ਖੇਤੀ ਮੌਸਮ ਵਿਗਿਆਨ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੇ ਸਹਿਯੋਗ ਨਾਲ ਖੇਤੀ ਮੌਸਮ ਵਿਗਿਆਨ ਬਾਰੇ ਇਕ ਵਿਸ਼ੇਸ਼ ਵਿਚਾਰ-ਚਰਚਾ ਪ੍ਰੋਗਰਾਮ ਬੀਤੇ ਦਿਨੀਂ ਪੀ.ਏ.ਯੂ. ਵਿਚ ਹੋਇਆ| ਇਸ ਵਿਚ ਪ੍ਰੋਜੈਕਟ ਦੇ ਵੱਖ-ਵੱਖ ਕੇਂਦਰਾਂ ਤੋਂ ਮਾਹਿਰਾਂ ਨੇ ਸ਼ਾਮਿਲ ਹੋ ਕੇ ਵਿਸ਼ੇ ਨਾਲ ਸੰਬੰਧਤ ਨਵੀਨ ਤਕਨਾਲੋਜੀਆਂ ਅਤੇ ਖੋਜਾਂ ਦੀ ਸਾਂਝ ਪੁਆਈ|
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੇ ਭਾਸ਼ਣ ਵਿਚ ਖੇਤੀ ਮੌਸਮ ਵਿਗਿਆਨ ਦੇ ਖੇਤੀਬਾੜੀ ਲਈ ਵੱਧਦੇ ਮਹੱਤਵ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਅੱਜ ਦੀ ਡਿਜ਼ੀਟਲ ਜ਼ਿੰਦਗੀ ਵਿਚ ਸੂਚਨਾਵਾਂ ਵਿਸ਼ੇਸ਼ ਕਰਕੇ ਮੌਸਮ ਸੰਬੰਧੀ ਸੂਚਨਾਵਾਂ ਦੀ ਲੋੜ ਵਧੀ ਹੈ| ਖੇਤੀ ਖੇਤਰ ਵਿਚ ਪ੍ਰਮਾਣਿਕ ਅਗਾਊਂ ਸੂਚਨਾਵਾਂ ਲਈ ਮਾਹਿਰਾਂ ਨੂੰ ਹੋਰ ਮਿਹਨਤ ਅਤੇ ਸਮਰਪਣ ਨਾਲ ਢਾਂਚਾ ਤਿਆਰ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਡਾ. ਭੁੱਲਰ ਨੇ ਕਿਹਾ ਕਿ ਖੇਤੀ ਉਤਪਾਦਨ ਦਾ ਇਕ ਸਿਰਾ ਇਹਨਾਂ ਸੂਚਨਾਵਾਂ ਦੇ ਸਹੀ ਤਰੀਕੇ ਨਾਲ ਪ੍ਰਸਾਰਿਤ ਹੋਣ ਨਾਲ ਜੁੜਿਆ ਹੋਇਆ ਹੈ|
ਖੇਤੀ ਮੌਸਮ ਵਿਗਿਆਨ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਭ ਦਾ ਸਵਾਗਤ ਕੀਤਾ| ਉਹਨਾਂ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀਆਂ ਗਤੀਵਿਧੀਆਂ ਅਤੇ ਇਸਦੇ ਪ੍ਰਭਾਵ ਸੰਬੰਧੀ ਚਰਚਾ ਕਰਦਿਆਂ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਮਾਹਿਰਾਂ ਨੂੰ ਵਧਾਈ ਦਿੱਤੀ|
ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਐੱਸ ਕੇ ਬੱਲ ਨੇ ਇਸ ਵਿਚਾਰ-ਚਰਚਾ ਸੈਸ਼ਨ ਦੀ ਕਾਰਗੁਜ਼ਾਰੀ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਕਿਸਾਨੀ ਸਮਾਜ ਦੀ ਬਿਹਤਰੀ ਲਈ ਨਵੀਆਂ ਮੌਸਮ ਵਿਗਿਆਨਕ ਖੋਜਾਂ ਅਤੇ ਤਕਨੀਕਾਂ ਦੀ ਸਾਰਥਕਤਾ ਦੀ ਪਛਾਣ ਹਿਤ ਇਹ ਵਿਚਾਰ-ਚਰਚਾ ਸਫਲਤਾ ਨਾਲ ਨੇਪਰੇ ਚੜੀ ਹੈ| ਇਸਦੇ ਨਾਲ ਹੀ ਉਹਨਾਂ ਨੇ ਵਿਚਾਰ-ਚਰਚਾ ਦੌਰਾਨ ਕੇਂਦਰ ਵਿਚ ਰਹੇ ਵੱਖ-ਵੱਖ ਤਰੀਕਿਆਂ ਬਾਰੇ ਚਰਚਾ ਵੀ ਕੀਤੀ| ਡਾ. ਬੱਲ ਨੇ ਆਸ ਪ੍ਰਗਟਾਈ ਕਿ ਇਸ ਵਿਚਾਰ-ਚਰਚਾ ਦੀ ਰੌਸ਼ਨੀ ਵਿਚ ਖੇਤੀ ਮੌਸਮ ਵਿਗਿਆਨ ਸੂਚਨਾਵਾਂ ਦੇ ਪ੍ਰਸਾਰਨ ਲਈ ਸਾਰਥਕ ਕਦਮ ਚੁੱਕੇਗਾ|
ਭਾਗ ਲੈਣ ਵਾਲਿਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ| ਡਾ. ਪੀ ਕੇ ਸਿੱਧੂ ਨੇ ਸਮਾਰੋਹ ਦਾ ਸੰਚਾਲਨ ਕੀਤਾ ਅਤੇ ਐੱਸ ਐੱਸ ਸੰਧੂ ਨੇ ਧੰਨਵਾਦ ਦੇ ਸ਼ਬਦ ਕਹੇ|
