Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਨਕਟੇ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਮੌਜੂਦਾ ਕਣਕ ਤੋਂ ਚੰਗਾ ਝਾੜ ਲੈਣ ਲਈ ਖੁਰਾਕੀ ਨੁਕਤੇ, ਯੂਰੀਏ ਦੀ ਸੰਜਮ ਨਾਲ ਵਰਤੋਂ, ਕੀੜ੍ਹੇ-ਮਕੌੜਿਆਂ ਅਤੇ ਬਿਮਾਰੀਆਂ ਦੀ ਸਰਵ-ਪੱਖੀ ਰੋਕਥਾਮ, ਭੂਮੀ ਸਿਹਤ ਸੁਧਾਰ ਸਬੰਧੀ ਨੁਕਤੇ ਆਦਿ ਤੇ ਪਿੰਡ ਨਕਟੇ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ। ਇਸ ਕੈਂਪ ਵਿੱਚ 25 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ। ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਗਰਗ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਤਾਪਮਾਨ ਤੋਂ ਬਚਾਅ ਲਈ ਕਣਕ ਦੀ ਫਸਲ ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਣਕ ਵਿੱਚ ਬੋਰੌਨ ਅਤੇ ਮੈਗਨੀਸ਼ੀਅਮ ਖਾਦਾਂ ਵਰਤਣ ਦੀ ਕੋਈ ਜਰੂਰਤ ਨਹੀਂ, ਕੇਵਲ ਘਾਟ ਵਾਲੇ ਖੇਤਾਂ ਵਿੱਚ ਹੀ ਸਿਫਾਰਸ਼ ਮੁਤਾਬਕ ਇਨ੍ਹਾਂ ਖਾਦਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਭੂਮੀ ਦੀ ਸਿਹਤ ਸੁਧਾਰ ਲਈ ਡਾ. ਅਸ਼ੋਕ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੀਆਂ ਫਸਲਾਂ ਜਿਵੇਂ ਕਿ ਸਣ, ਢੈਚਾਂ/ਜੰਤਰ ਆਦਿ ਬੀਜਣ ਨੂੰ ਕਿਹਾ। ਉਹਨਾਂ ਨੇ ਮਿੱਟੀ ਪਰਖ਼ ਕਰਵਾ ਕੇ ਭੂਮੀ ਦਾ ਜੈਵਿਕ ਮਾਦਾ ਸੁਧਾਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਹੀ ਸੰਭਾਲਣ ਬਾਰੇ, ਜੈਵਿਕ ਖਾਦਾਂ ਦੀ ਵਰਤੋਂ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਗਰਗ ਨੇ ਸੰਗਰੂਰ ਜਿਲ੍ਹੇ ਨੂੰ ਸਭ ਤੋਂ ਵੱਧ ਯੂਰੀਏ ਦੀ ਖਪਤ ਕਰਨ ਵਾਲਾ ਜ਼ਿਲ੍ਹਾ ਹੋਣ ਤੇ ਚਿੰਤਾ ਪ੍ਰਗਟਾਈ ਅਤੇ ਕਿਸਾਨਾਂ ਨੂੰ ਲੋੜ ਮੁਤਾਬਿਕ ਹੀ ਇਸਦੀ ਵਰਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਮੌਕੇ ਤੇ ਹੀ ਯੂਰੀਏ ਦਾ ਖਾਲੀ ਥੈਲਾ ਮੰਗਵਾਕੇ ਉਸ ਵਿੱਚ ਦਰਜ ਅਸਲ ਕੀਮਤ ਅਤੇ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਸਬਸਿਡੀ ਦੀ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਸੈਂਟਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਕਿ ਕਿਸਾਨ ਮੇਲਿਆਂ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਦੇ ਬੀਜਾਂ ਦੀ ਵਿੱਕਰੀ, ਖੇਤੀ ਸਾਹਿਤ ਦੀ ਵਿੱਕਰੀ, ਸਬਜ਼ੀਆਂ ਦੇ ਬੀਜ ਦੀਆਂ ਕਿੱਟਾਂ, ਜੈਵਿਕ ਖਾਦਾਂ ਦੇ ਟੀਕੇ ਅਤੇ ਹੋਰ ਬਾਰੇ ਕਿਸਾਨਾਂ ਨੂੰ ਦੱਸਿਆ। ਉਪਰੋਕਤ ਉਤਪਾਦਾਂ ਤੋਂ ਇਲਾਵਾ ਪਸ਼ੂਆਂ ਲਈ ਧਾਤਾਂ ਦਾ ਚੂਰਾ, ਬਾਈਪਾਸ ਫੈਟ, ਪਸ਼ੂ ਚਾਟ, ਪ੍ਰੀਮਿਕਸ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਿਸਾਨਾਂ ਵਲੋਂ ਪੁੱਛੇ ਗਏ ਸਵਾਲਾਂ ਜਿਵੇਂ ਕਿ ਨੈਨੋ ਯੂਰੀਏ ਦੀ ਵਰਤੋਂ ਦੇ ਫਾਇਦੇ ਜਾਂ ਨੁਕਸਾਨ, ਬੋਰੋਨ ਤੱਤ ਦੀ ਲੋੜ, ਮਿੱਟੀ ਪਰਖ ਲਈ ਨਮੂਨੇ ਲੈਣ ਦਾ ਢੰਗ ਆਦਿ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ।

ਕੈਂਪ ਤੋਂ ਬਾਅਦ, ਸ. ਪ੍ਰਿਥੀਪਾਲ ਸਿੰਘ ਅਤੇ ਸ. ਵਿਕਰਮਜੀਤ ਸਿੰਘ ਦੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਨਾਲ ਲਗਦੇ ਪਿੰਡ ਮਾਝੀ ਵਿਖੇ ਵੀ ਹੈਪੀ ਸੀਡਰ ਨਾਲ ਬੀਜੀ ਕਣਕ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਮੌਕੇ ਤੇ ਹੀ ਕਿਸਾਨਾਂ ਦੀਆਂ ਖੇਤੀ ਸਬੰਧੀ ਮੁਸ਼ਕਿਲਾਂ ਦੇ ਹੱਲ ਦੱਸੇ ਗਏ।