Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਰਾਸ਼ਟਰੀ ਕਿਸਾਨ ਦਿਵਸ

ਰਾਸ਼ਟਰੀ ਕਿਸਾਨ ਦਿਵਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਸਮੁੱਚੇ ਕਿਸਾਨੀ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੰਦੀ ਹੈ, ਜਿਸਦੀ ਅਣਥੱਕ ਮਿਹਨਤ ਅਤੇ ਲਗਨ ਸਦਕਾ ਸਾਡੇ ਦੇਸ਼ ਨੂੰ ਅੰਨ ਸੁਰੱਖਿਆ ਹਾਸਲ ਹੋਈ ਅਤੇ ਪੇਂਡੂ ਵਿਕਾਸ ਦੀਆਂ ਨੀਹਾਂ ਮਜ਼ਬੂਤ ਹੋਈਆਂ|

ਅੱਜ ਦੇ ਵਿਸ਼ੇਸ਼ ਦਿਹਾੜੇ ਤੇ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਕਿਹਾ ਕਿ ਕਿਸਾਨ ਉਹ ਸੱਚੇ-ਸੁੱਚੇ ਰਾਸ਼ਟਰ ਨਿਰਮਾਤਾ ਹਨ, ਜੋ ਦੇਸ਼ ਨੂੰ ਪੋਸ਼ਣ ਪ੍ਰਦਾਨ ਕਰਨ ਅਤੇ ਇਸਦੀ ਆਰਥਿਕਤਾ ਨੂੰ ਕਾਇਮ ਰੱਖਣ ਲਈ ਦਿਨ-ਰਾਤ ਮਿਹਤਨ ਕਰਦੇ ਹਨ| ਉਹਨਾਂ ਕਿਹਾ ਭਾਰਤ ਦੇ ਕਿਸਾਨਾਂ ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਦਾ ਇਸ ਦਿਸ਼ਾ ਵਿਚ ਯੋਗਦਾਨ ਬਹੁਤ ਹੀ ਇਤਿਹਾਸਕ ਅਤੇ ਕ੍ਰਾਂਤੀਕਾਰੀ ਰਿਹਾ ਹੈ, ਜਿਨ੍ਹਾਂ ਨੇ ਨਵੀਨਤਾ ਅਤੇ ਵਿਗਿਆਨਕ ਤਰੱਕੀ ਨੂੰ ਅਪਨਾਉਣ ਦੀ ਆਪਣੀ ਮਜ਼ਬੂਤ ਇੱਛਾ ਸ਼ਕਤੀ ਰਾਹੀਂ ਭਾਰਤ ਨੂੰ ਭੋਜਨ ਉਤਪਾਦਨ ਵਿਚ ਸਵੈ-ਨਿਰਭਰ ਬਨਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ|

ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕਿਸਾਨਾਂ ਦੀ ਖੁਸ਼ਹਾਲੀ ਦੇ ਮਾਰਗ ਤੇ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ| ਉਹਨਾਂ ਦੱਸਿਆ ਕਿ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਯੂਨੀਵਰਸਿਟੀ ਖੇਤੀ ਉਤਪਾਦਨ ਨੂੰ ਵਧਾਉਣ, ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਅਤੇ ਕਿਸਾਨਾਂ ਦੇ ਰਹਿਣ-ਸਹਿਣ ਨੂੰ ਉੱਚਾ ਚੁੱਕਣ ਲਈ ਖੇਤੀ ਖੋਜ, ਅਧਿਆਪਣ ਅਤੇ ਪਸਾਰ ਸੇਵਾਵਾਂ ਵਿਚ ਨਵੀਨਤਾ ਲਿਆਉਣ ਲਈ ਹਮੇਸ਼ਾਂ ਤਤਪਰ ਰਹੀ ਹੈ| ਉਹਨਾਂ ਕਿਹਾ ਕਿ ਵੱਧ ਝਾੜ ਦੇਣ ਵਾਲੀਆਂ ਫਸਲਾਂ ਦੀਆਂ ਕਿਸਮਾਂ ਵਿਕਸਿਤ ਕਰਕੇ, ਕੁਦਰਤੀ ਸੋਮਿਆਂ ਦੀਆਂ ਸਾਂਭ-ਸੰਭਾਲ ਕਰਨ ਵਾਲੀਆਂ ਕਿਸਾਨ ਤਕਨੀਕਾਂ ਨੂੰ ਉਤਸ਼ਾਹਿਤ ਕਰਕੇ ਅਤੇ ਵਿਗਿਆਨਕ ਜਾਣਕਾਰੀ ਨੂੰ ਘਰ-ਘਰ ਪਹੁੰਚਾ ਕੇ, ਪੀ.ਏ.ਯੂ. ਕਿਸਾਨਾਂ ਨੂੰ ਜਲਵਾਯੂ ਪਰਿਵਰਤਨ, ਭੂਮੀ ਦੀ ਸਿਹਤ ਦੇ ਹੋ ਰਹੇ ਘਾਣ ਅਤੇ ਪਾਣੀ ਦੀ ਘਾਟ ਵਰਗੀਆਂ ਉੱਭਰ ਰਹੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾਉਂਦੀ ਚਲੀ ਆ ਰਹੀ ਹੈ|

ਰਾਸ਼ਟਰੀ ਕਿਸਾਨ ਦਿਵਸ ਦੇ ਇਸ ਵਿਸ਼ੇਸ਼ ਮੌਕੇ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਇੱਕ ਖੁਸ਼ਹਾਲ, ਟਿਕਾਊ ਅਤੇ ਲਚਕੀਲਾ ਖੇਤੀਬਾੜੀ ਭਵਿੱਖ ਯਕੀਨੀ ਬਨਾਉਣ ਲਈ ਕਿਸਾਨਾਂ, ਨੀਤੀ ਘਾੜਿਆਂ ਅਤੇ ਲਾਭਪਾਤਰੀਆਂ ਨਾਲ ਇੱਕਜੁੱਟ ਹੋ ਕੇ ਕਾਰਜ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦੀ ਹੈ| ਉਹਨਾਂ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਵਲੋਂ ਸਮਾਜ ਪ੍ਰਤੀ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਰਿਣੀ ਹਾਂ ਅਤੇ ਉਨ੍ਹਾਂ ਦੀ ਦ੍ਰਿੜਤਾ, ਬੁੱਧੀਮਤਾ ਅਤੇ ਦੇਸ਼ ਦਾ ਢਿੱਡ ਭਰਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਸਤਿਕਾਰ ਕਰਦੀ ਹੈ|

ਡਾ. ਗੋਸਲ ਨੇ ਕਿਸਾਨੀ ਭਾਈਚਾਰੇ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਆਪਣੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਨਿਰੰਤਰ ਸਫ਼ਲਤਾ ਦੀ ਕਾਮਣਾ ਕਰਦੀ ਹੈ|
ਰਾਸ਼ਟਰੀ ਕਿਸਾਨ ਦਿਵਸ ਮੁਬਾਰਕ!