ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਭੂਮੀ ਸੰਭਾਲ ਬਾਰੇ ਭਾਰਤੀ ਸੁਸਾਇਟੀ ਦੇ ਲੁਧਿਆਣਾ ਚੈਪਟਰ ਵੱਲੋਂ 33ਵੀਂ ਤਿੰਨ ਰੋਜ਼ਾ ਕਾਨਫਰੰਸ ਆਰੰਭ ਹੋ ਗਈ| ਇਸ ਕਾਨਫਰੰਸ ਵਿਚ ਦੇਸ਼ ਭਰ ਤੋਂ ਵਿਗਿਆਨੀ, ਭੂਮੀ ਅਤੇ ਪਾਣੀ ਮਾਹਿਰ, ਵਿਦਿਆਰਥੀ ਅਤੇ ਵਾਤਾਵਰਨ ਸੰਭਾਲ ਅਧਿਕਾਰੀ ਸ਼ਾਮਿਲ ਹੋ ਰਹੇ ਹਨ| ਕਾਨਫਰੰਸ ਵਿਚ ਤਿੰਨ ਦਿਨਾਂ ਤੱਕ ਮੌਜੂਦਾ ਵਾਤਾਵਰਨੀ ਖਤਰਿਆਂ ਨੂੰ ਵਿਚਾਰਨ ਦੇ ਨਾਲ-ਨਾਲ ਇਸਦੀ ਸੰਭਾਲ ਬਾਰੇ ਮਾਹਿਰਾਂ ਦਾ ਵਿਚਾਰ-ਵਟਾਂਦਰਾ ਜਾਰੀ ਰਹੇਗਾ|
ਆਰੰਭਕ ਸੈਸ਼ਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਦੇ ਵਾਈਸ ਚਾਂਸਲਰ ਡਾ. ਬੀ ਆਰ ਕੰਬੋਜ ਮੌਜੂਦ ਰਹੇ| ਵਿਸ਼ੇਸ਼ ਮਹਿਮਾਨ ਵਜੋਂ ਭੂਮੀ ਸੰਭਾਲ ਬਾਰੇ ਭਾਰਤੀ ਸੁਸਾਇਟੀ ਦੇ ਸੰਚਾਲਕ ਡਾ. ਟੀ ਬੀ ਐੱਸ ਰਾਜਪੂਤ ਸ਼ਾਮਿਲ ਸਨ| ਉਹਨਾਂ ਨਾਲ ਡਾ. ਸੰਜੇ ਅਰੋੜਾ, ਡਾ. ਮੁਕੇਸ਼ ਕੁਮਾਰ ਅਤੇ ਡਾ. ਮਨਮੋਹਨਜੀਤ ਸਿੰਘ ਨੇ ਮੰਚ ਦੀ ਸ਼ੋਭਾ ਵਧਾਈ|
ਆਰੰਭਕ ਭਾਸ਼ਣ ਦਿੰਦਿਆਂ ਹਰਿਆਣਾ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ ਆਰ ਕੰਬੋਜ ਨੇ ਦੇਸ਼ ਦੀ ਬਿਹਤਰੀ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਲਾਜ਼ਮੀ ਕਿਹਾ| ਉਹਨਾਂ ਕਿਹਾ ਕਿ ਇਸ ਸੰਬੰਧੀ ਫਿਕਰਾਂ ਨੂੰ ਸਹੀ ਦਿਸ਼ਾ ਦੇਣ ਵਿਚ ਇਹ ਵਰਕਸ਼ਾਪ ਮੀਲ ਪੱਥਰ ਸਾਬਿਤ ਹੋਵੇਗੀ| ਡਾ. ਕੰਬੋਜ ਅਨੁਸਾਰ ਭੂਮੀ ਅਤੇ ਪਾਣੀ ਨਾ ਸਿਰਫ ਦੇਸ਼ ਦੀ ਖੇਤੀਬਾੜੀ ਲਈ ਬਲਕਿ ਲੋਕਾਂ ਦੇ ਜੀਵਨ ਲਈ ਵੀ ਸਭ ਤੋਂ ਅਹਿਮ ਸਤੰਭ ਹਨ| ਉਹਨਾਂ ਨੇ ਪਿਛਲੇ ਦੋ ਦਹਾਕਿਆਂ ਤੋਂ ਖੇਤੀ ਵਿਚ ਵਧੀ ਸੰਘਣਤਾ ਦੇ ਮੱਦੇਨਜ਼ਰ ਕੁਦਰਤੀ ਸਰੋਤਾਂ ਅਤੇ ਵਾਤਾਵਰਨ ਨੂੰ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਦੀ ਵਡੇਰੀ ਅਬਾਦੀ ਲਈ ਅਨਾਜ ਪੈਦਾ ਕਰਨ ਦੇ ਨਾਲ-ਨਾਲ ਵਾਤਾਵਰਨ ਸੰਭਾਲ ਦੀ ਦਿਸ਼ਾ ਵਿਚ ਵੀ ਸੰਤੁਲਨ ਬਨਾਉਣਾ ਪਵੇਗਾ| ਹਰ ਸਾਲ ਵਰਤੇ ਜਾ ਰਹੇ ਅਥਾਹ ਧਰਤੀ ਹੇਠਲੇ ਪਾਣੀ ਉੱਪਰ ਚਿੰਤਾ ਪ੍ਰਗਟ ਕਰਦਿਆਂ ਡਾ. ਕੰਬੋਜ ਨੇ ਫਸਲੀ ਵਿਭਿੰਨਤਾ ਤਕਨਾਲੋਜੀਆਂ ਅਤੇ ਉਹਨਾਂ ਦੇ ਪਸਾਰ ਦੇ ਹੱਲ ਸੁਝਾਏ| ਉਹਨਾਂ ਕਾਨਫਰੰਸ ਵਿਚ ਸ਼ਾਮਿਲ ਵਿਗਿਆਨੀਆਂ ਨੂੰ ਸਹੀ ਅਤੇ ਸਾਰਥਕ ਨਤੀਜਿਆਂ ਵੱਲ ਧਿਆਨ ਦੇਣ ਲਈ ਪ੍ਰੇਰਿਤ ਵੀ ਕੀਤਾ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਸੁਸਾਇਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਇਸ ਦੌਰਾਨ ਕੁਦਰਤੀ ਸਰੋਤਾਂ ਦਾ ਜੋ ਨੁਕਸਾਨ ਹੋਇਆ ਉਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ| ਨਾਲ ਡਾ. ਗੋਸਲ ਨੇ ਜ਼ਮੀਨ ਦੇ ਪੋਸ਼ਕ ਤੱਤਾਂ ਦੀ ਸੰਭਾਲ ਬਾਰੇ ਵੀ ਮਾਹਿਰਾਂ ਨੂੰ ਚੇਤਨ ਕੀਤਾ| ਉਹਨਾਂ ਕਿਹਾ ਕਿ ਪੰਜਾਬ ਵਿਚ ਬੀਤੇ ਸਮੇਂ ਆਏ ਹੜ੍ਹਾਂ ਨਾਲ ਮਿੱਟੀ ਦੀ ਸੰਰਚਨਾ ਬਦਲੀ ਹੈ ਜਿਸਦਾ ਵਿਸ਼ਲੇਸ਼ਣ ਕਰਕੇ ਮਿੱਟੀ ਦੀ ਪੋਸ਼ਕਤਾ ਸੰਬੰਧੀ ਕਿਸੇ ਨਤੀਜੇ ਤੇ ਪੁੱਜਿਆ ਜਾ ਸਕਦਾ ਹੈ| ਡਾ. ਗੋਸਲ ਨੇ ਭਵਿੱਖ ਦੀ ਚਿੰਤਾ ਨੂੰ ਇਸ ਗੱਲਬਾਤ ਵਿਚ ਸ਼ਾਮਿਲ ਕਰਦਿਆਂ ਕਿਹਾ ਕਿ ਮਿੱਟੀ ਦੀ ਸਿਹਤ ਅਤੇ ਪਾਣੀ ਦੀ ਸੰਭਾਲ ਦਾ ਰਸਤਾ ਹੀ ਭਵਿੱਖ ਵੱਲ ਜਾਂਦਾ ਹੈ|
ਵਾਈਸ ਚਾਂਸਲਰ ਨੇ ਵਾਤਾਵਰਨੀ ਸੰਤੁਲਨ ਦੇ ਲਿਹਾਜ਼ ਨਾਲ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਖੋਜਾਂ ਦਾ ਹਵਾਲਾ ਵੀ ਦਿੱਤਾ| ਉਹਨਾਂ ਕਿਹਾ ਕਿ ਪਾਣੀ ਦੀ ਦੁਰਵਰਤੋਂ ਨੂੰ ਲਗਾਤਾਰ ਹਰ ਖੇਤਰ ਵਿਚ ਘਟਾਉਣ ਲਈ ਯੂਨੀਵਰਸਿਟੀ ਦੇ ਖੋਜ ਅਤੇ ਪਸਾਰ ਕਰਮੀ ਯਤਨਸ਼ੀਲ ਹਨ| ਇਸੇ ਸਿਲਸਿਲੇ ਵਿਚ ਪੀ.ਏ.ਯੂ. ਵੱਲੋਂ ਝੋਨੇ ਦੀ ਸਿੱਧੀ ਬਿਜਾਈ, ਸਰਫੇਸ ਸੀਡਿੰਗ, ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ, ਸੂਖਮ ਸਿੰਚਾਈ, ਤੁਪਕਾ ਸਿੰਚਾਈ ਆਦਿ ਤਕਨਾਲੋਜੀਆਂ ਦਾ ਪਸਾਰ ਕੀਤਾ ਗਿਆ ਹੈ| ਉਹਨਾਂ ਨੇ ਵਾਤਾਵਰਨ ਦੀ ਸੰਭਾਲ ਲਈ ਸਮੁੱਚੇ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਵੀ ਦਿੱਤਾ|
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਐੱਸ ਸੀ ਐੱਸ ਆਈ ਦੇ ਪ੍ਰਧਾਨ ਡਾ. ਟੀ ਬੀ ਐੱਸ ਰਾਜਪੂਤ ਨੇ ਸੁਸਾਇਟੀ ਦੇ ਇਤਿਹਾਸ ਅਤੇ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ| ਉਹਨਾਂ ਕਿਹਾ ਕਿ ਇਹ ਸੁਸਾਇਟੀ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਸੁਸਾਇਟੀਆਂ ਵਿੱਚੋਂ ਇਕ ਹੈ ਜਿਸਦੇ ਸਾਢੇ ਤਿੰਨ ਹਜ਼ਾਰ ਦੇ ਕਰੀਬ ਮੈਂਬਰ ਹਨ ਜਿਨ੍ਹਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ| ਉਹਨਾਂ ਸੁਸਾਇਟੀ ਵੱਲੋਂ ਵਾਤਾਵਰਨ ਸੰਭਾਲ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸੂਚੀ ਵੀ ਗਿਣਾਈ|
ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਇਸ ਕਾਨਫਰੰਸ ਦੀ ਰੂਪਰੇਖਾ ਬਾਰੇ ਗੱਲ ਕਰਦਿਆਂ ਆਉਂਦੇ ਤਿੰਨ ਦਿਨਾਂ ਦੌਰਾਨ ਹੋਣ ਵਾਲੇ ਤਕਨੀਕੀ ਸੈਸ਼ਨਾਂ ਅਤੇ ਵਿਚਾਰ-ਚਰਚਾਵਾਂ ਦੇ ਨਾਲ-ਨਾਲ ਦੌਰਿਆਂ ਦਾ ਜ਼ਿਕਰ ਕੀਤਾ| ਉਹਨਾਂ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਭਵਿੱਖ ਦੀ ਚਿੰਤਾ ਲਈ ਡੱਟ ਕੇ ਆਪਣੇ ਵਿਚਾਰ ਪ੍ਰਗਟ ਕਰਨ|
ਅੰਤ ਵਿਚ ਡਾ. ਮੁਕੇਸ਼ ਕੁਮਾਰ ਨੇ ਸਭ ਦਾ ਧੰਨਵਾਦ ਕੀਤਾ| ਇਸ ਸਮਾਰੋਹ ਦਾ ਸੰਚਾਲਨ ਪ੍ਰਬੰਧਕੀ ਸਕੱਤਰ ਡਾ. ਰਾਕੇਸ਼ ਸ਼ਾਰਦਾ ਨੇ ਕੀਤਾ| ਇਸ ਸੈਸ਼ਨ ਦੌਰਾਨ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਸੈਮੀਨਾਰ ਅਤੇ ਹੋਰ ਖੇਤੀ ਪ੍ਰਕਾਸ਼ਨਾਵਾਂ ਵੀ ਜਾਰੀ ਕੀਤੀਆਂ ਗਈਆਂ|
