Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੇ ਯੁਵਕ ਮੇਲੇ ਵਿਚ ਖੇਤੀਬਾੜੀ ਕਾਲਜ ਨੇ ਓਵਰਆਲ ਟਰਾਫੀ ਜਿੱਤੀ

ਬੀਤੇ ਕੱਲ ਪੀ.ਏ.ਯੂ. ਵਿਚ ਸਮਾਪਤ ਹੋਏ ਯੁਵਕ ਮੇਲੇ ਨੇ ਪੰਜਾਬ ਦੀ ਕਲਾਤਮਕ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਡੂੰਘੀਆਂ ਪੈੜਾਂ ਦਰਸ਼ਕਾਂ ਦੇ ਮਨਾਂ ਉੱਪਰ ਛੱਡੀਆਂ| 15 ਨਵੰਬਰ ਨੂੰ ਆਰੰਭ ਹੋਏ ਇਸ ਯੁਵਕ ਮੇਲੇ ਦੇ ਦੂਸਰੇ ਗੇੜ ਨੇ 17 ਨਵੰਬਰ ਤੱਕ ਕੈਂਪਸ ਦੇ ਮਾਹੌਲ ਨੂੰ ਸੱਭਿਆਚਾਰਕ ਰੰਗਣ ਵਿਚ ਰੰਗ ਦਿੱਤਾ ਅਤੇ ਇਸਦੀ ਸਿਖਰ ਲੋਕ ਨਾਚਾਂ ਭੰਗੜਾਂ ਅਤੇ ਗਿੱਧੇ ਦੇ ਮੁਕਾਬਲੇ ਨਾਲ ਹੋਈ|

ਇਹਨਾਂ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਨੇ ਓਵਰਆਲ ਟਰਾਫੀ ਜਿੱਤੀ| ਕਮਿਊਨਟੀ ਸਾਇੰਸ ਕਾਲਜ ਇਹਨਾਂ ਮੁਕਾਬਲਿਆਂ ਵਿਚ ਕੁੱਲ ਮਿਲਾ ਕੇ ਉਪ ਜੇਤੂ ਰਿਹਾ | ਸਾਹਿਤਕ ਮੁਕਾਬਲਿਆਂ ਦੀ ਓਵਰਆਲ ਟਰਾਫੀ ਖੇਤੀਬਾੜੀ ਕਾਲਜ ਨੇ ਅਤੇ ਉਪ ਜੇਤੂ ਦੀ ਟਰਾਫੀ ਬਾਗਬਾਨੀ ਅਤੇ ਜੰਗਲਾਤ ਕਾਲਜ ਨੇ ਹਾਸਲ ਕੀਤੀ| ਫਾਈਨ ਆਰਟਸ ਦੇ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਪਹਿਲੇ ਅਤੇ ਕਮਿਊਨਟੀ ਸਾਇੰਸ ਕਾਲਜ ਦੂਸਰੇ ਸਥਾਨ ਤੇ ਰਹੇ| ਥੀਏਟਰ ਦੇ ਮੁਕਾਬਲੇ ਖੇਤੀਬਾੜੀ ਕਾਲਜ ਨੇ ਆਪਣੀ ਧਾਂਕ ਨਾਲ ਜਿੱਤੇ| ਕਮਿਊਨਟੀ ਸਾਇੰਸ ਕਾਲਜ ਦੂਸਰੇ ਸਥਾਨ ਤੇ ਰਿਹਾ| ਸੰਗੀਤ ਮੁਕਾਬਲਿਆਂ ਵਿਚ ਕਮਿਊਨਟੀ ਸਾਇੰਸ ਕਾਲਜ ਓਵਰਆਲ ਜੇਤੂ ਬਣਿਆ| ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੂਸਰੇ ਸਥਾਨ ਤੇ ਰਿਹਾ| ਵਿਰਾਸਤੀ ਮੁਕਾਬਲਿਆਂ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਟੀਮ ਸਮੁੱਚੇ ਰੂਪ ਵਿਚ ਜੇਤੂ ਬਣੀ| ਖੇਤੀਬਾੜੀ ਕਾਲਜ ਦੂਸਰੇ ਸਥਾਨ ਤੇ ਰਿਹਾ| ਸੱਭਿਆਚਾਰਕ ਝਾਕੀਆ ਦਾ ਮੁਕਾਬਲਾ ਬੇਸਿਕ ਸਾਇੰਸਜ਼ ਕਾਲਜ ਦੀ ਟੀਮ ਨੇ ਜਿੱਤਿਆ|

