ਪੀ.ਏ.ਯੂ. ਵਿਚ ਸਾਇਲ ਸੁਸਾਇਟੀ ਆਫ ਇੰਡੀਆ ਦੇ ਲੁਧਿਆਣਾ ਚੈਪਟਰ ਵੱਲੋਂ ਵਾਤਾਵਰਨ ਦੀ ਸੰਭਾਲ ਅਤੇ ਖੇਤੀਬਾੜੀ ਸਥਿਰਤਾ ਲਈ ਭੂਮੀ ਅਤੇ ਪਾਣੀ ਪ੍ਰਬੰਧਨ ਵਿਸੇ ’ਤੇ ਰਾਸਟਰੀ ਕਾਨਫਰੰਸ ਦੇ ਦੂਸਰੇ ਦਿਨ ਅੱਜ ਪੈਨਲ ਵਿਚਾਰ-ਚਰਚਾ ਆਕਰਸ਼ਣ ਦਾ ਕੇਂਦਰ ਰਹੀ| ਇਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਿੱਟੀ ਦੀ ਮੁੜ ਬਹਾਲੀ ਬਾਰੇ ਮਾਹਿਰਾਂ ਨੇ ਨਿੱਠ ਕੇ ਵਿਚਾਰ-ਚਰਚਾ ਕੀਤੀ|
ਪੈਨਲ ਚਰਚਾ ਦੀ ਪ੍ਰਧਾਨਗੀ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਵਿਚਾਰ-ਚਰਚਾ ਵਿੱਚ ਡਾ. ਜੇ.ਕੇ. ਸਿੰਘ ਅਤੇ ਡਾ. ਅਜਮੇਰ ਸਿੰਘ ਢੱਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਦੌਰਾਨ ਡਾ. ਟੀ.ਬੀ.ਐਸ. ਰਾਜਪੂਤ, ਡਾ. ਰਾਕੇਸ ਸਾਰਦਾ, ਡਾ. ਰਾਜੀਵ ਸਿੱਕਾ, ਡਾ. ਜੇ.ਪੀ. ਸਰਮਾ ਅਤੇ ਡਾ. ਆਰੀਆ ਸਮੇਤ ਮਾਹਿਰਾਂ ਨੇ ਇਸ ਵਿਚਾਰ-ਚਰਚਾ ਵਿਚ ਹਿੱਸਾ ਲਿਆ|
ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਦਾ ਵਡੇਰਾ ਵਾਹੀਯੋਗ ਹਿੱਸਾ ਬੀਤੇ ਦਿਨੀਂ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ| ਉਹਨਾਂ ਦੱਸਿਆ ਕਿ ਪੀ.ਏ.ਯੂ. ਮਾਹਿਰਾਂ ਨੇ ਇਸ ਦੇ ਵਿਸ਼ਲੇਸ਼ਣ ਕਰਕੇ ਜ਼ਮੀਨ ਦੀ ਮੁੜ ਬਹਾਲੀ ਲਈ ਲੋੜੀਂਦੇ ਸੁਝਾਅ ਅਤੇ ਸਿਫ਼ਾਰਸ਼ਾਂ ਜਾਰੀ ਕੀਤੀਆਂ| ਉਹਨਾਂ ਨੇ ਹੜ੍ਹਾਂ ਤੋਂ ਬਾਅਦ ਜ਼ਮੀਨ ਦੇ ਖੋਰੇ, ਗਾਰ ਅਤੇ ਰੇਤਾ ਜਮ੍ਹਾਂ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੇ ਵਹਾਅ ਤੋਂ ਬਾਅਦ ਮਿੱਟੀ ਦੀ ਬਣਤਰ ਸੰਬੰਧੀ ਸਿੱਟਿਆਂ ਉੱਪਰ ਚਾਨਣਾ ਪਾਇਆ| ਡਾ. ਗੋਸਲ ਨੇ ਜ਼ਮੀਨ ਦੀ ਉਪਜਾਊ ਸਕਤੀ ਅਤੇ ਪਾਣੀ-ਸੰਭਾਲ ਸਮਰੱਥਾ ਨੂੰ ਬਹਾਲ ਕਰਨ ਦੇ ਨਾਲ-ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਸਹੀ ਸਥਿਤੀ ਦੀ ਜਾਂਚ ਲਈ ਮਿੱਟੀ ਦੀ ਜਾਂਚ ਦੀ ਵਕਾਲਤ ਕਰਨ ’ਤੇ ਜੋਰ ਦਿੱਤਾ| ਉਨ੍ਹਾਂ ਨੇ ਡੈਮਾਂ ਨੂੰ ਸਾਫ ਕਰਨ, ਡੈਮਾਂ ਦੀ ਸਟੋਰੇਜ ਸਮਰੱਥਾ ਵਧਾਉਣ, ਭੂ ਖੋਰ ਦੇ ਅਗਾਊਂ ਪ੍ਰਬੰਧਨ, ਹੜ੍ਹ-ਸੰਭਾਵੀ ਖੇਤਰਾਂ ਦੀ ਪਛਾਣ ਕਰਨ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ ’ਤੇ ਜੋਰ ਦਿੰਦਿਆਂ ਕਿਸਾਨਾਂ ਨੂੰ ਮਿੱਟੀ ਬਹਾਲੀ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ| ਉਹਨਾਂ ਕਿਹਾ ਕਿ ਸੋਕੇ, ਹੜ੍ਹਾਂ ਅਤੇ ਉਪਜਾਊ ਜਮੀਨ ਦੇ ਪਤਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬਹੁਤ ਜਰੂਰੀ ਹੈ ਕਿ ਅਸੀਂ ਹੁਣੇ ਕਾਰਵਾਈ ਕਰਨ ਲਈ ਇਕੱਠੇ ਹੋਈਏ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਜ਼ਮੀਨ ਦੀ ਸੰਭਾਲ ਸਿਰਫ ਵਾਤਾਵਰਣ ਨਾਲ ਸੰਬੰਧਤ ਮੁੱਦਾ ਹੀ ਨਹੀਂ ਹੈ, ਸਗੋਂ ਇਹ ਸਿੱਧੇ ਤੌਰ ’ਤੇ ਵਿਸਵ ਭੋਜਨ ਸੁਰੱਖਿਆ, ਪਾਣੀ ਸੁਰੱਖਿਆ ਅਤੇ ਸਮੁੱਚੇ ਸਿਹਤ ਤੰਤਰ ਨਾਲ ਜੁੜਿਆ ਹੋਇਆ ਹੈ| ਉਹਨਾਂ ਨੇ ਇਸ ਕਾਨਫਰੰਸ ਰਾਹੀਂ ਵਾਤਾਵਰਨ ਦੀ ਸੰਭਾਲ ਦੇ ਸੁਨੇਹੇ ਦੇ ਅਗਾਂਹ ਪ੍ਰਸਾਰਿਤ ਹੋਣ ਦੀ ਆਸ ਪ੍ਰਗਟਾਈ|
ਐੱਸ ਸੀ ਐੱਸ ਆਈ ਦੇ ਲੁਧਿਆਣਾ ਚੈਪਟਰ ਦੇ ਸੰਚਾਲਕ ਡਾ. ਮਨਮੋਹਨਜੀਤ ਨੇ ਕਿਹਾ ਕਿ ਹੜ੍ਹ ਆਮ ਤੌਰ ’ਤੇ ਮਿੱਟੀ ਦੀ ਸਿਹਤ ਨੂੰ ਲਾਭ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ| ਉਨ੍ਹਾਂ ਜੋਰ ਦੇ ਕੇ ਕਿਹਾ ਕਿ ਲੰਬੇ ਸਮੇਂ ਦੇ ਹੱਲ ਸਥਿਰ ਜਮੀਨ ਅਤੇ ਪਾਣੀ ਪ੍ਰਬੰਧਨ ਦੇ ਨਾਲ-ਨਾਲ, ਵਾਤਾਵਰਣ ਦੀ ਸੰਭਾਲ ਅਤੇ ਭਵਿੱਖ ਵਿਚ ਹੜ੍ਹਾਂ ਦੇ ਅਸਰ ਨੂੰ ਘਟਾਉਣ ਲਈ ਅਸਰਦਾਰ ਪ੍ਰਬੰਧ ਕਰਨੇ ਲਾਜ਼ਮੀ ਹਨ|
ਤਕਨੀਕੀ ਸੈਸਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕੀਤੀ, Tਜਮੀਨ ਅਤੇ ਪਾਣੀ ਪ੍ਰਬੰਧਨ ਲਈ ਡਿਜੀਟਲ ਨਵੀਨਤਾਵਾਂT ’ਤੇ ਇੱਕ ਹੋਰ ਤਕਨੀਕੀ ਸੈਸਨ ਦੀ ਪ੍ਰਧਾਨਗੀ ਡਾ. ਐਸ ਡੀ ਖੇਪਰ ਨੇ ਕੀਤੀ ਅਤੇ ਡਾ. ਐਸਕੇ ਸੋਂਧੀ ਨੇ ਸਹਿਯੋਗ ਕੀਤਾ|
