯੋਜਿਤ ਕੀਤਾ ਗਿਆ ਸੀ| ਕਾਨਫਰੰਸ ਦਾ ਉਦੇਸ਼ ਸਿਹਤ ਅਤੇ ਆਰਥਿਕ ਪੱਖੋਂ ਸਥਿਰ ਵਿਕਾਸ ਲਈ ਦੇਸੀ ਅਤੇ ਘੱਟ ਵਰਤੋਂ ਵਾਲੀਆਂ ਬਾਗਬਾਨੀ ਫਸਲਾਂ ਉੱਪਰ ਕੇਂਦਰਿਤ ਰੱਖਿਆ ਗਿਆ ਸੀ| ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਵਿਸ਼ੇ ਨਾਲ ਸੰਬੰਧਿਤ ਉੱਚ ਪੱਧਰੀ ਵਿਗਿਆਨੀ, ਖੋਜੀ, ਉਦਯੋਗਿਕ ਮਾਹਿਰ ਅਤੇ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚੋਂ ਭਾਗ ਲਿਆ| ਇਸ ਦੌਰਾਨ ਬਾਗਬਾਨੀ ਖੇਤਰ ਦੇ ਸਥਿਰ ਵਿਕਾਸ ਦੇ ਰਾਹ ਵਿਚ ਆਉਣ ਵਾਲੀਆਂ ਚੁਣੌਤੀਆਂ ਅਤੇ ਉਹਨਾਂ ਦਾ ਹੱਲ ਕਰਨ ਲਈ ਨਵੀਨ ਤਕਨਾਲੋਜੀ ਸੰਬੰਧੀ ਵਿਚਾਰ-ਚਰਚਾ ਹੋਈ|
ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਦੌਰਾਨ ਪੇਪਰ ਪੇਸ਼ਕਾਰੀ ਵਰਗ ਵਿਚ ਜ਼ੁਬਾਨੀ ਅਤੇ ਪੋਸਟਰ ਬਣਾ ਕੇ ਆਪਣੀਆਂ ਖੋਜ ਲੱਭਤਾਂ ਮਾਹਿਰਾਂ ਸਾਹਮਣੇ ਰੱਖੀਆਂ| ਜ਼ੁਬਾਨੀ ਪੇਪਰ ਪੇਸ਼ਕਾਰੀ ਵਿਚ ਫਲ ਵਿਗਿਆਨ ਵਿਭਾਗ ਦੀ ਐੱਮ ਐੱਸ ਸੀ ਵਿਦਿਆਰਥਣ ਕੁਮਾਰੀ ਬਲਜੀਤ ਕੌਰ ਨੇ ਦਬਾਵਾਂ ਅਧੀਨ ਲੀਚੀ ਦੇ ਫ਼ਲ ਉੱਪਰ ਪੈਣ ਵਾਲੇ ਵਿਕਾਸ ਅਤੇ ਮਿਆਰ ਪੱਖੋਂ ਪ੍ਰਭਾਵਾਂ ਬਾਰੇ ਪੇਪਰ ਪੇਸ਼ ਕੀਤਾ| ਇਸ ਤੋਂ ਇਲਾਵਾ ਉਹਨਾਂ ਨੂੰ ਤੀਜੇ ਤਕਨੀਕੀ ਸ਼ੈਸਨ ਵਿਚ ਦਰਜਕਾਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਵੀ ਮਿਲਿਆ|
ਵਿਭਾਗ ਦੀ ਪੋਸਟ ਗ੍ਰੈਜੂਏਟ ਵਿਦਿਆਰਥਣ ਕੁਮਾਰੀ ਅੰਸ਼ਿਤਾ ਸਲਾਰੀਆ ਨੇ ਪੋਸਟਰ ਬਨਾਉਣ ਦੇ ਵਰਗ ਵਿਚ ਅਗਲੀ ਪੀੜੀ ਦਾ ਸਟਰਾਅਬੇ੍ਰਰੀ ਉਤਪਾਦਨ ਝਾੜ ਅਤੇ ਮਿਆਰ ਵਾਧਾ ਵਿਸ਼ੇ ਤੇ ਪੋਸਟਰ ਬਣਾ ਕੇ ਇਨਾਮ ਹਾਸਲ ਕੀਤਾ| ਦੋਵਾਂ ਵਿਦਿਆਰਥਣਾਂ ਨੂੰ ਸਰਵੋਤਮ ਪੇਸ਼ਕਾਰੀ ਪੁਰਸਕਾਰਾਂ ਨਾਲ ਨਿਵਾਜ਼ਿਆ ਗਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਦੋਵਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਵਿਭਾਗ ਦੇ ਅਕਾਦਮਿਕ ਮਿਆਰਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ|
