ਪੀ.ਏ.ਯੂ. ਵਿਖੇ ਅੱਜ ਫਲੋਰਿਡਾ ਯੂਨੀਵਰਸਿਟੀ ਦੇ ਡਾ. ਵਿਜੇ ਗੋਪਾਲ ਕਕਾਨੀ ਅਤੇ ਡਾ. ਬ੍ਰਹਮ ਢਿੱਲੋਂ ਨੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ| ਇਸ ਮੀਟਿੰਗ ਦੌਰਾਨ ਖੋਜ, ਅਧਿਆਪਨ ਅਤੇ ਕਾਢ ਦੇ ਖੇਤਰਾਂ ਵਿਚ ਸਹਿਯੋਗ ਦੇ ਮੁੱਦਿਆਂ ਉੱਪਰ ਵਿਚਾਰ-ਚਰਚਾ ਹੋਈ| ਦੋਵਾਂ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਨੇ ਵਾਤਾਵਰਨ ਦੀ ਸੰਭਾਲ, ਡਿਜ਼ੀਟਲ ਖੇਤੀਬਾੜੀ, ਬਰੀਕ ਖੇਤੀ ਸੰਦਾਂ ਦੀ ਕਾਢ, ਜਿਨੋਮ ਸੰਪਾਦਨ, ਬਾਇਓ ਸੈਂਸਰ ਆਦਿ ਵਿਸ਼ਿਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਮਾਹਿਰਾਂ ਦੇ ਦੁਵੱਲੇ ਤਬਾਦਲੇ ਸੰਬੰਧੀ ਚਰਚਾ ਕੀਤੀ| ਇਸ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਇਲਾਵਾ ਪਲਾਂਟ ਬਰੀਡਰ, ਫਸਲ ਵਿਗਿਆਨੀ, ਖੇਤੀ ਮੌਸਮ ਵਿਗਿਆਨੀ, ਭੂਮੀ ਅਤੇ ਪਾਣੀ ਇੰਜਨੀਅਰ, ਪੌਦਾ ਰੋਗ ਅਤੇ ਕੀਟ ਵਿਗਿਆਨੀ ਸ਼ਾਮਿਲ ਹੋਏ ਅਤੇ ਮਾਹਿਰਾਂ ਨੇ ਦੋਵਾਂ ਸੰਸਥਾਵਾਂ ਵਿਚਕਾਰ ਵਿਗਿਆਨਕ ਤਰਜਮਾਨੀ ਦੇ ਖੇਤਰਾਂ ਨੂੰ ਵਧਾਉਣ ਲਈ ਚਰਚਾ ਕੀਤੀ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਦੇ ਖੇਤੀ ਦ੍ਰਿਸ਼ ਦੀ ਵਿਆਖਿਆ ਕਰਦਿਆਂ ਬਹੁਤ ਸਾਰੀਆਂ ਚੁਣੌਤੀਆਂ ਬਾਰੇ ਗੱਲ ਕੀਤੀ| ਇਹਨਾਂ ਵਿਚ ਜ਼ਮੀਨਦੋਜ਼, ਪਾਣੀ ਦੇ ਡਿੱਗਦੇ ਪੱਧਰ, ਮਿੱਟੀ ਦੇ ਘਟਦੇ ਮਿਆਰ, ਬੇਭਰੋਸੇਯੋਗ ਮੌਸਮੀ ਸਥਿਤੀਆਂ, ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਅਤੇ ਖੇਤੀ ਲਾਗਤਾਂ ਦੇ ਵਧਦੇ ਖਰਚਿਆਂ ਆਦਿ ਵਿਸ਼ਿਆਂ ਤੇ ਗੱਲਬਾਤ ਕੀਤੀ| ਉਹਨਾਂ ਕਿਹਾ ਕਿ ਹੁਣ ਲਾਜ਼ਮੀ ਹੋ ਗਿਆ ਹੈ ਕਿ ਖੇਤੀ ਉਤਪਾਦਨ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਬਰਾਬਰ ਦਾ ਫਿਕਰ ਬਣੇ| ਇਸਦੇ ਨਾਲ ਹੀ ਅਬਾਦੀ ਦੀ ਭੋਜਨ ਸੁਰੱਖਿਆ ਜਿੰਨਾ ਹੀ ਅਹਿਮ ਵਿਸ਼ਾ ਪੋਸ਼ਕ ਤੱਤਾਂ ਨੂੰ ਮੁਹੱਈਆ ਕਰਨਾ ਹੈ| ਨਾਲ ਹੀ ਖੇਤੀ ਨੂੰ ਨਵੀਆਂ ਤਕਨਾਲੋਜੀਆਂ ਦੀ ਲੀਹ ਤੇ ਤੋਰਨ ਲਈ ਸਪੀਡ ਬਰੀਡਿੰਗ, ਵਾਤਾਵਰਨ ਸੰਭਾਲ ਪ੍ਰਬੰਧ ਅਤੇ ਖੇਤੀ ਵਿਚ ਮਸਨੂਈ ਬੁੱਧੀ ਦੀ ਵਰਤੋਂ ਆਦਿ ਨੂੰ ਵਧਾਉਣ ਵੱਲ ਤਵੱਜੋਂ ਦੇਣੀ ਪਵੇਗੀ| ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਕੌਮਾਂਤਰੀ ਪੱਧਰ ਦੀ ਸੰਸਥਾਵਾਂ ਨਾਲ ਕੀਤੇ ਸਹਿਯੋਗ ਦੀ ਰੌਸ਼ਨੀ ਵਿਚ ਆਸ ਪ੍ਰਗਟਾਈ ਕਿ ਦੋਵਾਂ ਸੰਸਥਾਵਾਂ ਵਿਕਚਾਰ ਸਾਂਝ ਦੇ ਮੌਕੇ ਵਧਣਗੇ|
ਡਾ. ਵਿਜੇ ਗੋਪਾਲ ਕਕਾਨੀ ਨੇ ਫਲੋਰਿਡਾ ਯੂਨੀਵਰਸਿਟੀ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਅਮਰੀਕਾ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੁੰਦੀ ਹੈ| ਫਲੋਰਿਡਾ ਯੂਨੀਵਰਸਿਟੀ ਏ ਆਈ ਦੇ ਖੇਤਰ ਵਿਚ ਮੰਨੀ-ਪ੍ਰਮੰਨੀ ਸੰਸਥਾ ਹੈ ਜਿਸਨੇ ਆਪਣੀ ਖੋਜ ਵਿਚ ਇਸ ਨਵੀਂ ਤਕਨੀਕੀ ਪਹਿਲਕਦਮੀ ਨੂੰ ਸ਼ਾਮਿਲ ਕੀਤਾ ਹੈ| 230 ਏ ਆਈ ਕੋਰਸ ਅਤੇ ਸਰਟੀਫਿਕੇਟ ਪ੍ਰੋਗਰਾਮ ਉਹਨਾਂ ਦੀ ਸੰਸਥਾ ਵਿਚ ਜਾਰੀ ਹਨ ਜੋ ਖੇਤੀਬਾੜੀ ਸੰਬੰਧੀ ਆਧੁਨਿਕ ਤਕਨਾਲੋਜੀਆਂ ਦੇ ਪ੍ਰਸਾਰ ਨਾਲ ਜੁੜੇ ਹੋਏ ਹਨ| ਉਹਨਾਂ ਦੀ ਸੰਸਥਾ ਦਾ ਉਦੇਸ਼ ਚੁਣੌਤੀਆਂ ਦੇ ਵਿਗਿਆਨਕ ਹੱਲ ਤਲਾਸ਼ਣ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਤਰਜੀਹੀ ਖੇਤਰ ਬਨਾਉਣਾ ਹੈ|
ਡਾ. ਬ੍ਰਹਮ ਢਿੱਲੋਂ ਨੇ ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਖੇਤੀ ਸਮੱਸਿਆਵਾਂ ਦੇ ਹੱਲ ਲਈ ਜੀਨੋਮਿਕਸ ਅਧਾਰਿਤ ਪਹੁੰਚ ਦੇ ਨਾਲ-ਨਾਲ ਖੇਤੀ ਨਿਗਰਾਨੀ ਨੈੱਟਵਰਕ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ| ਉਹਨਾਂ ਦੱਸਿਆ ਕਿ ਫਲੋਰਿਡਾ ਯੂਨੀਵਰਸਿਟੀ ਪੀ.ਏ.ਯੂ. ਦੇ ਖੇਤੀ ਤਜਰਬਿਆਂ ਨੂੰ ਇਕ ਸਾਂਝੀ ਸੰਭਾਵਨਾ ਦੇ ਤੌਰ ਤੇ ਵਿਕਸਿਤ ਕਰਨ ਲਈ ਉਤਸ਼ਾਹ ਨਾਲ ਭਰੀ ਹੋਈ ਹੈ|
