ਸ਼੍ਰੀ ਥਿੰਦ ਨੇ ਇਸ ਦੌਰਾਨ ਯੂਨੀਵਰਸਿਟੀ ਵਿਭਾਗਾਂ ਵੱਲੋਂ ਲਾਈ ਵਿਸ਼ੇਸ਼ ਪ੍ਰਦਰਸ਼ਨੀ ਨੂੰ ਦੇਖਿਆ| ਉਹਨਾਂ ਨੇ ਕਣਕ, ਝੋਨੇ, ਮੱਕੀ, ਨਰਮੇ, ਕਮਾਦ, ਦਾਲਾਂ, ਤੇਲਬੀਜ ਅਤੇ ਬਾਗਬਾਨੀ ਫਸਲਾਂ ਜਿਵੇਂ ਸਬਜ਼ੀਆਂ, ਫਲਾਂ, ਫੁੱਲਾਂ ਅਤੇ ਵਣ ਖੇਤੀ ਦੇ ਖੇਤਰ ਦੀਆਂ ਉੱਤਮ ਕਿਸਮਾਂ ਦੀ ਜਾਣਕਾਰੀ ਲਈ ਨਾਲ ਹੀ ਸ਼੍ਰੀ ਥਿੰਦ ਨੇ ਪੌਦਾ ਰੋਗ ਵਿਗਿਆਨ ਅਤੇ ਕੀਟ ਵਿਗਿਆਨ ਮਾਹਿਰਾਂ ਨਾਲ ਗੱਲਬਾਤ ਕੀਤੀ| ਉਹਨਾਂ ਨੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਜਾਣ ਵਾਲੀਆਂ ਪੌਦ ਸੁਰੱਖਿਆ ਤਕਨੀਕਾਂ ਦਾ ਜਾਇਜ਼ਾ ਲਿਆ| ਸ਼੍ਰੀ ਥਿੰਦ ਦਾ ਵਿਸ਼ੇਸ਼ ਧਿਆਨ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਜਾ ਰਹੀ ਖੇਤੀ ਮਸ਼ੀਨਰੀ ਅਤੇ ਸਰੋਤ ਸੰਭਾਲ ਤਕਨਾਲੋਜੀਆਂ ਵੱਲ ਵੀ ਰਿਹਾ| ਜੈਵਿਕ ਖੇਤੀ ਮਾਹਿਰਾਂ ਵੱਲੋਂ ਲਾਈ ਪ੍ਰਦਰਸ਼ਨੀ ਦੇ ਨਾਲ-ਨਾਲ ਉਹਨਾਂ ਨੇ ਹੁਨਰ ਵਿਕਾਸ ਦੇ ਕੀਤੇ ਜਾਂਦੇ ਕਾਰਜਾਂ ਨੂੰ ਜਾਣਿਆ ਅਤੇ ਪੀ.ਏ.ਯੂ. ਦੇ ਖੇਤੀ ਸਿਖਲਾਈ ਢਾਂਚੇ ਤੋਂ ਵਾਕਫੀ ਹਾਸਲ ਕੀਤੀ| ਨਾਲ ਹੀ ਉਹਨਾਂ ਨੇ ਬਾਇਓਤਕਨਾਲੋਜੀ ਮਾਹਿਰਾਂ ਅਤੇ ਜੀਵ ਵਿਗਿਆਨੀਆਂ ਨਾਲ ਵੀ ਸੰਵਾਦ ਰਚਾਇਆ|
ਬਾਅਦ ਵਿਚ ਇਕ ਵਿਸ਼ੇਸ਼ ਮਿਲਣੀ ਦੌਰਾਨ ਸ਼੍ਰੀ ਥਿੰਦ ਨੇ ਪੀ.ਏ.ਯੂ. ਵੱਲੋਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਲਈ ਕੀਤੇ ਜਾ ਕਾਰਜਾਂ ਦੀ ਸਲਾਹੁਤਾ ਕੀਤੀ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਇਤਿਹਾਸ ਵਿਚ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਕਰਨ ਦੇ ਪੱਖ ਤੋਂ ਬੜਾ ਮੁੱਲਵਾਨ ਕਾਰਜ ਕੀਤਾ ਹੈ| ਉਹਨਾਂ ਜਾਰੀ ਦੌਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਦਾ ਉਦੇਸ਼ ਯੂਨੀਵਰਸਿਟੀ ਵਿਚ ਜਾਰੀ ਅਕਾਦਮਿਕ ਖੋਜ ਅਤੇ ਪਸਾਰ ਪ੍ਰੋਜੈਕਟਾਂ ਦੀ ਤਕਨੀਕੀ ਪੜਚੋਲ ਨਾਲ ਜੁੜਿਆ ਹੋਇਆ ਹੈ| ਇਸਦੇ ਨਾਲ ਹੀ ਉਹ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੋਂ ਮਾਹਿਰਾਂ ਅਤੇ ਕਿਸਾਨਾਂ ਦੇ ਨਜ਼ਰੀਏ ਨਾਲ ਹੱਲ ਕਰਨ ਦੇ ਇਛੁੱਕ ਵੀ ਹਨ| ਉਹਨਾਂ ਨੇ ਰਾਜ ਸਰਕਾਰ ਵੱਲੋਂ ਖੇਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਇਸ ਦਿਸ਼ਾ ਵਿਚ ਭਵਿੱਖੀ ਕਾਰਜਾਂ ਦੀ ਰੂਪਰੇਖਾ ਲਈ ਮਾਹਿਰਾਂ ਅਤੇ ਉੱਚ ਅਧਿਕਾਰੀਆਂ ਨਾਲ ਮਸ਼ਵਰੇ ਕੀਤੇ ਜਾਣਗੇ| ਸ਼੍ਰੀ ਥਿੰਦ ਨੇ ਕਿਹਾ ਕਿ ਮੌਜੂਦਾ ਦੌਰ ਉਤਪਾਦਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਪੱਖੋਂ ਬੇਹੱਦ ਨਾਜ਼ੁਕ ਹੈ ਅਤੇ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਬਹੁਤ ਅਹਿਮ ਕਾਰਜ ਅੰਜ਼ਾਮ ਦਿੱਤਾ ਜਾ ਰਿਹਾ ਹੈ| ਉਹਨਾਂ ਨੇ ਵਾਤਾਵਰਨ ਪੱਖੀ ਖੇਤੀਬਾੜੀ, ਬਾਗਬਾਨੀ, ਬੀਜ ਉਤਪਾਦਨ, ਮੰਡੀਕਰਨ ਅਤੇ ਵਢਾਈ ਉਪਰੰਤ ਪ੍ਰਬੰਧਨ, ਖੇਤੀ ਮਸ਼ੀਨੀਕਰਨ ਅਤੇ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਆਦਿ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ| ਸ਼੍ਰੀ ਥਿੰਦ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਵਧਾਉਣ ਲਈ ਪ੍ਰੋਸੈਸਿੰਗ ਨੂੰ ਨਵੇਂ ਸਿਰੇ ਤੋਂ ਵਿਉਂਤਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿਚ ਪੀ.ਏ.ਯੂ. ਵੱਲੋਂ ਸਥਾਪਿਤ ਕੀਤੇ ਜਾ ਰਹੇ ਖੇਤੀ ਪ੍ਰੋਸੈਸਿੰਗ ਕੰਪਲੈਕਸਾਂ ਦਾ ਹਵਾਲਾ ਉਹਨਾਂ ਦਿੱਤਾ| ਉਹਨਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਲਾਭ ਦੇਣ ਲਈ ਸਥਾਨਕ ਖੇਤੀਬਾੜੀ ਅਤੇ ਰੁਜ਼ਗਾਰ ਢਾਂਚਾ ਮਜ਼ਬੂਤ ਕਰਨਾ ਲਾਜ਼ਮੀ ਹੈ ਅਤੇ ਇਸਲਈ ਸਰਕਾਰ ਅਤੇ ਯੂਨੀਵਰਸਿਟੀ ਮਿਲ ਕੇ ਯੋਜਨਾਬੰਦੀ ਤਿਆਰ ਕਰ ਰਹੇ ਹਨ| ਉਹਨਾਂ ਨੇ ਯੂਨੀਵਰਸਿਟੀ ਮਾਹਿਰਾਂ ਨਾਲ ਸਲਾਹ ਉਪਰੰਤ ਨਰਮੇ ਦੀ ਕਾਸ਼ਤ ਪ੍ਰਫੁੱਲਤ ਕਰਨ ਬਾਰੇ ਵੀ ਗੱਲ ਕੀਤੀ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਮੌਜੂਦਾ ਖੇਤੀ ਚੁਣੌਤੀਆਂ ਦੇ ਸਨਮੁਖ ਸਥਿਰ ਅਤੇ ਮਜ਼ਬੂਤ ਖੇਤੀ ਢਾਂਚੇ ਦੀ ਉਸਾਰੀ ਲਈ ਯੂਨੀਵਰਸਿਟੀ ਲਗਾਤਾਰ ਯਤਨਸ਼ੀਲ ਹੈ| ਡਾ. ਢੱਟ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ| ਨਾਲ ਹੀ ਉਹਨਾਂ ਨੇ ਪਿਛਲੇ ਸਮੇਂ ਵਿਚ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਨਵੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਪਾਣੀ ਅਤੇ ਮਿੱਟੀ ਦੀ ਸੰਭਾਲ ਦੇ ਨਾਲ-ਨਾਲ ਖੇਤੀ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਵੱਲ ਯੂਨੀਵਰਸਿਟੀ ਖੋਜੀਆਂ ਵੱਲੋਂ ਕੀਤੇ ਜਾ ਰਹੇ ਯਤਨ ਸਮੁੱਚੀ ਖੇਤੀ ਨੂੰ ਨਵੀਂ ਦਿਸ਼ਾ ਵੱਲੋ ਤੋਰਨ ਵਾਲੇ ਸਾਬਿਤ ਹੋਣਗੇ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਦੇ ਪਸਾਰ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬੀਤੇ ਸਮੇਂ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ, ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ, ਸਹਾਇਕ ਕਿੱਤਿਆਂ ਅਤੇ ਮੁਹਾਰਤ ਵਿਕਾਸ ਦੇ ਖੇਤਰ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਮਾਹਿਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਕੀਤਾ|
ਸਮਾਰੋਹ ਦਾ ਸੰਚਾਲਨ ਕਰਦਿਆਂ ਸ਼੍ਰੀ ਵਿਸ਼ਾਲ ਬੈਕਟਰ ਨੇ ਸਭ ਦਾ ਧੰਨਵਾਦ ਕੀਤਾ|