ਆਰੰਭਕ ਸੈਸ਼ਨ ਦੌਰਾਨ ਵਿਗਿਆਨੀਆਂ ਨੂੰ ਐਵਾਰਡ ਤਕਸੀਮ ਕੀਤੇ ਗਏ| ਇਹਨਾਂ ਵਿਚ ਐੱਸ ਸੀ ਐੱਸ ਆਈ ਭੂ ਰਤਨ ਐਵਾਰਡ ਡਾ. ਜਗਦੀਸ਼ ਪ੍ਰਸ਼ਾਦ ਨੂੰ, ਲਾਈਫ ਟਾਈਮ ਅਚੀਵਮੈਂਟ ਐਵਾਰਡ ਡਾ. ਸਤਪਾਲ ਸੈਣੀ ਅਤੇ ਡਾ. ਪੀ ਰਾਜਾ ਨੂੰ, ਨੈਸ਼ਨਲ ਫੈਲੋ 2024 ਡਾ. ਰੋਹਿਤਸ਼ਾਅ, ਡਾ. ਐੱਨ ਕੇ ਪਾਰਿਕ, ਡਾ. ਐੱਮ ਪੀ ਤ੍ਰਿਪਾਠੀ ਅਤੇ ਡਾ. ਵਿਵੇਕ ਆਰੀਆ ਨੂੰ ਦਿੱਤੇ ਗਏ| ਗੋਲਡ ਮੈਡਲ ਐਵਾਰਡ ਜੇਤੂਆਂ ਵਿਚ ਡਾ. ਮਹੇਸ਼ ਚੰਦ ਸਿੰਘ, ਡਾ. ਆਰ ਐੱਲ ਚੌਧਰੀ, ਡਾ. ਮਨਪ੍ਰੀਤ ਸਿੰਘ ਮਾਵੀ ਪ੍ਰਮੁੱਖ ਹਨ| ਲੀਡਰਸ਼ਿਪ ਐਵਾਰਡ 2024 ਹਾਸਲ ਕਰਨ ਵਾਲਿਆ ਵਿਚ ਪ੍ਰੋ. ਨਿਲੇਸ਼ ਬਿਵਾਲਕਰ, ਡਾ. ਧੀਰਜ ਖਾਲਖੋ, ਡਾ. ਸੁਮਿਤ ਪਾਲ ਪ੍ਰਮੁੱਖ ਰਹੇ| ਬੈਸਟ ਚੈਪਟਰ ਐਵਾਰਡ 2024 ਐੱਸ ਸੀ ਐੱਸ ਆਈ ਦੇ ਪੰਜਾਬ ਚੈਪਟਰ ਨੂੰ ਦਿੱਤਾ ਗਿਆ| ਬੈਸਟ ਰੈਫਰੀ ਐਵਾਰਡ ਡਾ. ਅੰਸ਼ੁਮਾਨ ਕੋਹਲੀ ਨੂੰ, ਸਰਵੋਤਮ ਬੁੱਕ ਐਵਾਰਡ 2024 ਡਾ. ਸੁਭਾਸ਼ ਚੰਦ ਅਤੇ ਡਾ. ਅਰਬਿੰਦ ਕੁਮਾਰ ਗੁਪਤਾ ਨੂੰ ਮਿਲੇ| ਸਟੂਡੈਂਟ ਇੰਨਸੇਟਿਵ ਐਵਾਰਡ 2024 ਡਾ. ਆਈਕੇਸ਼ ਕੁਮਾਰ ਅਤੇ ਐੱਮ ਐੱਸ ਸੀ ਲਈ ਸ਼੍ਰੀ ਲਕਸ਼ੇ ਕੁਮਾਰ ਨੂੰ ਮਿਲੇ| ਡਾ. ਸੂਰਜ ਭਾਨ ਹਰਸ਼ ਕੁਮਾਰੀ ਭਾਨ ਐਵਾਰਡ 2024 ਡਾ. ਦਿਨੇਸ਼ ਜ਼ਿੰਗਰ ਨੂੰ ਪ੍ਰਦਾਨ ਕੀਤੇ ਗਏ| ਐੱਸ ਸੀ ਐੱਸ ਆਈ ਸਪੈਸ਼ਨ ਆਨਰ ਐਵਾਰਡ 2024 ਡਾ. ਸਤਿਬੀਰ ਸਿੰਘ ਗੋਸਲ ਨੂੰ ਪ੍ਰਦਾਨ ਕੀਤਾ ਗਿਆ|
ਕੱਲ ਇਸ ਕਾਨਫਰੰਸ ਦੇ ਦੂਸਰੇ ਦਿਨ ਹੜ੍ਹ ਪ੍ਰਭਾਵਿਤ ਭੂਮੀ ਦੇ ਮੁੜ ਵਸੇਬੇ ਬਾਰੇ ਵਿਚਾਰ-ਚਰਚਾ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਦੀ ਮੌਜੂਦਗੀ ਵਿਚ ਆਕਰਸ਼ਣ ਦਾ ਕੇਂਦਰ ਰਹੇਗੀ| ਇਕ ਹੋਰ ਤਕਨੀਕੀ ਸੈਸ਼ਨ ਵਿਚ ਰਾਸ਼ਟਰੀ ਭੋਜਨ ਸੁਰੱਖਿਆ ਅਤੇ ਵਾਤਾਵਰਨ ਅਤੇ ਭੂਮੀ ਸੰਭਾਲ ਲਈ ਡਿਜ਼ੀਟਲ ਖੋਜਾਂ ਬਾਰੇ ਵੀ ਚਰਚਾ ਹੋਵੇਗੀ| ਪਰਸੋਂ ਵਰਕਸ਼ਾਪ ਦੇ ਤੀਸਰੇ ਦਿਨ ਖੇਤ ਦੌਰਿਆਂ ਦੌਰਾਨ ਡੈਲੀਗੇਟਾਂ ਨੂੰ ਵੱਖ-ਵੱਖ ਥਾਵਾਂ ਦੀ ਯਾਤਰਾ ਕਰਵਾਈ ਜਾਵੇਗੀ|
