Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੇਂਡੂ ਔਰਤਾਂ ਵੱਲੋਂ ਚਲਾਏ ਜਾਂਦੇ ਸਵੈ ਸੇਵੀ ਸਮੂਹਾਂ ਨੇ ਕਾਰੋਬਾਰੀ ਸੇਧ ਲਈ ਪੀ.ਏ.ਯੂ. ਦਾ ਦੌਰਾ ਕੀਤਾ

ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਬੀਤੇ ਦਿਨੀਂ ਲੁਧਿਆਣਾ ਦੇ ਪੇਂਡੂ ਖੇਤਰਾਂ ਵਿਚ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ ਸੇਵੀ ਸਮੂਹਾਂ ਲਈ ਇਕ ਵਿਸ਼ੇਸ਼ ਦੌਰਾ ਆਯੋਜਿਤ ਕੀਤਾ| ਇਸ ਵਿਚ ਪਿੰਡ ਅਕਾਲਗੜ੍ਹ, ਹਲਵਾਰਾ, ਜੰਡਿਆਲੀ ਅਤੇ ਬੋਪਾਰਾਏ ਵਿਚ ਕਾਰਜ ਕਰ ਰਹੇ ਸਵੈ ਸੇਵੀ ਸਮੂਹਾਂ ਦੀਆਂ 25 ਦੇ ਕਰੀਬ ਔਰਤਾਂ ਨੇ ਸ਼ਾਮਿਲ ਹੋ ਕੇ ਪਿਛਲੇ ਦੋ ਸਾਲਾਂ ਤੋਂ ਕੀਤੇ ਜਾ ਰਹੇ ਕਾਰਜ ਨੂੰ ਕਾਰੋਬਾਰੀ ਦਿਸ਼ਾ ਦੇਣ ਲਈ ਪੀ.ਏ.ਯੂ. ਮਾਹਿਰਾਂ ਨਾਲ ਮਸ਼ਵਰੇ ਕੀਤੇ|
ਸ਼੍ਰੀਮਤੀ ਅਮਨਪ੍ਰੀਤ ਕੌਰ ਵੱਲੋਂ ਚਲਾਏ ਜਾ ਰਹੇ ‘ਰਾਜ’ ਸਵੈ ਸੇਵੀ ਸਮੂਹ ਦੇ ਕਾਮਯਾਬੀ ਉੱਦਮੀ ਨਾਲ ਭਾਗ ਲੈਣ ਵਾਲੀਆਂ ਔਰਤਾਂ ਨੇ ਚਰਚਾ ਕੀਤੀ| ਇਸ ਅਗਾਂਹਵਧੂ ਬੀਬੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਘਰ ਵਿਚ ਬਣਾਏ ਸਾਬਣ ਅਤੇ ਹਰਬਲ ਵਾਲਾਂ ਦੇ ਤੇਲ ਨਾਲ ਚਲਾਏ ਕਾਰੋਬਾਰ ਦੀ ਸਫਲਤਾ ਸਾਂਝੀ ਕੀਤੀ| ਇਸ ਤੋਂ ਬਾਅਦ ‘ਅਰੂਜ਼’ ਸਮੂਹ ਨੇ ਸ਼੍ਰੀਮਤੀ ਰਜਨੀ ਦੀ ਅਗਵਾਈ ਵਿਚ ਫਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਬਨਾਉਣ ਦੀ ਸਿਖਲਾਈ ਹਾਸਲ ਕੀਤੀ| ਇਸ ਦੌਰਾਨ ਔਰਤਾਂ ਨੂੰ ਇਸ ਕਾਰੋਬਾਰ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਉਤਪਾਦਾਂ ਜਿਵੇਂ ਜੂਸ, ਸੁਕੈਸ਼, ਅਚਾਰ ਅਤੇ ਮੁਰੱਬਿਆਂ ਦੀ ਲੇਬਲਿੰਗ ਦੀ ਤਕਨੀਕ ਦੱਸੀ ਗਈ| ਪੇਂਡੂ ਔਰਤਾਂ ਨੇ ਇਸ ਤੋਂ ਪ੍ਰੇਰਿਤ ਹੋ ਕੇ ਆਪਣੇ ਹੱਥੀਂ ਕਾਰਜ ਵਾਲੇ ਕਾਰੋਬਾਰ ਨੂੰ ਹੋਰ ਵਧਾਉਣ ਵਿਚ ਦਿਲਚਸਪੀ ਦਿਖਾਈ| ਇਹ ਦੌਰਾ ਡਾ. ਮਨਦੀਪ ਸ਼ਰਮਾ ਅਤੇ ਡਾ. ਮਨਜੋਤ ਕੌਰ ਦੀ ਨਿਗਰਾਨੀ ਹੇਠ ਸਿਰੇ ਚੜਿਆ| ਵਿਭਾਗ ਦੇ ਮੁਖੀ ਡਾ. ਰਿਤੂ ਮਿੱਤਲ ਗੁਪਤਾ ਨੇ ਪ੍ਰਤੀਭਾਗੀ ਔਰਤਾਂ ਦਾ ਹੌਂਸਲਾ ਵਧਾਇਆ ਅਤੇ ਉਹਨਾਂ ਨੂੰ ਪਰਿਵਾਰ ਦੀ ਆਮਦਨ ਵਧਾਉਣ ਲਈ ਖੇਤੀ ਕਾਰੋਬਾਰ ਨਾਲ ਜੁੜਨ ਵਾਸਤੇ ਪ੍ਰੇਰਿਤ ਕੀਤਾ|