ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇੰਦਰ, ਰੋਪੜ ਵੱਲੋਂ ਪਿੰਡ ਨਿੱਕੂਨੰਗਲ ਅਤੇ ਬੱਸੀ ਵਿਖੇ ਕਣਕ ਦੀਆਂ ਬਿਮਾਰੀਆਂ ਸੰਬੰਧੀ ਦੋ ਜਾਗਰੂਕਤਾ ਕੈਂਪ ਲਗਾਏ ਗਏ ।
ਕੈਂਪ ਦੀ ਸ਼ੁਰੂਆਤ ਕਰਦਿਆਂ ਹੋਇਆਂ ਡਾ. ਰਮਿੰਦਰ ਘੁੰਮਣ (ਡੀ.ਈ.ਐਸ. ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਕਣਕ ਅਤੇ ਸਰ੍ਹੋਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਸੁਚੱਜੀ ਰੋਕਥਾਮ ਅਤੇ ਪ੍ਰਬੰਧਨ ਬਾਰੇ ਜਾਣੂ ਕਰਵਾਇਆ । ਖੇਤੀਬਾੜੀ ਮਹਿਕਮੇ ਤੋਂ ਆਏ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਸਾਗਰ ਨੇ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਵੱਖ-ਵੱਖ ਕਿੱਤਾ ਮੁਖੀ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕਿਸਾਨਾਂ ਨੂੰ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਖੇਤੀ ਤੋਂ ਵਧੀਆ ਮੁਨਾਫ਼ਾ ਲੈਣ ਲਈ ਪ੍ਰੇਰਨਾ ਦਿੱਤੀ । ਜੰਗਲਾਤ ਮਹਿਕਮੇ ਦੇ ਅਫਸਰ ਸ਼੍ਰੀ ਮਨੀ ਹੰਸ ਨੇ ਜੰਗਲਾਤ ਮਹਿਕਮੇ ਨਾਲ ਸੰਬੰਧਿਤ ਸਕੀਮਾਂ ਬਾਰੇ ਜਾਣੂ ਕਰਵਾਇਆ । ਇਸ ਮੌਕੇ ਪਿੰਡ ਦੇ ਨੰਬਰਦਾਰ ਸ. ਗੁਰਚੇਤ ਸਿੰਘ ਨੇ ਫਾਰਮ ਸਲਾਹਕਾਰ ਸੇਵਾ ਕੇੰਦਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਜੁੜ ਕੇ ਫ਼ਸਲਾਂ ਦੇ ਸੁਧਰੇ ਬੀਜ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾਉਣਾ ਚਾਹੀਦਾ ਹੈ ।
ਅੰਤ ਵਿੱਚ ਕਿਸਾਨਾਂ ਨੇ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ । ਕੈਂਪ ਦਾ ਸਮਾਪਨ ਨਿਯਮਤ ਸੁਝਾਵਾਂ ਅਤੇ ਧੰਨਵਾਦ ਨਾਲ ਕੀਤਾ ਗਿਆ।