ਲੰਮੀ ਹੇਕ ਵਾਲੇ ਗੀਤਾਂ ਵਿਚ ਬੇਸਿਕ ਸਾਇੰਸਜ਼ ਕਾਲਜ, ਕਮਿਊਨਟੀ ਸਾਇੰਸ ਕਾਲਜ ਅਤੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਨੇ ਪਹਿਲੇ ਤਿੰਨ ਸਥਾਨ ਮੱਲੇ|
ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੀ ਟੀਮ ਗਿੱਧੇ ਵਿਚ ਅੱਵਲ ਰਹੀ| ਕਮਿਊਨਟੀ ਸਾਇੰਸ ਕਾਲਜ ਦੂਜੇ ਅਤੇ ਬੇਸਿਕ ਸਾਇੰਸਜ਼ ਕਾਲਜ ਤੀਸਰੇ ਸਥਾਨ ਤੇ ਰਹੇ|
ਭੰਗੜੇ ਵਿਚ ਪਹਿਲਾ ਸਥਾਨ ਖੇਤੀ ਇੰਜਨੀਅਰਿੰਗ ਕਾਲਜ ਦੇ ਹਿੱਸੇ ਆਇਆ| ਖੇਤੀਬਾੜੀ ਕਾਲਜ ਦੂਜੇ ਸਥਾਨ ਅਤੇ ਬੇਸਿਕ ਸਾਇੰਸਜ਼ ਕਾਲਜ ਤੀਜੇ ਸਥਾਨ ਤੇ ਰਹੇ|

