ਪੰਜਾਬੀ ਫਿਲਮ ਜਗਤ ਦੇ ਪਰਪੱਕ ਕਲਾਕਾਰ ਸ਼ਵਿੰਦਰ ਮਾਹਲ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿੱਚ ਪਹੁੰਚਦਿਆਂ ਉਹਨਾਂ ਅੰਤਰਰਾਸ਼ਟਰੀ ਪ੍ਰਸਿੱਧ ਸਾਹਿਤਕਾਰਾਂ , ਖਿਡਾਰੀਆਂ ਅਤੇ ਵਿਗਿਆਨੀਆਂ ਨੂੰ ਸਤਿਕਾਰ ਭੇਟ ਕੀਤਾ ਜਿੰਨਾ ਨੇ ਇਸ ਯੂਨੀਵਰਸਿਟੀ ਵਿੱਚ ਰਹਿੰਦਿਆਂ ਵਿਸ਼ਵ ਪ੍ਰਪਾਤੀਆਂ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ।ਉਹਨਾਂ ਵਿਦਿਆਰਥੀ ਭਵਨ ਵਿੱਚ ਪੜ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹੋਣਾ ਹੀ ਮਾਣ ਵਾਲੀ ਗੱਲ ਹੈ। ਸ਼ਵਿੰਦਰ ਮਾਹਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਨੇ ਜਿਥੇ ਖੇਤੀ ਖੋਜ਼ ਦੇ ਖੇਤਰ ਵਿੱਚ ਦੁਨੀਆਂ ਦੇ ਨਕਸ਼ੇ ਤੇ ਨਾਮ ਚਮਕਾਇਆ ਹੈ ਉਥੇ ਸਾਹਿਤ, ਖੇਡਾਂ ਅਤੇ ਸਭਿਆਚਾਰ ਦੇ ਪਿੜ੍ਹ ਵਿੱਚ ਵੀ ਮੱਲਾਂ ਮਾਰੀਆਂ ਹਨ । ਉਹਨਾਂ ਕਿਹਾ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਹਿਮ ਯੋਗਦਾਨ । ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਤ ਕਰਦਿਆਂ ਕਿਹਾ ਕਿ ਜਿਸ ਵੀ ਖੇਤਰ ਵਿੱਚ ਤੁਹਾਡੀ ਦਿਲਚਸਪੀ ਹੈ ਉਸ ਖੇਤਰ ਵਿੱਚ ਕੰਮ ਕਰੋ ਪਰ ਮਿਹਨਤ, ਇਮਾਨਦਾਰੀ ,ਦ੍ਰਿੜਤਾ ਦੇ ਨਾਲ ਨਾਲ ਇਨਸਾਨੀਅਤ ਦੇ ਗੁਣਾਂ ਨੇ ਹੀ ਤੁਹਾਨੂੰ ਸਫਲਤਾ ਦੇਣੀ ਹੈ ।
ਸ਼ਵਿੰਦਰ ਮਾਹਲ ਦਾ ਯੂਨੀਵਰਸਿਟੀ ਵਿੱਚ ਸਵਾਗਤ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਕਿ ਸ਼ਵਿੰਦਰ ਮਾਹਲ ਪੰਜਾਬੀ ਫਿਲਮ ਜਗਤ ਦਾ ਸਭ ਤੋਂ ਪੁਰਾਣਾ ਅਤੇ ਹਰਮਨ ਪਿਆਰਾ ਕਲਾਕਾਰ ਹੈ । ਡਾ ਨਿਰਮਲ ਜੌੜਾ ਨੇ ਦੱਸਿਆ ਕਿ ਸ਼ਵਿੰਦਰ ਮਾਹਲ ਨੇ ਪੰਜਾਬੀ ਸਮੇਤ ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਤਿੰਨ ਸੌ ਤੋਂ ਵੱਧ ਫਿਲਮਾਂ ਅਤੇ ਹੋਰ ਪੇਸ਼ਕਾਰੀਆਂ ਵਿੱਚ ਧੜੱਲੇਦਾਰ ਕੰਮ ਕੀਤਾ ਹੈ । ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਸਭਿਆਚਾਰ ਡਾ ਰੁਪਿੰਦਰ ਕੌਰ ਨੇ ਸ਼ਵਿੰਦਰ ਮਾਹਲ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਵਿਗਿਆਨ ਦੀ ਪੜਾਈ ਕਰਨ ਦੇ ਨਾਲ ਨਾਲ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਰਾਸ਼ਟਰੀ ਪ੍ਰਾਪਤੀਆਂ ਦੇ ਧਾਰਨੀ ਹਨ ਅਤੇ ਇਸ ਯੂਨੀਵਰਸਿਟੀ ਨੇ ਵੱਡੇ ਲੇਖਕ ਅਤੇ ਕੁਲਵਕਤੀ ਕਲਾਕਾਰ ਵੀ ਪੈਦਾ ਕੀਤੇ ਹਨ।ਉਹਨਾਂ ਡਾ ਮਹਿੰਦਰ ਸਿੰਘ ਰੰਧਾਵਾ ਵੱਲੋਂ ਬਣਾਏ ਪੇਂਡੂ ਜਨ ਜੀਵਨ ਦੇ ਅਜਾਇਬ ਘਰ ਬਾਰੇ ਵੀ ਦੱਸਿਆ। ਯੂਨੀਵਰਸਿਟੀ ਦੇ ਰਜ਼ਿੰਸਰਿੰਗ ਅਫਸਰ ਸਤਵੀਰ ਸਿੰਘ ਵਿਦਿਆਰਥੀ ਭਵਨ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ । ਸੰਯੁਕਤ ਨਿਰਦੇਸ਼ਕ ਡਾ ਕਮਲਜੀਤ ਸਿੰਘ ਸੂਰੀ ਨੇ ਧੰਨਵਾਦ ਕਰਦਿਆਂ ਸ਼ਵਿੰਦਰ ਮਾਹਲ ਨੂੰ ਅਪੀਲ ਕੀਤੀ ਕਿ ਉਹ ਖੁਲ੍ਹਾ ਵਕਤ ਕੱਢਕੇ ਕਿਸੇ ਸਮੇਂ ਵਿਦਿਆਰਥੀਆਂ ਦੇ ਰੂ ਬਰੂ ਹੋਣ ।
