ਪੰਜਾਬ ਐਗਰੀਕਲਚਰਲ ਯੂਨੀਵਿਰਸਟੀ, ਲੁਧਿਆਣਾ ਦੀ ਸਰਪ੍ਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) ਵਿਖੇ “ਡੇਅਰੀ ਫਾਰਮਿੰਗ” ਸਬੰਧੀ ਦਸ ਦਿਨਾਂ ਦਾ ਕਿੱਤਾ-ਮੁੱਖੀ ਸਿਖਲਾਈ ਕੋਰਸ ਮਿਤੀ 1 ਤੋਂ 12 ਦਸੰਬਰ 2025 ਤੱਕ ਲਗਾਇਆ ਗਿਆ।ਇਸ ਸਿਖਲਾਈ ਕੋਰਸ ਵਿੱਚ 35 ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੋਜਵਾਨਾਂ ਨੇ ਭਾਗ ਲਿਆ।
ਸਿਖਲਾਈ ਵਿੱਚ ਪਹੁੰਚੇ ਸਿਖਿਆਰਥੀਆਂ ਨੂੰ ਡਾ.ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲਂੋ ਸੰਬੋਧਤ ਕੀਤਾ ਗਿਆ, ਜਿਸ ਵਿਚ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣੰੂ ਕਰਵਾਇਆ ਅਤੇ ਸਹਾਇਕ ਧੰਦੇ ਅਪਣਾਕੇ ਵਧੇਰੇੇ ਮੁਨਾਫਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।
ਸਿਖਲਾਈ ਕੋਰਸ ਦੌਰਾਨ ਡਾ.ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵਲੋ ਡੇਅਰੀ ਫਾਰਮਿੰਗ ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਗਾਵਾਂ/ਮੱਝਾਂ ਦੀਆਂ ਨਸਲਾਂ, ਦੁਧਾਰੂ ਪਸ਼ੂਆਂ ਦੀ ਸਾਂਭ-ਸੰਭਾਲ, ਛੋਟੇ ਕਟੜੂਆਂ/ਵੱਛੜੂਆਂ ਦੀ ਦੇਖ-ਭਾਲ, ਸ਼ੈਡਾਂ ਦੀ ਉਸਾਰੀ, ਸਾਫ ਅਤੇ ਮਿਆਰੀ ਦੁੱਧ ਪੈਦਾ ਕਰਨਾਂ ਅਤੇ ਪਸ਼ੂਆਂ ਲਈ ਸੰਤੁਲਿਤ ਵੰਡ ਤਿਆਰ ਕਰਨਾ ਆਦਿ, ਸ਼ਾਮਿਲ ਸੀ।
ਗੁਰੁ ਅੰਗਦ ਦੇਵ ਵੈਟਰਨਰੀ ਅਤੇ ਐਨਮਿਲ ਸਾਇੰਸਜ ਯੂਨੀਵਰਸਿਟੀ ਦੇ ਖੇਤਰੀ ਖੋਜ ਤੇ ਸਿਖਲਾਈ ਕੇਂਦਰ, ਤਲਵਾੜਾ ਤੋਂ ਡਾ. ਗਗਨਦੀਪ ਸਿੰਘ, ਪਸ਼ੂ ਸਿਹਤ ਮਾਹਰ ਨੇ ਵੀ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਪਸ਼ੂਆਂ ਵਿੱਚ ਬਿਮਾਰੀਆਂ ਤੋਂ ਬਚਾਅ, ਟੀਕਾਕਰਨ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ।ਉਨ੍ਹਾਂ ਨੇ ਕਿਸਾਨਾ ਨੂੰ ਪਸ਼ੂਆਂ ਵਿੱਚ ਚੁੰਬਕ ਦੀ ਵਰਤੋਂ ਬਾਰੇ ਵੀ ਜਾਗਰੂਕ ਕੀਤਾ।