ਖੇਤੀ ਇੰਜਨੀਅਰਿੰਗ ਕਾਲਜ ਦੇ ਸੁਖਮਨ ਸਿੰਘ ਅਤੇ ਬਾਗਬਾਨੀ ਕਾਲਜ ਦੀ ਖੁਸ਼ਦੀਪ ਕੌਰ ਨੂੰ ਕ੍ਰਮਵਾਰ ਭੰਗੜੇ ਅਤੇ ਗਿੱਧੇ ਦੇ ਸਰਵੋਤਮ ਕਲਾਕਾਰ ਐਲਾਨਿਆ ਗਿਆ| ਸਮੂਹ ਲੋਕ ਨਾਚਾਂ ਵਿਚ ਵਿਸ਼ਾਲ ਸੂਦ ਖੇਤੀ ਇੰਜਨੀਅਰਿੰਗ ਕਾਲਜ ਸਰਵੋਤਮ ਡਾਂਸਰ ਬਣੇ ਜਦਕਿ ਕਮਿਊਨਟੀ ਸਾਇੰਸ ਕਾਲਜ ਦੀ ਹਰਪ੍ਰੀਤ ਕੌਰ ਨੂੰ ਇਸੇ ਵਰਗ ਦੀ ਸਰਵੋਤਮ ਡਾਂਸਰ ਐਲਾਨਿਆ ਗਿਆ| ਸਰਵੋਤਮ ਕਵੀ ਦਾ ਇਨਾਮ ਖੇਤੀਬਾੜੀ ਕਾਲਜ ਦੇ ਹਰਮਨਜੋਤ ਸਿੰਘ ਅਤੇ ਸ਼ਲਿੰਦਰਜੀਤ ਸਿੰਘ ਦੇ ਹਿੱਸੇ ਆਇਆ| ਸਰਵੋਤਮ ਅਦਾਕਾਰ ਵਜੋਂ ਕਮਿਊਨਟੀ ਸਾਇੰਸ ਕਾਲਜ ਦੀ ਮੀਨਲ ਗੋਇਲ ਨੂੰ ਗਿਆਰਾਂ ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ| ਮੁੰਡਿਆਂ ਦੇ ਵਰਗ ਦਾ ਸਰਵੋਤਮ ਅਦਾਕਾਰ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦਾ ਸੰਚਿਤ ਭੂਮਲਾ ਬਣਿਆ ਜਿਸਨੂੰ ਡਾ. ਦਰਸ਼ਨ ਬੜੀ ਵੱਲੋਂ ਗਿਆਰਾਂ ਹਜ਼ਾਰ ਰੁਪਏ ਦਾ ਨਕਦ ਇਨਾਮ ਹਾਸਲ ਹੋਇਆ| ਕਮਿਊਨਟੀ ਸਾਇੰਸ ਕਾਲਜ ਦੀ ਯਸ਼ਮਿਤਾ ਸਰਵੋਤਮ ਬੁਲਾਰਾ ਬਣੀ| ਇਸਦੇ ਨਾਲ ਹੀ ਖੇਤੀਬਾੜੀ ਕਾਲਜ ਦੇ ਅਵਿਕਾਸ਼ ਸਿੰਘ ਨੂੰ ਸਰਵੋਤਮ ਅਥਲੀਟ (ਮਰਦ) ਅਤੇ ਬਾਗਬਾਨੀ ਕਾਲਜ ਦੀ ਗੁਰਪ੍ਰੀਤ ਕੌਰ ਨੂੰ (ਔਰਤਾਂ) ਦੇ ਵਰਗ ਵਿਚ ਪੰਜ-ਪੰਜ ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਨਿਵਾਜ਼ਿਆ ਗਿਆ|
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂ ਕਲਾਕਾਰਾਂ ਅਤੇ ਸੱਭਿਆਚਾਰ ਕਰਮੀਆਂ ਨੂੰ ਵਧਾਈ ਦਿੱਤੀ| ਉਹਨਾਂ ਆਸ ਪ੍ਰਗਟਾਈ ਕਿ ਯੂਨੀਵਰਸਿਟੀ ਦੀ ਪੰਜਾਬੀ ਸਾਹਿਤ, ਭਾਸ਼ਾ, ਸੱਭਿਆਚਾਰ ਅਤੇ ਕਲਾਵਾਂ ਬਾਰੇ ਪ੍ਰਤੀਬੱਧਤਾ ਦੀ ਵਿਰਾਸਤ ਇਹਨਾਂ ਨੌਜਵਾਨਾਂ ਦੇ ਹੱਥਾਂ ਵਿਚ ਸੁਰੱਖਿਅਤ ਰਹੇਗੀ|

ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਯੁਵਕ ਮੇਲੇ ਦੀ ਸਫਲਤਾ ਨਾਲ ਸੰਪੰਨਤਾ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ| ਉਹਨਾਂ ਆਯੋਜਨ ਕਮੇਟੀ, ਵੱਖ-ਵੱਖ ਕਾਲਜਾਂ ਦੇ ਡੀ ਡੀ ਐੱਮ ਸੀ ਪ੍ਰਧਾਨਾਂ, ਭਾਗੀਦਾਰਾਂ, ਸਮੂਹ ਅਧਿਆਪਨ-ਗੈਰ ਅਧਿਆਪਨ ਅਮਲੇ ਅਤੇ ਵਿਦਿਆਰਥੀਆਂ ਨੂੰ ਸ਼ਿੱਦਤ ਨਾਲ ਯੁਵਕ ਮੇਲੇ ਦਾ ਹਿੱਸਾ ਬਣਨ ਲਈ ਵਧਾਈ ਦਿੱਤੀ|

ਅੰਤ ਵਿਚ ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਅਗਲੇ ਵਰ੍ਹੇ ਫਿਰ ਇਸੇ ਆਯੋਜਨ ਦੇ ਬਹਾਨੇ ਮਿਲਣ ਦਾ ਵਾਅਦਾ ਕਰਦਿਆਂ ਜੇਤੂਆਂ ਨੂੰ ਮੁਬਾਰਕ ਕਿਹਾ|
ਵਿਦਿਆਰਥੀ ਭਲਾਈ ਦੇ ਸੰਯੁਕਤ ਨਿਰਦੇਸ਼ਕ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ|