ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਸਰਪਰਸਤੀ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਬੱਕਰੀ ਪਾਲਣ ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਮਿਤੀ 14 ਜਨਵਰੀ ਤੋਂ 20 ਜਨਵਰੀ, 2026 ਤੱਕ ਲਗਾਇਆ ਗਿਆ। ਇਸ ਸਿਖਲਾਈ ਕੋਰਸ ਵਿੱਚ 38 ਕਿਸਾਨ ਵੀਰਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ।
ਸਿਖਲਾਈ ਦੀ ਸ਼ੁਰੂਆਤ ਵਿੱਚ ਡਾ. ਅਜੀਤਪਾਲ ਸਿੰਘ ਧਾਲੀਵਾਲ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਨੇ ਸਿਖਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਬੱਕਰੀ ਪਾਲਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਵਿਗਿਆਨਕ ਲੀਹਾਂ ਤੇ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਰਜਿਸਟ੍ਰੇਸ਼ਨ ਅਤੇ ਸਵਾਗਤ ਭਾਸ਼ਣ ਤੋਂ ਬਾਅਦ ਪਹਿਲੇ ਦਿਨ ਬੱਕਰੀ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਦੀ ਜਾਂਚ ਕਰਨ ਲਈ ਇੱਕ ਪ੍ਰੀ-ਟ੍ਰੇਨਿੰਗ ਟੈਸਟ ਲਿਆ ਗਿਆ।
ਸਿਖਲਾਈ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਵੱਲੋਂ ਬੱਕਰੀ ਪਾਲਣ ਸਬੰਧੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਬੱਕਰੀਆਂ ਦੀ ਮੁੱਖ ਨਸਲਾਂ, ਬੱਕਰੀ ਦਾ ਸੁਚੱਜਾ ਪ੍ਰਜਨਣ ਪ੍ਰਬੰਧ, ਬੱਕਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਅਤੇ ਸਾਜੋ-ਸਮਾਨ, ਬੱਕਰੀਆਂ ਦੀ ਖੁਰਾਕ ਤਿਆਰ ਕਰਨਾ, ਬੱਕਰੀ ਦਾ ਮੰਡੀਕਰਨ, ਆਦਿ ਸ਼ਾਮਿਲ ਸੀ।
ਪਸ਼ੂ ਪਾਲਣ ਵਿਭਾਗ, ਮਾਨਸਾ ਤੌਂ ਡਾ. ਅਕਸ਼ੈ ਗੋਇਲ, ਵੈਟਰਨਰੀ ਅਫਸਰ ਵੱਲੋਂ ਬੱਕਰੀ ਦੀ ਬਿਮਾਰੀਆਂ ਤੋਂ ਬਚਾਅ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਗਏ ਅਤੇ ਵਿਭਾਗ ਵੱਲਂੋ ਕਿਸਾਨਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਪ੍ਰਭਦਿਆਲ ਸਿੰਘ, ਮੱਛੀ ਪਾਲਣ ਅਧਿਕਾਰੀ, ਮਾਨਸਾ ਨੇ ਏਕੀਕ੍ਰਿਤ / ਸੰਯੁਕਤ ਬੱਕਰੀ ਅਤੇ ਮੱਛੀ ਪਾਲਣ ਬਾਰੇ ਜਾਨਕਾਰੀ ਸਾਂਝੀ ਕੀਤੀ।
ਸਟੇਟ ਬੈਂਕ ਆਫ਼ ਇੰਡੀਆ ਤੌਂ ਲੀਡ ਬੈਂਕ ਅਫ਼ਸਰ ਸ਼੍ਰੀ ਰਜਤ ਕੁਮਾਰ ਨੇ ਸਹਾਇਕ ਧੰਦਿਆਂ ਲਈ ਲੋਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀ-ਇਨਫਰਾ ਫੰਡ ਵਰਗੀਆਂ ਘੱਟ-ਵਿਆਜ ਵਾਲੀਆਂ ਸਕੀਮਾਂ ਸ਼ਾਮਲ ਹਨ, ਜੋ ਬੱਕਰੀ ਪਾਲਣ ਕੰਮਾਂ ਲਈ ਲਚੀਲੇ ਭੁਗਤਾਨ ਵਿਕਲਪਾਂ ਨਾਲ ਤਿਆਰ ਕੀਤੀਆਂ ਗਈਆਂ ਹਨ।
ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਬੱਕਰੀ ਪਾਲਣ ਬਾਰੇ ਸਿਖਿਆਰਥੀਆਂ ਦੇ ਗਿਆਨ ਪੱਧਰ ਵਿੱਚ ਵਾਧੇ ਨੂੰ ਜਾਣਨ ਲਈ ਇੱਕ ਪੋਸਟ-ਟ੍ਰੇਨਿੰਗ ਟੈਸਟ ਦੇ ਨਾਲ ਸਮਾਪਤ ਹੋਇਆ। ਬੱਕਰੀ ਪਾਲਣ ਅਤੇ ਪਸ਼ੂ ਪਾਲਣ ਬਾਰੇ ਨਵੀਨਤਮ ਗਿਆਨ ਸਾਂਝਾ ਕਰਨ ਲਈ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ। ਕੁੱਲ ਮਿਲਾ ਕੇ ਸਿਖਿਆਰਥੀਆਂ ਨੇ ਬੱਕਰੀ ਪਾਲਣ ਬਾਰੇ ਚੰਗੀ ਦਿਲਚਸਪੀ ਦਿਖਾਈ ਅਤੇ ਲਾਭਦਾਇਕ ਜਾਣਕਾਰੀ ਸਾਂਝੀ ਕੀਤੀ।