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਨੇ ਮਹਿਮਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ, ਫਸਲੀ ਪ੍ਰਬੰਧ, ਕਿੰਨੂ ਕਾਸ਼ਤਕਾਰੀ, ਜ਼ਮੀਨ ਦੀ ਸਿਹਤ, ਮਾਇਕ੍ਰੋਪ੍ਰਾਪੇਗੇਸ਼ਨ, ਰਸਾਇਣਕ ਰਹਿੰਦ-ਖੂੰਹਦ ਦੇ ਵਿਸ਼ਲੇਸ਼ਣ ਅਤੇ ਖੇਤੀ ਸਰੋਤਾਂ ਦੀ ਸੰਭਾਲ ਦੀ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜ ਨੂੰ ਅੰਕਿਤ ਕੀਤਾ| ਇਸਦੇ ਨਾਲ ਹੀ ਉਹਨਾਂ ਨੇ ਪਾਣੀ ਬਚਾਊ ਤਕਨੀਕਾਂ ਦੀ ਗੱਲ ਕਰਦਿਆਂ ਘੱਟ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ, ਜੀਨੋਮਿਕਸ ਅਧਾਰਿਤ ਬਰੀਡਿੰਗ ਪ੍ਰੋਗਰਾਮ, ਸੰਯੁਕਤ ਪੋਸ਼ਣ ਅਤੇ ਕੀਟ ਪ੍ਰਬੰਧਣ, ਜੀਵਾਣੂੰ ਖਾਦਾਂ ਆਦਿ ਦੇ ਖੇਤਰਾਂ ਵਿਚ ਯੂਨੀਵਰਸਿਟੀ ਦੀ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਵਾਕਫ਼ੀ ਦਿੱਤੀ| ਡਾ. ਢੱਟ ਨੇ ਇਤਿਹਾਸ ਵਿਚ ਪੀ.ਏ.ਯੂ. ਵੱਲੋਂ ਹਰੀ ਕ੍ਰਾਂਤੀ ਲਈ ਨਿਭਾਈ ਭੂਮਿਕਾ ਦੀ ਗੱਲ ਕਰਦਿਆਂ ਆਸ ਪ੍ਰਗਟਾਈ ਕਿ ਕੌਮਾਂਤਰੀ ਪੱਧਰ ਤੇ ਸੰਸਥਾਵਾਂ ਦੇ ਸੰਬੰਧਾਂ ਨਾਲ ਤਜਰਬਿਆਂ ਦੀ ਤਬਦੀਲੀ ਖੋਜ ਲਈ ਲਾਹੇਵੰਦ ਸਾਬਿਤ ਹੋਵੇਗੀ|
ਇਸ ਸੈਸ਼ਨ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ| ਸੈਸ਼ਨ ਦੌਰਾਨ ਅਕਾਦਮਿਕ ਵਟਾਂਦਰੇ ਅਤੇ ਦੁਵੱਲੇ ਡਿਗਰੀ ਪ੍ਰੋਗਰਾਮਾਂ ਤੋਂ ਇਲਾਵਾ ਸਾਂਝੇ ਸੈਮੀਨਾਰਾਂ ਅਤੇ ਸਾਂਝੀ ਖੋਜ ਦੀ ਦਿਸ਼ਾ ਵਿਚ ਕਾਰਜ ਬਾਰੇ ਵਿਚਾਰ ਹੋਈ| ਦੋਵਾਂ ਸੰਸਥਾਵਾਂ ਦੇ ਵਿਗਿਆਨੀਆਂ ਨੇ ਇਸ ਮੀਟਿੰਗ ਦੇ ਸਾਰਥਕ ਸਿੱਟਿਆਂ ਦੀ ਆਸ ਪ੍ਰਗਟਾਈ|
