Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਯੁਵਕ ਮੇਲੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਸ਼ਾਹ ਅਸਵਾਰ ਬਣਾਉਂਦੇ ਹਨ : ਡਾ. ਗੋਸਲ ; ਪੀ.ਏ.ਯੂ. ਯੁਵਕ ਮੇਲਾ ਸ਼ਬਦ ਗਾਇਨ ਮੁਕਾਬਲੇ ਨਾਲ ਸ਼ੁਰੂ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ ਕਾਲਜ ਯੂਵਕ ਮੇਲੇ ਦਾ ਉਦਘਾਟਨ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਵੱਲੋਂ ਕੀਤਾ ਗਿਆ ਜਦੋਂ ਕਿ ਸਰਦਾਰਨੀ ਭੁਪਿੰਦਰ ਕੌਰ ਪਾਤਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਵੱਲੋਂ ਸਥਾਪਤ ‘ਸੁਰਜੀਤ ਪਾਤਰ ਸੱਥ’ ਵਿਖੇ ਹੋਏ ਉਦਘਾਟਨੀ ਸਮਾਗਮ ਦੌਰਾਨ ਇਕੱਤਰ ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਮਾਨਾਂ ਨੂੰ ਸੰਬੋਧਨ ਹੁੰਦਿਆ ਡਾ ਗੋਸਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੇ ਜਿੱਥੇ ਖੋਜ ਦੇ ਖੇਤਰ ਵਿੱਚ ਅੰਤਰ ਰਾਸ਼ਟਰੀ ਪ੍ਰਾਪਤੀਆਂ ਕੀਤੀਆਂ ਹਨ, ਉੱਥੇ ਖੇਡਾਂ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਵੀ ਵਿਸ਼ਵ ਪੱਧਰ ਦੀਆਂ ਮੱਲਾਂ ਮਾਰੀਆਂ ਹਨ। ਡਾ. ਗੋਸਲ ਨੇ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਹੁੰਦੇ ਯੁਵਕ ਮੇਲੇ ਵਿਦਿਆਰਥੀਆਂ ਲਈ ਵਰਦਾਨ ਹੁੰਦੇ ਹਨ। ਉਹਨਾ ਕਿਹਾ ਕਿ ਯੁਵਕ ਮੇਲਿਆਂ ਦੀ ਤਾਸੀਰ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਸਾਹ ਅਸਵਾਰ ਬਣਾਉਂਦੀ ਹੈ। ਡਾ ਗੋਸਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਤ ਹਾਰ ਦੀ ਚਿੰਤਾ ਕੀਤੇ ਬਿਨਾਂ ਸੁਹਿਰਦਤਾ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਸਵਾਗਤੀ ਸ਼ਬਦਾਂ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਅੰਦਰ ਵਸਦੀ ਕਲਾ ਅਤੇ ਹੁਨਰ ਨੂੰ ਉਜਾਗਰ ਕਰਨ ਲਈ ਯੁਵਕ ਮੇਲੇ ਅਹਿਮ ਭੂਮਿਕਾ ਨਿਭਾਉਂਦੇ ਹਨ। ਡਾ.ਨਿਰਮਲ ਜੌੜਾ ਨੇ ਕਿਹਾ ਸਾਹਿਤਕ ਅਤੇ ਸੱਭਿਆਚਾਰਕ ਕਲਾਵਾਂ ਵਿੱਦਿਅਕ ਗਤੀਵਿਧੀਆਂ ਦਾ ਅਟੁੱਟ ਹਿੱਸਾ ਹਨ।
