ਪੀ ਏ ਯੂ ਲੁਧਿਆਣਾ ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਸੜਕ ਸੁਰੱਖਿਆ ਹਫ਼ਤੇ ਦੇ ਸੰਦਰਭ ਵਿਚ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਅਤੇ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਖੰਨਾ ਨੇੜੇ ਨਾਹਰ ਸ਼ੂਗਰ ਮਿੱਲ, ਅਮਲੋਹ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਿਖਲਾਈ ਪ੍ਰੋਗਰਾਮ ਵਿੱਚ 50 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ।
ਡਾ. ਸ਼ਿਵ ਕੁਮਾਰ ਲੋਹਾਨ ਅਤੇ ਡਾ. ਆਨੰਦ ਗੌਤਮ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਖੇਤੀ ਹਾਦਸਿਆਂ ਨੂੰ ਘਟਾਉਣ ਅਤੇ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਤੇ ਕੇਂਦ੍ਰਿਤ ਸੀ। ਡਾ. ਲੋਹਾਨ ਨੇ ਹੌਲੀ ਚੱਲਣ ਵਾਲੇ ਵਾਹਨਾਂ ਅਤੇ ਟਰੈਕਟਰਾਂ ਅਤੇ ਟਰਾਲੀਆਂ ਨੂੰ ਬਿਹਤਰ ਅਤੇ ਸੁਰੱਖਿਅਤ ਆਵਾਜਾਈ ਲਈ ਪਿਛਲੀਆਂ ਲਾਈਟਾਂ ਦੀ ਵਰਤੋਂ ਉੱਪਰ ਜ਼ੋਰ ਦਿੱਤਾ।
ਡਾ: ਗੌਤਮ ਨੇ ਖੇਤੀ ਮਸ਼ੀਨਰੀ, ਜਿਵੇਂ ਕਿ ਥਰੈਸ਼ਰ ਅਤੇ ਤੂੜੀ ਕੱਟਣ ਵਾਲੀਆਂ ਮਸ਼ੀਨਾਂ ਲਈ ਸੁਰੱਖਿਆ ਯੰਤਰਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ, ਸੰਚਾਲਨ ਦੁਰਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਯੰਤਰਾਂ ਦੀ ਜ਼ਰੂਰਤ ਦੀ ਗੱਲ ਕੀਤੀ।
ਸੁਰੱਖਿਆ ਲਈ ਵਾਢੀ ਸੀਜ਼ਨ ਦੌਰਾਨ ਗੰਨੇ ਨੂੰ ਮਿੱਲਾਂ ਤੱਕ ਪਹੁੰਚਾਉਣ ਲਈ ਵਰਤੇ ਜਾਂਦੇ 50 ਤੋਂ ਵੱਧ ਟਰੈਕਟਰ-ਟਰਾਲੀਆਂ ਉੱਪਰ ਰਿਫਲੈਕਟਿਵ ਟੇਪਾਂ ਅਤੇ ਐਲ ਈ ਡੀ ਲਾਈਟਾਂ ਨੂੰ ਮੁਫ਼ਤ ਲਾਇਆ ਗਿਆ।
ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਿਫਲੈਕਟਿਵ ਟੇਪਾਂ ਪ੍ਰਾਪਤ ਕਰਨ ਲਈ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਨਾਹਰ ਸ਼ੂਗਰ ਮਿੱਲ ਦੇ ਉਪ ਪ੍ਰਬੰਧਕ, ਸ਼੍ਰੀ ਅਨੁਜ ਮਲਿਕ ਨੇ ਖੇਤੀ ਮਸ਼ੀਨਰੀ ਹਾਦਸਿਆਂ ਵਿਰੁੱਧ ਸੁਰੱਖਿਆ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੀਏਯੂ ਦੇ ਸਰਗਰਮ ਯਤਨਾਂ ਦੀ ਸ਼ਲਾਘਾ ਕੀਤੀ।
ਭਾਗ ਲੈਣ ਵਾਲੇ ਕਿਸਾਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਸੁਰੱਖਿਅਤ ਖੇਤੀਬਾੜੀ ਅਤੇ ਆਵਾਜਾਈ ਨੇਮਾਂ ਦੀ ਪਾਲਣਾ ਦਾ ਅਹਿਦ ਕੀਤਾ।
ਇਹ ਪਹਿਲਕਦਮੀ ਕਿਸਾਨ ਭਾਈਚਾਰੇ ਦੇ ਅੰਦਰ ਸੁਰੱਖਿਆ ਅਤੇ ਜਾਗਰੂਕਤਾ ਉਤਸ਼ਾਹਿਤ ਕਰਨ ਲਈ ਪੀਏਯੂ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
