ਕੌਮੀ ਪੱਧਰ ਤੇ ਹਾਲ ਹੀ ਵਿੱਚ ਜਾਰੀ ਕੀਤੀਆਂ ਗਈਆਂ ਦੋ ਸੂਚੀਆਂ ਮੁਤਾਬਕ ਅਨੁਸਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਤੇਰਾਂ ਵਿਦਿਆਰਥੀਆਂ ਨੂੰ ਪੀ ਐੱਚ ਡੀ ਦੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਿਲ ਹੋਈਆਂ ਹਨ। ਇਹ ਗਿਣਤੀ ਕਿਸੇ ਵੀ ਹੋਰ ਯੂਨੀਵਰਸਿਟੀ ਜਾਂ ਸੰਸਥਾ ਵਲੋਂ ਹਾਸਿਲ ਕੀਤੀਆਂ ਫੈਲੋਸ਼ਿਪਾਂ ਤੋਂ ਵੱਧ ਹੈ। ਇਸ ਨਾਲ ਪੀਏਯੂ ਦੀ ਡਾਕਟਰਲ ਖੋਜ ਪੱਖੋਂ ਭਾਰਤ ਵਿੱਚ ਸਿਰਮੌਰ ਸਥਿਤੀ ਉਜਾਗਰ ਹੋਈ ਹੈ।
ਚੇਤੇ ਰਹੇ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਸਕੀਮ ਫਾਰ ਡਾਕਟੋਰਲ ਰਿਸਰਚ ਵੱਕਾਰੀ ਜਨਤਕ-ਨਿੱਜੀ ਭਾਈਵਾਲੀ ਤਹਿਤ ਹੋਣ ਵਾਲੀ ਖੋਜ ਪਹਿਲਕਦਮੀ ਹੈ ਜੋ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੁਆਰਾ ਸਾਂਝੇ ਤੌਰ ‘ਤੇ ਦਿੱਤੀ ਜਾਂਦੀ ਹੈ। ਉਦਯੋਗ-ਸੰਬੰਧਿਤ ਖੋਜ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਇਹ ਯੋਜਨਾ ਨੌਜਵਾਨ, ਹੁਨਰਮੰਦ ਅਤੇ ਉਤਸ਼ਾਹੀ ਖੋਜੀਆਂ ਨੂੰ ਰਾਸ਼ਟਰੀ ਅਤੇ ਵਪਾਰਕ ਮਹੱਤਵ ਦੀਆਂ ਸਮੱਸਿਆਵਾਂ ‘ਤੇ ਖੋਜ ਕਰਨ ਲਈ ਪ੍ਰੇਰਿਤ ਕਰਦੀ ਹੈ। ਫੈਲੋਆਂ ਨੂੰ ਪ੍ਰਤੀ ਮਹੀਨਾ ਲਗਭਗ 1,00,000 ਦੀ ਸਕਾਲਰਸ਼ਿਪ ਰਾਸ਼ੀ ਮਿਲਦੀ ਹੈ, ਜਿਸ ਵਿਚੋਂ ਅੱਧੀ ਰਕਮ ਭਾਰਤ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਅੱਧੀ ਭਾਈਵਾਲ ਕੰਪਨੀ ਦੁਆਰਾ ਯੋਗਦਾਨ ਪਾਇਆ ਜਾਂਦਾ ਹੈ ਜੋ ਖੋਜ ਪ੍ਰੋਜੈਕਟ ‘ਤੇ ਵਿਦਵਾਨ ਨਾਲ ਜੁੜ ਕੇ ਕੰਮ ਕਰਦੀ ਹੈ।
ਪੀਏਯੂ ਪ੍ਰਾਪਤ ਕਰਨ ਵਾਲਿਆਂ ਵਿੱਚੋਂ, ਦੀਪਤੀ ਜਸਵਾਲ ਬੀਡੀਐਮ ਫੂਡਜ਼ ਬੈਨਰ ਹੇਠ ਸ਼ਿਵਾਂਬੂ ਇੰਟਰਨੈਸ਼ਨਲ ਨਾਲ ਡਾਕਟਰੇਟ ਖੋਜ ਕਰ ਰਹੀ ਹੈ। ਰੇਣੂਕਾ ਸਾਹੂ ਨੇ ਮਹਾਲਕਸ਼ਮੀ ਸੀਡਜ਼ ਨਾਲ, ਜੌਹਰ ਸਿੰਘ ਨੇ ਔਜਲਾ ਸੀਡਜ਼ ਮਾਛੀਵਾੜਾ ਨਾਲ, ਅਤੇ ਅਕਸ਼ੀ ਅੱਤਰੀ ਨੇ ਹਿਗਜ਼ ਹੈਲਥਕੇਅਰ ਨਾਲ ਸਾਂਝੇਦਾਰੀ ਕੀਤੀ ਹੈ। ਉਦੈ ਕੁਮਾਰ ਬੀ ਵੀ ਸਟਾਰ ਐਗਰੀਸੀਡਜ਼ ਪ੍ਰਾਈਵੇਟ ਲਿਮਟਿਡ ਨਾਲ ਸਹਿਯੋਗ ਕਰ ਰਹੇ ਹਨ। ਕੋਮਲ ਸਵਾਨਾ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ, ਆਰਤੀ ਗੁਪਤਾ ਨੇਵਾ ਪਲਾਂਟੇਸ਼ਨਜ਼ ਐਲਐਲਪੀ ਨਾਲ, ਅਤੇ ਗੁਰਪ੍ਰੀਤ ਕੌਰ ਓਂਕਾਰ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ ਕੰਮ ਕਰ ਰਹੀ ਹੈ। ਸੁਤੇਜ ਸਿੰਘ ਬੈਂਸ ਨੇ ਰਾਸੀ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ, ਅਚਲ ਮਹਾਦੇਵਰਾਓ ਫੁਟਾਨੇ ਨੇ ਗੋਲਡਕਿੰਗ ਬਾਇਓਜੀਨ ਪ੍ਰਾਈਵੇਟ ਲਿਮਟਿਡ ਨਾਲ, ਤਰੁਣ ਕੁਮਾਰ ਮੀਨਾ ਨੇ ਆਈਐਫਐਸਏ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ, ਗੌਰਵ ਅਗਸਟੀਨ ਨੇ ਪ੍ਰਸਾਦ ਸੀਡਜ਼ ਪ੍ਰਾਈਵੇਟ ਲਿਮਟਿਡ ਨਾਲ, ਅਤੇ ਦਿਲਪ੍ਰੀਤ ਕੌਰ ਮਾਂਗਟ ਨੇ ਐਕੁਆਮਾਸਟਰਸ ਨਾਲ ਖੋਜ ਸਾਂਝੇਦਾਰੀ ਕੀਤੀ ਹੋਈ ਹੈ।
ਫੈਲੋਸ਼ਿਪ ਪੂਲ ਵਿੱਚ ਆਈਆਈਟੀ ਅਤੇ ਆਈਆਈਐਸਸੀ ਵਰਗੇ ਪ੍ਰਮੁੱਖ ਸੰਸਥਾਨਾਂ ਦੀ ਹਾਜ਼ਰੀ ਦੇ ਮੱਦੇਨਜ਼ਰ ਪੀਏਯੂ ਦੀ ਪ੍ਰਾਪਤੀ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਹੈ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਸਫਲਤਾ ਨੂੰ ਪੋਸਟ ਗ੍ਰੈਜੂਏਟ ਸਿੱਖਿਆ ਵਿੱਚ ਨਿਰੰਤਰ ਨਿਵੇਸ਼, ਉਦਯੋਗ ਨਾਲ ਭਾਈਵਾਲੀ ਲਈ ਕੀਤੇ ਨਿੱਗਰ ਯਤਨ, ਅਤੇ ਖੋਜ ਲਈ ਉਸਾਰੂ ਮਾਹੌਲ ਦਾ ਨਤੀਜਾ ਆਖਿਆ। ਉਨਾਂ ਕਿਹਾ ਕਿ ਸੰਸਾਰ ਖੇਤੀਬਾੜੀ ਅਤੇ ਖੇਤੀ ਉਦਯੋਗ ਦੀਆਂ ਚੁਣੌਤੀਆਂ ਨਾਲ ਨਜਿੱਠਣ ਪੱਖੋਂ ਇਹ ਪ੍ਰਾਪਤੀ ਪਾਏਦਾਰ ਗਿਣੀ ਜਾ ਸਕਦੀ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਮਜ਼ਬੂਤ ਹੋਈ ਬੁਨਿਆਦੀ ਢਾਂਚੇ, ਮਾਹਿਰਾਂ ਅਤੇ ਖੋਜੀਆਂ ਦੀ ਮਿਹਨਤ ਅਤੇ ਉਦਯੋਗ ਨਾਲ ਨੇੜਲੇ ਸੰਬੰਧਾਂ ਬਾਰੇ ਪੀਏਯੂ ਦੀ ਦੂਰਦਰਸ਼ਤਾ ਦਾ ਪ੍ਰਮਾਣ ਕਿਹਾ।
ਡਾ. ਮਾਨਵ ਇੰਦਰਾ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਇਨ੍ਹਾਂ ਫੈਲੋਸ਼ਿਪਾਂ ਨੂੰ ਬਾਇਓਤਕਨਾਲੋਜੀ, ਬਾਗਬਾਨੀ, ਜਲਵਾਯੂ ਅਤੇ ਖੇਤੀਬਾੜੀ-ਅਧਾਰਤ ਨਵੀਨਤਾ ਵਰਗੇ ਖੇਤਰਾਂ ਵਿੱਚ ਪੀਏਯੂ ਦੀ ਵਧਦੀ ਸਮਰੱਥਾ ਕਿਹਾ। ਉਨ੍ਹਾਂ ਕਿਹਾ ਕਿ ਇਹ ਚੋਣ ਦਰਸਾਉਂਦੀ ਹੈ ਕਿ ਖੇਤੀਬਾੜੀ ਯੂਨੀਵਰਸਿਟੀਆਂ, ਜਦੋਂ ਸੰਸਥਾ ਦੇ ਤੌਰ ‘ਤੇ ਮਜ਼ਬੂਤ ਉਦਯੋਗਕ ਸਹਿਯੋਗ ਨਾਲ ਜੁੜੀਆਂ ਹੁੰਦੀਆਂ ਹਨ, ਤਾਂ ਡਾਕਟਰੇਟ ਖੋਜ ਵਿਚ ਉੱਚ ਪੱਧਰ ‘ਤੇ ਮੁਕਾਬਲਾ ਕਰ ਸਕਦੀਆਂ ਹਨ।
