Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਨੇ ਜੈਵਿਕ ਖੇਤੀ ਸੰਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਆਯੋਜਿਤ ਕੀਤਾ

ਪੀ.ਏ.ਯੂ. ਦੇ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ Tਜੈਵਿਕ ਖੇਤੀU ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਕੋਰਸ ਵਿੱਚ 23 ਸਿਖਿਆਰਥੀਆਂ ਨੇ ਭਾਗ ਲਿਆ| ਉਹਨਾਂ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਕੋਰਸ ਦਾ ਮੁੱਖ ਮੰਤਵ ਕਿਸਾਨ ਵੀਰਾਂ ਨੂੰ ਜੈਵਿਕ ਢੰਗਾਂ ਨਾਲ ਖੇਤੀ ਕਰਨਾ ਸਿਖਾਉਣਾ ਹੈ ਤਾਂ ਕਿ ਕੀਟਨਾਸ਼ਕਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ ਅਤੇ ਜੈਵਿਕ ਖਾਦਾਂ ਅਤੇ ਗੰਡੋਇਆਂ ਦੀ ਖਾਦ ਤਿਆਰ ਕਰਕੇ ਇਸ ਨੂੰ ਸਹਾਇਕ ਧੰਦੇ ਵਜੋਂ ਅਪਨਾਉਣ ਲਈ ਪ੍ਰੇਰਿਤ ਕਰਨਾ ਹੈ| ਇਸ ਮੌਕੇ ’ਤੇ ਕੋਰਸ ਕੋਆਰਡੀਨੇਟਰ ਡਾ. ਲਵਲੀਸ਼ ਗਰਗ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਸਿਖਿਆਰਥੀਆਂ ਨੂੰ ਜੈਵਿਕ ਖੇਤੀ ਸਬੰਧੀ ਮੁਕੰਮਲ ਜਾਣਕਾਰੀ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਵੱਲੋਂ ਦਿੱਤੀ ਗਈ ਅਤੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਨੇ ਸਿਖਿਆਰਥੀਆਂ ਨਾਲ ਆਪਣੇ ਤਜਰਬੇ ਵੀ ਸਾਂਝੇ ਕੀਤੇ|
ਇਸ ਮੌਕੇ ’ਤੇ ਡਾ. ਸੋਹਣ ਸਿੰਘ ਵਾਲੀਆ ਡਾਇਰੈਕਟਰ, ਸਕੂਲ ਆਫ ਆਰਗੈਨਿਕ ਫਾਰਮਿੰਗ ਨੇ ਜੈਵਿਕ ਖੇਤੀ ਦੇ ਮਾਪਦੰਡਾਂ ਅਤੇ ਪ੍ਰਮਾਣੀਕਰਨ ਅਤੇ ਪੰਜਾਬ ਵਿੱਚ ਕੁਦਰਤੀ ਖੇਤੀ ਦੇ ਭਵਿੱਖ ਬਾਰੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ| ਉਹਨਾਂ ਨੇ ਸਰਵਪੱਖੀ ਜੈਵਿਕ ਫਾਰਮ ਬਾਰੇ ਅਤੇ ਚੰਗੀਆਂ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਫਸਲ ਉਤਪਾਦਨ ਬਾਰੇ ਜਾਣਕਾਰੀ ਸਾਂਝੀ ਕੀਤੀ| ਡਾ. ਨੀਰਜ ਰਾਣੀ ਨੇ ਗੰਡੋਇਆਂ ਦੀ ਖਾਦ ਬਾਰੇ, ਡਾ. ਕੁਲਦੀਪ ਸਿੰਘ ਭੁੱਲਰ ਨੇ ਫਲਦਾਰ ਬੂਟਿਆਂ ਦੀ ਜੈਵਿਕ ਖੇਤੀ ਬਾਰੇ, ਡਾ. ਗੁਲਾਬ ਪਾਂਡੋਵ ਨੇ ਜੈਵਿਕ ਖਾਦਾਂ ਬਾਰੇ, ਡਾ. ਸੁਰਜੀਤ ਸਿੰਘ ਮਿਨਹਾਸ ਨੇ ਜੈਵਿਕ ਖੇਤੀ ਵਿੱਚ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧ ਬਾਰੇ, ਡਾ. ਸੁਭਾਸ਼ ਸਿੰਘ ਨੇ ਜੈਵਿਕ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਬਾਰੇ, ਡਾ. ਅਜੈ ਕੁਮਾਰ ਚੌਧਰੀ ਨੇ ਜੈਵਿਕ ਖੇਤੀ ਵਿੱਚ ਬੀਮਾਰੀਆਂ ਦੀ ਰੋਕਥਾਮ ਬਾਰੇ, ਡਾ. ਜਗਮੋਹਨ ਕੌਰ ਨੇ ਜੈਵਿਕ ਖੇਤੀ ਵਿੱਚ ਅੰਤਰ-ਫਸਲੀ ਮਹੱਤਤਾ ਦੇ ਨਾਲ਼-ਨਾਲ਼ ਸਰਵਪੱਖੀ ਖੇਤੀ ਪ੍ਰਬੰਧ ਦੁਆਰਾ ਛੋਟੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਬਾਰੇ ਅਤੇ ਡਾ. ਅਮਨਦੀਪ ਸਿੰਘ ਸਿੱਧੂ ਨੇ ਕੁਦਰਤੀ ਖੇਤੀ ਦੇ ਸਿਧਾਂਤਾਂ ਬਾਰੇ ਵਿਸ਼ਿਆਂ ਉੱਪਰ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ|
ਡਾ. ਵਿਜੇਂਦਰਪਾਲ ਨੇ ਦਵਾਈਆਂ ਵਾਲ਼ੇ ਅਤੇ ਹਰਬਲ ਬੂਟਿਆਂ ਦੀ ਖੇਤੀ ਬਾਰੇ, ਡਾ. ਦਿਲਪ੍ਰੀਤ ਤਲਵਾੜ ਨੇ ਸਬਜ਼ੀਆਂ ਦੀ ਕੁਦਰਤੀ ਖੇਤੀ ਬਾਰੇ, ਡਾ. ਸੁਧੇਂਦੂ ਸ਼ਰਮਾ ਨੇ ਬਾਇਓ ਕੰਟਰੋਲ ਆਪਸ਼ਨ ਬਾਰੇ, ਡਾ. ਪੀ.ਐੱਸ ਸ਼ੇਰਾ ਨੇ ਬਾਇਓ-ਏਜੰਟਾਂ ਦੀ ਵਰਤੋਂ ਅਤੇ ਪੈਦਾਵਾਰ ਬਾਰੇ, ਡਾ. ਖੁਸ਼ਦੀਪ ਧਾਰਨੀ ਨੇ ਜੈਵਿਕ ਪਦਾਰਥਾਂ ਦੇ ਮੰਡੀਕਰਣ ਕਰਨ ਬਾਰੇ ਸਿਖਿਆਰਥੀਆਂ ਨੂੰ ਜਾਣੂ ਕਰਵਾਇਆ| ਇਸ ਕੋਰਸ ਦੇ ਕੋ-ਕੋਆਰਡੀਨੇਟਰ ਸ੍ਰੀਮਤੀ ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਕੋਰਸ ਦੇ ਸਿਖਿਆਰਥੀਆਂ ਨੂੰ ਸਕੂਲ ਆਫ਼ ਆਰਗੈਨਿਕ ਫਾਰਮਿੰਗ ਦੇ ਵੱਖ-ਵੱਖ ਯੂਨਿਟਾਂ ਦਾ ਦੌਰਾ ਵੀ ਕਰਵਾਇਆ ਗਿਆ ਜਿਵੇਂ ਕਿ ਸਰਵਪੱਖੀ ਖੇਤੀ ਪ੍ਰਬੰਧ ਫਾਰਮ, ਜੈਵਿਕ ਖੇਤੀ ਦਾ ਖੋਜ ਫਾਰਮ, ਵਰਮੀਕੰਪੋਸਟ ਯੂਨਿਟ ਅਤੇ ਵੱਖ-ਵੱਖ ਖੋਜ ਤਜਰਬਾ ਖੇਤਰਾਂ ਦਾ ਦੌਰਾ ਵੀ ਕਰਵਾਇਆ ਗਿਆ| ਅੰਤ ਵਿੱਚ ਡਾ. ਰੁਪਿੰਦਰ ਕੌਰ, ਸਹਿਯੋਗੀ ਨਿਰਦੇਸ਼ਕ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਵਿੱਚ ਸਿੱਖੀਆਂ ਬਾਰੀਕੀਆਂ ਨੂੰ ਆਪਣੇ ਕਿੱਤੇ ਵਿੱਚ ਅਪਣਾ ਕੇ ਜੈਵਿਕ ਢੰਗਾਂ ਨਾਲ ਖੇਤੀ ਕਰਨ ਲਈ ਪ੍ਰੇਰਿਤ ਕੀਤਾ|