ਅੱਜ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਵਿਹੜੇ ਸੈਂਟਰਲ ਬੈਂਕ ਆਫ ਇੰਡੀਆ ਦੇ 115ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਰੁੱਖ ਲਾਉਣ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ| ਅਸਟੇਟ ਆਰਗਨਾਈਜ਼ੇਸ਼ਨ ਵੱਲੋਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਸਹਿਯੋਗ ਨਾਲ ਰੁੱਖ ਲਗਾਓ, ਧਰਤ ਬਚਾਓ ਮੁਹਿੰਤ ਤਹਿ ਛਾਂਦਾਰ ਰੁੱਖ ਲਾ ਕੇ ਵਾਤਾਵਰਨ ਸੰਭਾਲ ਦੀ ਮੁਹਿੰਮ ਨੂੰ ਅਗਾਂਹ ਤੋਰਦਿਆਂ ਇਹ ਸਮਾਗਮ ਵਿਸ਼ੇਸ਼ ਮਹੱਤਤਾ ਵਾਲਾ ਸੀ|
ਇਸ ਸਮਾਰੋਹ ਵਿਚ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ, ਪੀ.ਏ.ਯੂ. ਦੇ ਬਾਗਬਾਨੀ ਅਤੇ ਖੇਤੀ ਜੰਗਲਾਤ ਕਾਲਜ ਦੇ ਡੀਨ ਅਤੇ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ, ਖੇਤੀ ਜੰਗਲਾਤ ਵਿਭਾਗ ਦੇ ਮੁਖੀ ਡਾ. ਗੁਰਵਿੰਦਰ ਪਾਲ ਸਿੰਘ ਢਿੱਲੋਂ, ਪੀ.ਏ.ਯੂ. ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ, ਫਲੋਰੀਕਲਚਰ ਮਾਹਿਰ ਅਤੇ ਪੀ.ਏ.ਯੂ. ਫੁੱਲਾਂ ਦੀ ਨਰਸਰੀ ਦੇ ਇੰਚਾਰਜ ਡਾ. ਰਣਜੀਤ ਸਿੰਘ ਤੋਂ ਇਲਾਵਾ ਸੈਂਟਰਲ ਬੈਂਕ ਆਫ ਇੰਡੀਆ ਦੇ ਖੇਤਰੀ ਮੁਖੀ ਲੁਧਿਆਣਾ ਸ਼੍ਰੀ ਅਸ਼ੋਕ ਸ਼ਰਮਾ, ਮੁੱਖ ਪ੍ਰਬੰਧਕ ਸ਼੍ਰੀ ਮਿਥਲੇਸ਼ ਕੁਮਾਰ, ਸ਼੍ਰੀ ਅਜੇ ਕੁਮਾਰ ਯਾਦਵ, ਸ਼੍ਰੀਮਤੀ ਪ੍ਰਿਆ ਸ਼ਰਮਾ, ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਜਸਰਮਨ ਸਿੰਘ ਬੇਦੀ, ਸ਼੍ਰੀ ਸੇਵਾ ਪ੍ਰਸ਼ਾਦ ਅਤੇ ਸ਼੍ਰੀ ਰਵੀ ਸ਼ਰਮਾ ਤੋਂ ਇਲਾਵਾ ਸੈਂਟਰਲ ਬੈਂਕ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ|
ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਲ ਕਰਦਿਆਂ ਡਾ. ਕਿਰਨ ਬੈਂਸ ਨੇ ਕਿਹਾ ਕਿ ਪੀ.ਏ.ਯੂ. ਨੇ ਵਾਤਾਵਰਨ ਦੀ ਸੰਭਾਲ ਲਈ ਹਮੇਸ਼ਾਂ ਸੰਸਥਾਗਤ ਤੌਰ ਤੇ ਕਾਰਜ ਕਰਨ ਦੇ ਨਾਲ-ਨਾਲ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ ਨੂੰ ਵੀ ਇਸ ਨੇਕ ਕਾਰਜ ਹਿਤ ਸਹਿਯੋਗ ਕੀਤਾ ਹੈ| ਉਹਨਾਂ ਕਿਹਾ ਕਿ ਕਮਿਊਨਟੀ ਸਾਇੰਸ ਕਾਲਜ ਦੇ ਵਿਹੜੇ ਲਾਏ ਜਾਣ ਵਾਲੇ ਇਹ ਬ੍ਰਿਛ ਬੂਟੇ ਕਾਲਜ ਦੀ ਸੁੰਦਰਤਾ ਵਿਚ ਵਾਧਾ ਅਤੇ ਦਿੱਖ ਨੂੰ ਭਿੰਨਤਾ ਨਾਲ ਸ਼ਿੰਗਾਰਨ ਲਈ ਯੋਗਦਾਨ ਪਾਉਣਗੇ|
ਸੈਂਟਰਲ ਬੈਂਕ ਆਫ ਇੰਡੀਆ ਦੇ ਖੇਤਰੀ ਮੁਖੀ ਸ਼੍ਰੀ ਅਸ਼ੋਕ ਸ਼ਰਮਾ ਨੇ ਇਸ ਮੌਕੇ ਬੈਂਕ ਵੱਲੋਂ ਸਮਾਜਕ ਭਲਾਈ ਲਈ ਕੀਤੇ ਜਾ ਕਾਰਜਾਂ ਦੀ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਜਦੋਂ ਵਾਤਾਵਰਨ ਸੰਭਾਲ ਦੀ ਗੱਲ ਚਲਦੀ ਹੈ ਤਾਂ ਪੀ.ਏ.ਯੂ. ਦਾ ਨਾਂ ਸਭ ਤੋਂ ਸਿਖਰ ਤੇ ਆਉਂਦਾ ਹੈ| ਇਸਲਈ ਰੁੱਖ ਲਾਉਣ ਦੀ ਮੁਹਿੰਮ ਵਿਚ ਸੈਂਟਰਲ ਬੈਂਕ ਆਫ ਇੰਡੀਆ ਨਾਲ ਯੂਨੀਵਰਸਿਟੀ ਦਾ ਸਹਿਯੋਗ ਬੇਹੱਦ ਮੁੱਲਵਾਨ ਹੈ|
ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਰੁੱਖ ਲਾਉਣ ਦੀ ਇਸ ਮੁਹਿੰਮ ਲਈ ਸੈਂਟਰਲ ਬੈਂਕ ਆਫ ਇੰਡੀਆ ਦੇ ਅਦਾਰੇ ਅਤੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ| ਉਹਨਾਂ ਆਸ ਪ੍ਰਗਟਾਈ ਕਿ ਸਾਂਝ ਦੀ ਇਹ ਡੋਰ ਹੋਰ ਅਗੇਰੇ ਚੱਲੇਗੀ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਮੌਜੂਦਾ ਦੌਰ ਦੇ ਭਾਰੂ ਫਿਕਰਾਂ ਵਿੱਚੋਂ ਇਕ ਹੈ| ਇਸ ਕਾਰਜ ਲਈ ਹੱਥ ਵਧਾਉਣ ਵਾਲੀਆਂ ਸੰਸਥਾਵਾਂ ਦੇ ਯਤਨਾਂ ਦਾ ਸਵਾਗਤ ਕਰਨਾ ਬਣਦਾ ਹੈ|
ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ ਨੇ ਪੀ.ਏ.ਯੂ. ਦੇ ਕੈਂਪਸ ਦੀ ਸੁੰਦਰਤਾ ਵਧਾਉਣ ਲਈ ਇਸ ਮੁਹਿੰਮ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਹਰ ਖੇਤਰ ਦੀਆਂ ਸੰਸਥਾਵਾਂ ਨੂੰ ਇਸ ਦਿਸ਼ਾ ਵਿਚ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਕਿ ਵਾਤਾਵਰਨ ਨਾਲ ਹੀ ਸਾਡੇ ਭਵਿੱਖ ਦਾ ਬੜਾ ਉਸਾਰੂ ਸਿਰਾ ਜੁੜਿਆ ਹੋਇਆ ਹੈ|
ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਵਿਦਿਆਰਥੀ ਵੀ ਮੌਜੂਦ ਸਨ|
