ਬੇਕਿੰਗ ਤਕਨਾਲੋਜੀ ਦੇ ਮਾਹਿਰ ਡਾ. ਬਲਜੀਤ ਸਿੰਘ ਨੇ ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਵਜੋਂ ਵਿਭਾਗ ਦੇ ਵਾਗਡੋਰ ਸੰਭਾਲੀ| ਡਾ. ਬਲਜੀਤ ਸਿੰਘ ਨੇ ਪਿਛਲੇ 32 ਸਾਲਾਂ ਤੋਂ ਭੋਜਨ ਵਿਗਿਆਨ ਦੇ ਖੇਤਰ ਵਿਚ ਖੋਜ, ਪਸਾਰ ਅਤੇ ਤਕਨਾਲੋਜੀ ਵਿਕਾਸ ਮਾਹਿਰ ਵਜੋਂ ਆਪਣੀ ਵਿਸ਼ੇਸ਼ਗਤਾ ਦਾ ਲੋਹਾ ਮਨਵਾਇਆ| ਆਪਣੀ ਨੌਕਰੀ ਦੇ ਸਮੁੱਚੇ ਵਿਕਾਸ ਦੌਰਾਨ ਡਾ. ਸਿੰਘ 17 ਐੱਮ ਐੱਸ ਸੀ ਅਤੇ 9 ਪੀ ਐੱਚ ਡੀ ਵਿਦਿਆਰਥੀਆਂ ਦੇ ਰਾਹ ਦਸੇਰੇ ਰਹੇ| ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਸਾਰੇ ਸਿਖਲਾਈ ਪ੍ਰੋਗਰਾਮਾਂ ਅਤੇ ਪ੍ਰਯੋਗਸ਼ਾਲਾ ਅਧਿਆਪਨ ਵਿਕਾਸ ਪ੍ਰੋਗਰਾਮਾਂ ਨੂੰ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਆਯੋਜਿਤ ਕੀਤਾ| ਖੋਜੀ ਮਾਹਿਰ ਵਜੋਂ ਉਹਨਾਂ ਦੇ ਨਾਂ ਹੇਠ 413 ਲਿਖਤਾਂ ਦਰਜ ਹਨ| ਇਹਨਾਂ ਵਿਚ 139 ਖੋਜ ਪੇਪਰ, 9 ਰਿਵਿਊ ਲੇਖ, ਕਿਤਾਬਾਂ ਵਿਚ 32 ਅਧਿਆਇ, ਬਹੁਤ ਸਾਰੇ ਕਿਤਾਬਚੇ ਅਤੇ ਇਕ ਕਿਤਾਬ ਸ਼ਾਮਿਲ ਹੈ| ਉਹ 10 ਖੋਜ ਪ੍ਰੋਜੈਕਟਾਂ ਦਾ ਹਿੱਸਾ ਰਹੇ ਜਿਨ੍ਹਾਂ ਵਿੱਚੋਂ ਤਿੰਨ ਦੇ ਮੁੱਖ ਨਿਗਰਾਨ ਵੀ ਸਨ| ਉਹਨਾਂ ਨੇ ਜੋ ਤਕਨਾਲੋਜੀਆਂ ਵਿਕਸਿਤ ਕੀਤੀਆਂ ਉਹਨਾਂ ਵਿਚ ਬਹੁ ਅਨਾਜੀ ਦਲੀਆ, ਸਨੈਕ, ਤਿਆਰ-ਬਰ-ਤਿਆਰ ਖੀਰ ਅਤੇ ਖਿਚੜੀ ਮਿਸ਼ਰਣ ਤੋਂ ਇਲਾਵਾ ਘੱਟ ਮੁੱਲ ਦੇ ਭੋਜਨ ਅਤੇ ਮੋਟੇ ਅਨਾਜ ਅਧਾਰਿਤ ਉਤਪਾਦ ਹਨ| ਇਹਨਾਂ ਵਿੱਚੋਂ 4 ਤਕਨਾਲੋਜੀਆਂ ਨੂੰ ਆਰ ਈ ਸੀ ਨੇ ਪ੍ਰਵਾਨਗੀ ਦਿੱਤੀ| ਵਿਭਾਗ ਨੂੰ ਅਧਿਆਪਨ, ਖੋਜ ਅਤੇ ਪਸਾਰ ਕਮੇਟੀਆਂ ਵਿਚ ਸੇਵਾਵਾਂ ਦੇਣ ਦੇ ਨਾਲ-ਨਾਲ ਉਹਨਾਂ ਨੇ ਪੀ.ਏ.ਯੂ. ਦੇ ਭੋਜਨ ਉਦਯੋਗ ਬਿਜ਼ਨਸ ਇੰਨਕੁਬੇਟਰ ਕੇਂਦਰ ਦੀ ਸਥਾਪਨਾ ਲਈ ਉੱਘਾ ਯੋਗਦਾਨ ਪਾਇਆ| ਉਹਨਾਂ ਦੇ ਯਤਨਾਂ ਨਾਲ ਪੀ.ਏ.ਯੂ. ਨੇ ਉਦਯੋਗਿਕ ਸਾਂਝੀਵਾਲਤਾ ਨੂੰ ਮਜ਼ਬੂਤਰ ਕਰਦਿਆਂ ਵਪਾਰਕ ਸਮਝੌਤੇ ਕੀਤੇ| ਉਹਨਾਂ ਦੇ ਕਾਰਜਾਂ ਬਦਲੇ ਡਾ. ਸਿੰਘ ਨੂੰ ਆਈ ਐੱਫ ਆਈ ਸਰਵੋਤਮ ਫੀਚਰ ਆਰਟੀਕਲ 2016 ਅਤੇ ਯੂ ਏ ਈ ਦਾ ਆਈ ਸੀ ਐੱਫ ਪੀ 2018 ਸਰਵੋਤਮ ਪੇਪਰ ਐਵਾਰਡ ਮਿਲਿਆ|
ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਮੁੱਚੇ ਅਮਲੇ ਨੇ ਉਹਨਾਂ ਅਹੁਦਾ ਸੰਭਾਲਣ ਲਈ ਸ਼ੁਭਕਾਮਨਾਵਾਂ ਦਿੱਤੀਆਂ|
