ਪੀ ਏ ਯੂ ਦੇ ਡਾਕਟਰ ਡੀ ਆਰ ਭੁੰਬਲਾ ਖੇਤੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲਾਏ ਗਏ ਕਿਸਾਨ ਮੇਲੇ ਵਿਚ ਕਿਸਾਨਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਅੱਜ ਦੇ ਇਸ ਮੇਲੇ ਵਿੱਚ ਕੰਢੀ ਖੇਤਰ ਵਿਚ ਆਉਂਦੇ ਫਸਲੀ ਸੀਜ਼ਨ ਦੌਰਾਨ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ, ਉਤਪਾਦਨ ਵਿਧੀਆਂ, ਕੀੜਿਆਂ ਅਤੇ ਬਿਮਾਰੀਆਂ ਦੇ ਨਾਲ ਖੇਤ ਮਸ਼ੀਨਰੀ ਅਤੇ ਹੋਰ ਵਿਸ਼ਿਆਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਅੱਜ ਮੇਲੇ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਸਭਾ ਮੈਂਬਰ ਸ਼੍ਰੀ ਮਲਵਿੰਦਰ ਸਿੰਘ ਕੰਗ ਨੇ ਹਾਜ਼ਰੀ ਭਰੀ। ਉਨ੍ਹਾਂ ਨਾਲ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਅਤੇ ਬਲਾਚੌਰ ਦੇ ਐੱਸ ਡੀ ਐੱਮ ਮੈਡਮ ਕ੍ਰਿਤਿਕਾ ਗੋਇਲ ਵੀ ਮੰਚ ਤੇ ਸੁਸ਼ੋਭਿਤ ਸਨ।
ਮੁੱਖ ਮਹਿਮਾਨ ਸ਼੍ਰੀ ਮਲਵਿੰਦਰ ਸਿੰਘ ਕੰਗ ਨੇ ਆਪਣੇ ਸੰਬੋਧਨ ਵਿਚ ਵੱਡੀ ਤਾਦਾਦ ਵਿਚ ਮੇਲੇ ਵਿਚ ਪੁੱਜਣ ਲਈ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਪੰਜਾਬ ਦੀਆਂ ਅਨੇਕ ਪੀੜ੍ਹੀਆਂ ਨੂੰ ਨਾ ਸਿਰਫ ਰੁਜ਼ਗਾਰ ਯੋਗ ਬਣਾਇਆ, ਖੇਤੀ ਖੇਤਰ ਨੂੰ ਬੜੇ ਮਾਨਯੋਗ ਪ੍ਰਸ਼ਾਸਕ ਅਤੇ ਮਾਹਿਰ ਦਿੱਤੇ ਬਲਕਿ ਇਸਦੇ ਨਾਲ ਹੀ ਸੂਬੇ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਲਈ ਭਰਪੂਰ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਕਿਸਾਨੀ ਦਾ ਭਵਿੱਖ ਕਈ ਵਾਰ ਅਨਿਸ਼ਚਿਤ ਵੀ ਨਜ਼ਰ ਆਉਂਦਾ ਹੈ,ਪਰ ਖੇਤੀਬਾੜੀ ਯੂਨੀਵਰਸਿਟੀ ਉਸ ਨਿਰਾਸ਼ਾ ਚੋਂ ਬਾਹਰ ਨਿਕਲਣ ਦਾ ਰਸਤਾ ਦਿਖਾਉਂਦੀ ਹੈ। ਸ਼੍ਰੀ ਕੰਗ ਨੇ ਕੰਢੀ ਖੇਤਰ ਵਿਚ ਬੀਜੀਆਂ ਜਾਣ ਵਾਲੀਆਂ ਵਿਸ਼ੇਸ਼ ਕਿਸਮਾਂ ਬਾਰੇ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਹਰ ਹੀਲੇ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਘਰੇਲੂ ਖਰਚੇ ਘਟਾਉਣ ਲਈ ਕਿਸਾਨੀ ਪਰਿਵਾਰਾਂ ਨੂੰ ਹੰਭਲਾ ਮਾਰਨ ਲਈ ਉਤਸ਼ਾਹਿਤ ਕੀਤਾ ਅਤੇ ਇਸ ਸੰਦਰਭ ਵਿਚ ਪੀ ਏ ਯੂ ਦੀਆਂ ਤਜਵੀਜ਼ਾਂ ਨੂੰ ਮੁੱਲਵਾਨ ਆਖਿਆ।
ਖੇਤੀ ਵਿਭਿੰਨਤਾ ਨੂੰ ਅਜੋਕੇ ਸਮੇਂ ਦੀ ਲੋੜ ਕਰਾਰ ਦਿੰਦਿਆਂ ਸ਼੍ਰੀ ਮਲਵਿੰਦਰ ਸਿੰਘ ਕੰਗ ਨੇ ਖੇਤੀਬਾੜੀ ਖੇਤਰ ਵਿਚ ਨਵੀਆਂ ਵਿਧੀਆਂ ਅਪਣਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਭਵਿੱਖ ਦੀ ਬਿਹਤਰੀ ਲਈ ਇਸ ਕਿੱਤੇ ਨਾਲ ਜੁੜਨ ਬਾਰੇ ਕਿਹਾ। ਖੇਤੀ ਪ੍ਰੋਸੈਸਿੰਗ ਬਾਰੇ ਮਾਹਿਰਾਂ ਦੁਆਰਾ ਹੋਈਆਂ ਕੀਮਤੀ ਗੱਲਾਂ ਨੂੰ ਅਪਣਾਉਣ ਲਈ ਨੌਜਵਾਨ ਕਿਸਾਨਾਂ ਨੂੰ ਵੰਗਾਰਦਿਆਂ ਸ਼੍ਰੀ ਕੰਗ ਨੇ ਕਿਹਾ ਕਿ ਖੇਤੀ ਖੇਤਰ ਵਿਚ ਰੁਜ਼ਗਾਰ ਪ੍ਰਦਾਨ ਕਰਨ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਪੰਜਾਬ ਤੋਂ ਬਿਹਤਰ ਧਰਤੀ ਅਤੇ ਮੌਸਮ ਦੁਨੀਆਂ ਵਿਚ ਕਿਤੇ ਹੋਰ ਨਹੀਂ ਹੈ। ਇਹ ਗੱਲ ਅੱਜ ਦੇ ਨੌਜਵਾਨਾਂ ਤਕ ਪੁਚਾਉਣ ਦੀ ਲੋੜ ਹੈ। ਉਨ੍ਹਾਂ ਨੇ ਪ੍ਰੋਸੈਸਿੰਗ ਕੇਂਦਰ ਸਥਾਪਿਤ ਕਰਨ ਲਈ ਐੱਮ ਪੀ ਫੰਡ ਵਿਚੋਂ ਦਸ ਲੱਖ ਦੀ ਇਮਦਾਦ ਦੇਣ ਦਾ ਵਾਅਦਾ ਕੀਤਾ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਮੇਲੇ ਦਾ ਉਦੇਸ਼ ‘ ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ ‘ ਇਸੇ ਲਈ ਰੱਖਿਆ ਗਿਆ ਹੈ ਤਾਂ ਕਿ ਖੇਤੀ ਨੂੰ ਉਤਪਾਦਨ ਦੇ ਨਾਲ ਨਾਲ ਕਾਰੋਬਾਰ ਦੀਆਂ ਲੀਹਾਂ ਤੇ ਤੋਰਿਆ ਜਾ ਸਕੇ। ਵਿਦੇਸ਼ ਵਿਚ ਗਏ ਕਿਸਾਨ ਓਥੇ ਜਾ ਕੇ ਸਖ਼ਤ ਮਿਹਨਤ ਅਤੇ ਖੇਤੀ ਕਾਰੋਬਾਰ ਅਪਣਾ ਕੇ ਸਫ਼ਲ ਹੋਏ ਹਨ। ਹੁਣ ਪੰਜਾਬ ਦੇ ਲੋਕਾਂ ਨੂੰ ਵੀ ਇਨ੍ਹਾਂ ਲੀਹਾਂ ਤੇ ਤੁਰਨ ਦੀ ਲੋੜ ਹੈ। ਇਸ ਕਾਰਜ ਲਈ ਯੂਨੀਵਰਸਿਟੀ ਵਲੋਂ ਖੇਤੀ ਪ੍ਰੋਸੈਸਿੰਗ ਇਕਾਈਆਂ ਦਾ ਮਾਡਲ ਸਾਮ੍ਹਣੇ ਲਿਆਇਆ ਜਾ ਰਿਹਾ ਹੈ।
ਡਾ ਗੋਸਲ ਨੇ ਬੀਤੇ ਦਿਨੀਂ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਉੱਪਰ ਅਫ਼ਸੋਸ ਜ਼ਹਿਰ ਕਰਦਿਆਂ ਅਗਲੀ ਫਸਲ ਦੀ ਬਿਜਾਈ ਲਈ ਯੂਨੀਵਰਸਿਟੀ ਵਲੋਂ ਬੀਜ ਮੁਹਈਆ ਕਰਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਆਈ ਮਿੱਟੀ ਦੀ ਪਰਖ ਕਰਕੇ ਜਾਇਜ਼ਾ ਲਿਆ ਜਾਵੇਗਾ ਕਿ ਕੀ ਇਸ ਵਿਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ?
ਵਾਈਸ ਚਾਂਸਲਰ ਨੇ ਕੰਢੀ ਖੇਤਰ ਦੀਆਂ ਭੂਗੋਲਿਕ ਹਾਲਤਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੇ ਸਹਿਯੋਗ ਲਈ ਖੇਤੀਬਾੜੀ ਕਾਲਜ ਸਥਾਪਿਤ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਇਸ ਇਲਾਕੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਬਣਾਉਣ ਲਈ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਵਲੋਂ ਕਣਕ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕਿਸਮਾਂ ਦੀ ਬਿਜਾਈ ਹੀ ਕਰਨ। ਉਨ੍ਹਾਂ ਨੇ ਛੋਲੇ, ਮਸਰ ਅਤੇ ਗੋਭੀ ਸਰ੍ਹੋਂ ਦੀ ਬਿਜਾਈ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ ਅਤੇ ਇਸ ਮੰਤਵ ਲਈ ਯੂਨੀਵਰਸਿਟੀ ਵਲੋਂ ਤਿਆਰ ਸਬਜ਼ੀਆਂ, ਤੇਲਬੀਜਾਂ, ਚਾਰਿਆਂ ਦੀਆਂ ਕਿੱਟਾਂ ਖਰੀਦਣ ਵਾਸਤੇ ਕਿਹਾ। ਵਾਈਸ ਚਾਂਸਲਰ ਨੇ ਕਿਹਾ ਕਿ ਕਿਸਾਨ ਘਰੇਲੂ ਖਰਚੇ ਘਟਾਉਣ ਲਈ ਸਬਜ਼ੀਆਂ ਅਤੇ ਫਲਾਂ ਨੂੰ ਘਰ ਵਿਚ ਪੈਦਾ ਕਰਨ ਦੇ ਰਸਤੇ ਪੈਣ। ਵਾਧੂ ਮੁਨਾਫੇ ਦੇ ਤਰੀਕਿਆਂ ਦਾ ਜ਼ਿਕਰ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਉਪਜ ਨੂੰ ਵੇਚਣ ਲਈ ਸਾਰੇ ਸੰਕੋਚ ਤਿਆਗਣ ਦੀ ਲੋੜ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਚਾਲਕ ਰਹਿਤ ਟਰੈਕਟਰ ਤਕਨਾਲੋਜੀ ਬਾਰੇ ਦੱਸਿਆ। ਖਰਚਿਆਂ ਉੱਪਰ ਕਾਬੂ ਪਾਉਣ ਦੇ ਮਹੱਤਵ ਬਾਰੇ ਦੱਸਣ ਸਮੇਂ ਉਨ੍ਹਾਂ ਨੇ ਖੇਤੀ ਦਾ ਵਹੀ ਖਾਤਾ ਤਿਆਰ ਕਰਨ ਬਾਰੇ ਗੱਲ ਕੀਤੀ।
ਵਿਸ਼ੇਸ਼ ਮਹਿਮਾਨ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ ਅਸ਼ੋਕ ਕੁਮਾਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਵਰਸਿਟੀ ਦੇ ਸਰਵੋਤਮ ਚੁਣੇ ਜਾਣ ਲਈ ਕਿਸਾਨਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਆਮਦਨ ਵਿੱਚ ਵਾਧੇ ਲਈ ਸਹਾਇਕ ਧੰਦੇ ਤਾਂ ਅਪਣਾਏ ਜਾਣੇ ਹੀ ਚਾਹੀਦੇ ਹਨ, ਨਾਲ ਹੀ ਜਿਣਸਾਂ ਦੀ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਲਈ ਸਿਖਲਾਈ ਵੀ ਲੈਣੀ ਚਾਹੀਦੀ ਹੈ। ਇਸ ਨਾਲ ਕਿਸਾਨ ਦਾ ਸਿੱਧਾ ਲਾਭ ਵਧੇਗਾ ਅਤੇ ਪਰਿਵਾਰ ਸਵੈ ਨਿਰਭਰ ਇਕਾਈਆਂ ਵਿਚ ਵਟ ਸਕਣਗੇ।
ਐੱਸ ਡੀ ਐੱਮ ਕ੍ਰਿਤਿਕਾ ਗੋਇਲ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖਾਦਾਂ ਅਤੇ ਹੋਰ ਰਸਾਇਣਾਂ ਦੀ ਵਰਤੋਂ ਯੂਨੀਵਰਸਿਟੀ ਦੇ ਮਾਹਿਰਾਂ ਦੀਆਂ ਤਜਵੀਜ਼ਾਂ ਅਨੁਸਾਰ ਹੀ ਕੀਤੀ ਜਾਵੇ।
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ 1967 ਤੋਂ ਸ਼ੁਰੂ ਹੋਏ ਕਿਸਾਨ ਮੇਲੇ ਹੁਣ ਇਕ ਭਰਪੂਰ ਰੁੱਖ ਬਣ ਗਏ ਹਨ। ਨਾਲ ਹੀ ਡਾ ਢੱਟ ਦੱਸਿਆ ਕਿ ਪੀ ਏ ਯੂ ਨੇ ਕਿਸਾਨੀ ਦੀ ਬਿਹਤਰੀ ਲਈ ਹੁਣ ਤਕ 972 ਫਸਲਾਂ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਹਨ। ਉਨ੍ਹਾਂ ਕੰਢੀ ਖੇਤਰ ਲਈ ਸਾਉਣੀ ਲਈ ਫਸਲਾਂ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਨਾਲ ਸਾਂਝ ਪਵਾਈ। ਡਾ. ਅਜਮੇਰ ਸਿੰਘ ਢੱਟ ਨੇ ਆਉਂਦੇ ਹਾੜੀ ਸੀਜ਼ਨ ਦੌਰਾਨ ਪੀ.ਏ.ਯੂ. ਦੀਆਂ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ 872 ਦਾ ਵਿਸ਼ੇਸ਼ ਜ਼ਿਕਰ ਕੀਤਾ। ਇਹ ਕਿਸਮ 24.4 ਕੁਇੰਟਲ/ ਪ੍ਰਤੀ ਏਕੜ ਝਾੜ ਦੀ ਸਮਰੱਥਾ ਵਾਲੀ ਅਤੇ ਪੀਲੀ ਅਤੇ ਭੂਰੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਹੈ। ਬੀਅਰ ਉਦਯੋਗ ਵਾਸਤੇ ਜੌਂਆਂ ਦੀ ਨਵੀਂ ਕਿਸਮ ਪੀ ਐੱਲ 942 ਅਤੇ ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐੱਸ ਐੱਮ ਐੱਲ 2575 ਨੂੰ ਵੀ ਨਵੀਆਂ ਸਿਫਾਰਸ਼ੀ ਕਿਸਮਾਂ ਵਜੋਂ ਪੇਸ਼ ਕੀਤਾ ਗਿਆ।
ਉਤਪਾਦਨ ਤਕਨੀਕਾਂ ਵਿਚ ਡਾ ਢੱਟ ਨੇ ਦਰਮਿਆਨੀਆਂ ਜ਼ਮੀਨਾਂ ਵਿਚ ਪੀ ਬੀ ਡਬਲਿਊ ਚਪਾਤੀ 1 ਕਿਸਮ ਨੂੰ ਡਿੱਗਣ ਤੋਂ ਬਚਾਉਣ ਲਈ 25 ਫੀਸਦੀ ਘੱਟ ਯੂਰੀਆ ਦੀ ਵਰਤੋਂ ਕਰਨ ਦੀ ਤਜਵੀਜ਼ ਦਿੱਤੀ। ਇਸ ਤੋਂ ਇਲਾਵਾ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਤੇ ਮੱਕੀ ਦੀ ਟਾਂਡਿਆਂ ਦੀ ਸੁਪਰ ਸੀਡਰ ਨਾਲ ਵਹਾਈ ਦੇ ਕਣਕ ਦੇ ਝਾੜ ਉੱਪਰ ਪੈਣ ਵਾਲੇ ਪ੍ਰਭਾਵ ਨੂੰ ਵੀ ਸਾਮ੍ਹਣੇ ਰੱਖਿਆ ਗਿਆ। ਰਾਈ ਘਾਹ ਦੇ ਚੰਗੇ ਚਾਰੇ ਲਈ ਬੀਜ ਦੀ ਸਹੀ ਮਾਤਰਾ ਵੀ ਉਤਪਾਦਨ ਤਕਨੀਕਾਂ ਵਿਚ ਸ਼ਾਮਿਲ ਸੀ। ਇਸਦੇ ਨਾਲ ਹੀ ਪੌਦ ਸੁਰੱਖਿਆ ਤਕਨੀਕਾਂ , ਖੇਤੀ ਮਸ਼ੀਨਰੀ ਬਾਰੇ ਸਿਫਾਰਿਸ਼ਾਂ ਅਤੇ ਛੋਲਿਆਂ ਦੀ ਸੁੰਡੀ ਦੀ ਰੋਕਥਾਮ ਲਈ ਜੈਵਿਕ ਸਰਵਪੱਖੀ ਕੀਟ ਪ੍ਰਬੰਧ ਆਦਿ ਬਾਰੇ ਵੀ ਨਿਰਦੇਸ਼ਕ ਖੋਜ ਨੇ ਵਿਸਥਾਰ ਨਾਲ ਦੱਸਿਆ। ਨਿਰਦੇਸ਼ਕ ਖੋਜ ਨੇ ਕਿਸਾਨਾਂ ਨੂੰ ਹਦਾਇਤ ਕੀਤੀ ਕਿ ਉਹ ਕੰਢੀ ਖੇਤਰ ਵਿਚ ਭੂਰੀ ਕੁੰਗੀ ਦੀ ਰੋਕਥਾਮ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕੀਤੀਆਂ ਕਣਕ ਦੀਆਂ ਕਿਸਮਾਂ ਦੀ ਬਿਜਾਈ ਨੂੰ ਹੀ ਤਰਜੀਹ ਦੇਣ। ਉਨ੍ਹਾਂ ਨੇ ਹੜ੍ਹ ਪੀੜਤ ਖੇਤਰਾਂ ਲਈ ਯੂਨੀਵਰਸਿਟੀ ਵਲੋਂ ਹਰ ਸੰਭਵ ਸਹਾਇਤਾ ਦਾ ਪ੍ਰਣ ਵੀ ਦੁਹਰਾਇਆ ਅਤੇ ਪੰਜਾਬੀ ਕਿਸਾਨੀ ਦੀ ਚੜ੍ਹਦੀ ਕਲਾ ਲਈ ਕਾਮਨਾ ਪ੍ਰਗਟਾਈ।
ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਸਤੰਬਰ ਦੇ ਕਿਸਾਨ ਮੇਲਿਆਂ ਦੀ ਰੂਪ ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨਿਰੰਤਰ ਖੋਜ ਦੇ ਜ਼ਰੀਏ ਨਵੀਆਂ ਅਤੇ ਵਿਗਿਆਨਕ ਖੇਤੀ ਵਿਧੀਆਂ ਨੂੰ ਕਿਸਾਨਾਂ ਤਕ ਪੁਚਾਉਣ ਲਈ ਯਤਨਸ਼ੀਲ ਹੈ। ਨਾਲ ਹੀ ਡਾ ਭੁੱਲਰ ਨੇ ਕਿਸਾਨਾਂ ਨੂੰ ਆਪਣੇ ਨਜ਼ਦੀਕ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਖੋਜ ਕੇਂਦਰ ਨਾਲ ਸੰਪਰਕ ਵਿਚ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸਹਿਯੋਗ ਸਦਕਾ ਪੀ ਏ ਯੂ ਇਕ ਵਾਰ ਫਿਰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਹੈ, ਬਲਕਿ ਇਸ ਵਾਰ ਤਾਂ ਪੀ ਏ ਯੂ ਦਾ ਸ਼ੁਮਾਰ ਦੁਨੀਆਂ ਦੀਆਂ ਸਿਖਰਲੀਆਂ ਸੌ ਯੂਨੀਵਰਸਿਟੀਆਂ ਵਿੱਚ ਹੋਇਆ ਹੈ। ਇਸ ਸਹਿਯੋਗ ਨੂੰ ਅੱਗੇ ਵੀ ਬਰਕਰਾਰ ਰੱਖਣ ਦੀ ਅਪੀਲ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਖੇਤੀ ਦੀ ਮਸ਼ਾਲ ਨੂੰ ਸੂਬੇ ਦੇ ਕਿਸਾਨਾਂ ਤਕ ਪੁਚਾਉਣ ਦਾ ਅਹਿਦ ਦੁਹਰਾਇਆ।
ਅੰਤ ਵਿੱਚ ਬੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਦੇ ਡੀਨ ਡਾ ਮਨਮੋਹਨਜੀਤ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਸਮਾਰੋਹ ਦਾ ਸੰਚਾਲਨ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ ਕੁਲਦੀਪ ਸਿੰਘ ਨੇ ਕੀਤਾ। ਉਨ੍ਹਾਂ ਕਿਸਾਨਾਂ ਨੂੰ ਖੇਤੀ ਸਾਹਿਤ ਨਾਲ ਜੁੜਨ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਨਵੀਂ ਖੇਤੀ ਲਈ ਪੀ ਏ ਯੂ ਦੇ ਖੇਤੀ ਸਾਹਿਤ ਨਾਲ ਜੋੜਨ ਦੀ ਅਪੀਲ ਕੀਤੀ।
ਮੇਲੇ ਦੇ ਸ਼ੁਰੂਆਤੀ ਸੈਸ਼ਨ ਵਿਚ ਅਗਾਂਹਵਧੂ ਕਿਸਾਨਾਂ ਦਾ ਸਨਮਾਨ ਪਤਵੰਤਿਆਂ ਵਲੋਂ ਕੀਤਾ ਗਿਆ। ਇਨ੍ਹਾਂ ਕਿਸਾਨਾਂ ਵਿਚ ਪਿੰਡ ਟਿੱਬਾ ਦੇ ਸ਼੍ਰੀ ਮਹਿੰਦਰ ਪਾਲ, ਪਿੰਡ ਖੰਨੀ ਦੇ ਸ੍ਰੀ ਹਰਦੇਵ ਚੰਦ, ਪਿੰਡ ਅਚਲਪੁਰ ਦੇ ਸ੍ਰੀ ਕਸ਼ਮੀਰ ਸਿੰਘ, ਪਿੰਡ ਜੀਤਪੁਰ ਦੇ ਸ੍ਰੀ ਮਨਿੰਦਰ ਸਿੰਘ ਅਤੇ ਪਿੰਡ ਤਕਰਾਲਾ ਦੇ ਸ਼੍ਰੀ ਰਾਜ ਕੁਮਾਰ ਸ਼ਾਮਿਲ ਹਨ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਡਾ ਦੇਵਰਾਜ ਭੁੰਬਲਾ ਸਕਾਲਰਸ਼ਿਪ ਚੈੱਕ ਦਿੱਤੇ ਗਏ। ਇਹਨਾਂ ਵਿਦਿਆਰਥੀਆਂ ਵਿੱਚ 2021 ਬੈਚ ਦੀ ਮੀਨਲ ਫਾਗਨਾ, 2022 ਬੈਚ ਦੀ ਅਮਨਜੋਤ ਕੌਰ, 2023 ਬੈਚ ਦੀ ਵੀਰ ਕਮਲ ਅਤੇ 2024 ਬੈਚ ਦੇ ਅਰਮਾਨ ਸਿੰਘ ਸ਼ਾਮਿਲ ਹਨ। ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਦਾ ਲੰਗਰ ਸੇਵਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪੀ ਏ ਯੂ ਦੇ ਫ਼ੋਟੋਗ੍ਰਾਫਰ ਸ ਮਨਜੀਤ ਸਿੰਘ ਸਿਡਾਨਾ ਦਾ ਲੰਮੇਰੀ ਸੇਵਾ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਕਵਿਤਾ ਸਮੇਤ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਕਿਸਾਨਾਂ ਲਈ ਸਾਉਣੀ ਦੀਆਂ ਫਸਲਾਂ ਦੀ ਕਿਤਾਬ ਜਾਰੀ ਕੀਤੀ ਗਈ। ਪੀ ਏ ਯੂ ਦੇ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕੰਢੀ ਖੇਤਰ ਵਿਚ ਫਸਲਾਂ ਦੀ ਕਾਸ਼ਤ ਲਈ ਵਿਗਿਆਨਕ ਸੁਝਾਅ ਦਿੱਤੇ। ਕਿਸਾਨਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਮੌਕੇ ਤੇ ਹੀ ਦਿੱਤੇ ਗਏ।
ਮੇਲੇ ਵਿੱਚ ਪੀ ਏ ਯੂ ਦੇ ਵੱਖ ਵੱਖ ਕੇਂਦਰਾਂ, ਵਿਭਾਗਾਂ , ਸਵੈ ਸੇਵੀ ਸਮੂਹਾਂ, ਕਿਸਾਨ ਨਿਰਮਾਤਾ ਸੰਗਠਨਾਂ ਅਤੇ ਨਿੱਜੀ ਕੰਪਨੀਆਂ ਦੇ ਸਟਾਲ ਭਾਰੀ ਗਿਣਤੀ ਵਿੱਚ ਖੇਤੀ ਤਕਨੀਕਾਂ ਦੇ ਪਸਾਰ ਲਈ ਲੱਗੇ ਹੋਏ ਸਨ।