ਸ਼ਾਮ ਨੂੰ ਹੋਏ ਕਾਵਿ ਉਚਾਰਣ ਅਤੇ ਹਾਸ ਰਸ ਕਾਵਿ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਸਰਦਾਰਨੀ ਭੁਪਿੰਦਰ ਕੌਰ ਪਾਤਰ ਨੇ ਕਿਹਾ ਕਿ ਅੱਜ ਦੀਆਂ ਕਵਿਤਾਵਾਂ ਸੁਣਕੇ ਮਹਿਸੂਸ ਹੋਇਆ ਕਿ ਨੌਜਵਾਨ ਪੀੜੀ ਸਾਹਿਤ ਵਿੱਚ ਵਧੇਰੇ ਰੁਚੀ ਰੱਖਦੀ ਹੈ। ਸਰਦਾਰਨੀ ਭੁਪਿੰਦਰ ਕੌਰ ਪਾਤਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਮਾਨਵ ਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ, ਬਾਗਬਾਨੀ ਕਾਲਜ ਦੇ ਡੀਨ ਡਾ. ਰਿਸ਼ੀ ਇੰਦਰਾ ਸਿੰਘ ਗਿੱਲ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਵਧੀਕ ਨਿਰਦੇਸ਼ਕ ਖੋਜ ਡਾ ਗੁਰਜੀਤ ਸਿੰਘ ਮਾਗਟ ਅਤੇ ਫੋਟੋ ਆਰਟਿਸਟ ਸ਼੍ਰੀ ਤੇਜ ਪ੍ਰਤਾਪ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਦੇ ਸਾਹਿਤਕ, ਲਲਿਤ ਕਲਾਵਾਂ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਚਾਰ ਦਿਨ ਚੱਲਣਗੇ ਅਤੇ ਬਾਅਦ ਵਿੱਚ ਗਰੁੱਪ ਆਈਟਮਾਂ ਦੇ ਮੁਕਾਬਲੇ ਸ਼ੁਰੂ ਹੋਣਗੇ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਸ਼ਬਦ (ਸਮੂਹ) ਮੁਕਾਬਲੇ ਵਿੱਚ ਖੇਤਾਬਾੜੀ ਕਾਲਜ ਲੁਧਿਆਣਾ ਨੇ ਪਹਿਲਾ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਨੇ ਦੂਜਾ ਅਤੇ ਕਮਿਉਨਟੀ ਸਾਇੰਸ ਕਾਲਜ ਨੇ ਤੀਸਰਾ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਵਿਅਕਤੀਗਤ ਸ਼ਬਦ ਮੁਕਾਬਲੇ ਵਿੱਚ ਪਹਿਲਾ ਇਨਾਮ ਗੁਰਵੀਰ ਸਿੰਘ ਨੇ, ਦੂਜਾ ਇਨਾਮ ਅਜੇਪ੍ਰੀਤ ਸਿੰਘ ਨੇ ਅਤੇ ਤੀਸਰਾ ਇਨਾਮ ਜਸਕੀਰਤ ਸਿੰਘ ਨੇ ਹਾਸਲ ਕੀਤਾ।
ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ ਦਿਵਿਆ ਉਤਰੇਜਾ ਅਤੇ ਡਾ. ਸੁਮੇਧਾ ਭੰਡਾਰੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਵਿਸ਼ਾਲ ਬੈਕਟਰ, ਡਾ ਸਵਰਨਜੀਤ ਸਿੰਘ ਹੁੰਦਲ, ਡਾ. ਜਸਵਿੰਦਰ ਕੌਰ ਬਰਾੜ, ਡਾ. ਬੂਟਾ ਸਿੰਘ ਢਿੱਲੋਂ, ਵੱਖ-ਵੱਖ ਕਾਲਜਾਂ ਦੇ ਨਾਚ-ਨਾਟਕ-ਸੰਗੀਤ ਕਲੱਬਾਂ ਦੇ ਪ੍ਰਧਾਨ ਡਾ ਕਮਲਦੀਪ ਸੰਘਾ, ਡਾ ਗੁਰਨਾਜ਼ ਗਿੱਲ, ਡਾ ਕਰਨਵੀਰ ਸਿੰਘ ਗਿੱਲ, ਡਾ ਸੁਮਨ ਕੁਮਾਰੀ ਅਤੇ ਡਾ ਜਸਲੀਨ ਕੌਰ ਅਤੇ ਸ਼੍ਰੀ ਸਤਵੀਰ ਸਿੰਘ ਵੀ ਹਾਜ਼ਰ ਸਨ।