ਪੰਜਾਬ ਐਗਰੀਕਲਚਰਲ .ਯੂਨੀਵਰਸਿਟੀ ਵਿੱਚ ਅੱਜ ਲੜਕਿਆਂ ਦਾ ਜਿੰਮ ਪ੍ਰੈਕਟਸ ਲਈ ਸ਼ੁਰੂ ਕਰ ਦਿੱਤਾ ਗਿਆ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਦੀ ਹਾਜ਼ਰੀ ਵਿੱਚ ਪਹਿਲੇ ਬੈਚ ਦੇ ਲਗਭਗ ਚਾਲੀ ਵਿਦਿਆਰਥੀਆਂ ਨੇ ਸਵੇਰ ਦਾ ਸ਼ੈਸ਼ਨ ਸ਼ੁਰੂ ਕੀਤਾ । ਇਸ ਮੌਕੇ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੁੰਦਰਸਤੀ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ । ਡਾ ਗੋਸਲ ਨੇ ਕਿਹਾ ਕਿ ਸਰੀਰਕ ਕਸਰਤ ਨਾਲ ਜਿੱਥੇ ਇਨਸਾਨ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਉੱਥੇ ਮਾਨਸਿਕ ਤੌਰ ਤੇ ਵੀ ਮਜ਼ਬੂਤੀ ਮਿਲਦੀ ਹੈ, ਇਸ ਲਈ ਵਿਦਿਆਰਥੀਆਂ ਲਈ ਸਰੀਰਕ ਕਸਰਤ ਸਮੇਂ ਦੀ ਲੋੜ ਹੈ। ਡਾ ਗੋਸਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਰੀਰਕ ਕਸਰਤ ਦੇ ਨਾਲ-ਨਾਲ ਚੰਗੀ ਖੁਰਾਕ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਚੰਗੇ ਤੱਤਾਂ ਵਾਲੀਆਂ ਚੀਜ਼ਾ ਸ਼ਰੀਰ ਨੂੰ ਤਾਕਤਵਰ ਅਤੇ ਮਜ਼ਬੂਤ ਬਣਾਉਂਦੀਆਂ ਹਨ । ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ (ਆਈ ਏ ਐਸ) ਨੇ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਅਧਿਆਪਕ ਅਤੇ ਕਰਮਚਾਰੀ ਵੀ ਇਸ ਵੈਲਨੈਸ ਜਿੰਮ ਦੀ ਸਹੂਲਤ ਦਾ ਫਾਇਦਾ ਲੈ ਸਕਦੇ ਹਨ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਰੀਰਕ ਕਸਰਤ ਦੀ ਸਿਖਲਾਈ ਦੇਣ ਲਈ ਸਮੇਂ ਦੇ ਹਾਣ ਦੀਆਂ ਮਸ਼ੀਨਾ ਲਗਾਈਆਂ ਗਈਆਂ ਹਨ । ਵਿਭਾਗ ਵੱਲੋਂ ਜਿੰਮ ਟ੍ਰੇਨਰਾਂ ਦੀ ਨਿਯੁਕਤੀ ਤੋਂ ਬਾਅਦ ਲੜਕੇ ਅਤੇ ਲੜਕੀਆਂ ਦਾ ਜਿੰਮ ਵਿਦਿਆਰਥੀਆਂ ਲਈ ਖੋਲ ਦਿੱਤੇ ਗਏ ਹਨ। ਜਿੰਮ ਟਰੇਨਿਰ ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਜਿੰਮ ਦੇ ਟਿਪਸ ਦਿੱਤੇ । ਖੇਤੀਬਾੜੀ ਕਾਲਜ ਦੇ ਡੀਨ ਡਾ. ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਰੋਜ਼ਾਨਾ ਸਰੀਰਕ ਕਸਰਤ ਚੰਗੀ ਸੋਚ ਪੈਦਾ ਕਰਦੀ ਹੈ । ਜੁਆਇੰਟ ਡਾਇਰੈਕਟਰ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਪ੍ਰਭਜੋਧ ਸਿੰਘ ਸੰਧੂ (ਪ੍ਰਧਾਨ ਫਿਟਨੈਸ ਕਲੱਬ), ਡਾ. ਰੁਪਿੰਦਰ ਕੌਰ ਤੂਰ (ਐਸੋਸੀਏਟ ਡਾਇਰੈਕਟਰ ਕਲਚਰ), ਡਾ. ਧਰਮਿੰਦਰ ਸਿੰਘ (ਚੀਫ਼ ਵਾਰਡਨ, ਲੜਕੇ), ਡਾ. ਯੋਗਤਾ ਸ਼ਰਮਾ (ਚੀਫ਼ ਵਾਰਡਨ, ਲੜਕੀਆਂ), ਸ੍ਰੀਮਤੀ ਕਮਲਜੀਤ ਕੌਰ (ਉਪ-ਨਿਰਦੇਸ਼ਕ ਸਰੀਰਕ ਸਿੱਖਿਆ), ਡਾ. ਸੁਖਬੀਰ ਸਿੰਘ ਅਤੇ ਡਾ. ਪਰਮਵੀਰ ਸਿੰਘ (ਸਹਾਇਕ ਨਿਰਦੇਸ਼ਕ ਸਰੀਰਕ ਸਿੱਖਿਆ), ਸ. ਦਵਿੰਦਰ ਸਿੰਘ (ਸਹਾਇਕ ਪ੍ਰੋਫੈਸਰ, ਪਸਾਰ ਸਿੱਖਿਆ), ਸ. ਗੁਰਤੇਗ ਸਿੰਘ (ਹਾਕੀ ਕੋਚ) ਅਤੇ ਸ. ਗੁਰਮੀਤ ਸਿੰਘ (ਅਥਲੈਟਿਕ ਕੋਚ) ਹਾਜ਼ਰ ਸਨ।
