ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਵਿਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਡਾ. ਮਹੇਸ਼ ਕੁਮਾਰ ਨੂੰ ਵਧੀਕ ਨਿਰਦੇਸ਼ਕ ਖੋਜ (ਭੋਜਨ ਇੰਜਨੀਅਰਿੰਗ) ਨਿਯੁਕਤ ਕੀਤਾ ਗਿਆ| ਡਾ. ਮਹੇਸ਼ ਕੁਮਾਰ 25 ਸਾਲ ਤੋਂ ਨਿਰੰਤਰ ਭੋਜਨ ਪ੍ਰੋਸੈਸਿੰਗ ਦੇ ਖੇਤਰ ਵਿਚ ਸਰਗਰਮ ਰਹੇ ਹਨ| ਇਸ ਦੌਰਾਨ ਉਹਨਾਂ ਨੇ ਕੌਮੀ, ਕੌਮਾਂਤਰੀ ਅਤੇ ਰਾਜਪੱਧਰੀ ਏਜੰਸੀਆਂ ਦੁਆਰਾ ਪ੍ਰਾਯੋਜਿਤ 16 ਵੱਖ-ਵੱਖ ਪ੍ਰੋਜੈਕਟਾਂ ਦਾ ਸਫਲਤਾ ਨਾਲ ਸੰਚਾਲਨ ਕੀਤਾ| ਉਹਨਾਂ ਦੇ ਸਹਿਯੋਗ ਨਾਲ ਤਲਵਾੜਾ ਅਤੇ ਲਾਂਬੜਾ ਕਾਂਗੜੀ ਸਹਿਕਾਰੀ ਸੁਸਾਇਟੀਆਂ ਵਿਚ ਖੇਤੀ ਪ੍ਰੋਸੈਸਿੰਗ ਕੇਂਦਰ ਸਥਾਪਿਤ ਹੋਏ| ਉਹਨਾਂ ਨੇ ਨਵੀਂ ਤਰਜ਼ ਦੇ ਗੁੜ ਬਨਾਉਣ ਵਾਲੇ ਵੱਖ-ਵੱਖ ਯੂਨਿਟਾਂ ਦੀ ਸਥਾਪਤੀ ਲਈ ਵਿਸ਼ੇਸ਼ ਯਤਨ ਕਰਨ ਦੇ ਨਾਲ-ਨਾਲ ਔਰਤਾਂ ਦੇ ਸਵੈ ਸੇਵੀ ਸਮੂਹਾਂ ਦਾ ਗਠਨ ਕਰਨ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ|
ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਦੇ ਤੌਰ ਤੇ ਉਹਨਾਂ ਨੇ ਕਣਕ ਦਾ ਆਟਾ, ਬਾਸਮਤੀ ਦੇ ਚੌਲ, ਹਲਦੀ ਪਾਊਡਰ, ਕਨੌਲਾ ਸਰ੍ਹੋਂ, ਵੇਸਣ, ਦਾਲਾਂ ਆਦਿ ਦੀ ਪ੍ਰੋਸੈਸਿੰਗ ਲਈ ਵਿਸ਼ੇਸ਼ ਯਤਨ ਕਰਦਿਆਂ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਅਤੇ ਯੂਨੀਵਰਸਿਟੀ ਵਿਖੇ ਗੁੜ ਨਿਰਮਾਣ ਦੀ ਨਵੀਨਤਮ ਇਕਾਈ ਦੀ ਸਥਾਪਨਾ ਲਈ ਖਾਸ ਯੋਗਦਾਨ ਪਾਇਆ| ਦਸ ਸਾਲ ਤੱਕ ਡਾ. ਮਹੇਸ਼ ਕੁਮਾਰ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਵਿਖੇ ਸੇਵਾ ਨਿਭਾਉਂਦੇ ਰਹੇ| ਨਾਲ ਹੀ ਉਹਨਾਂ ਨੇ 51 ਖੋਜ ਪੇਪਰ ਅਤੇ 67 ਮਕਬੂਲ ਲੇਖ ਲਿਖੇ| 15 ਐੱਮ ਟੈੱਕ ਅਤੇ 4 ਪੀ ਐੱਚ ਡੀ ਵਿਦਿਆਰਥੀਆਂ ਨੇ ਉਹਨਾਂ ਦੀ ਅਗਵਾਈ ਵਿਚ ਆਪਣਾ ਕਾਰਜ ਸੰਪੂਰਨ ਕੀਤਾ| ਉਹਨਾਂ ਦੇ ਸਹਿਯੋਗ ਅਤੇ ਯਤਨ ਸਦਕਾ ਹੀ ਪੀ.ਏ.ਯੂ. ਨੇ ਮੱਕੀ ਸੁਕਾਉਣ ਵਾਲਾ ਛੋਟਾ ਡਰਾਇਰ ਅਤੇ ਮੈਗਨੈਟਿਕ ਫੀਲਡ ਅਸਿਸਟਟਡ ਫਰੀਜ਼ਿੰਗ ਤਕਨਾਲੋਜੀਆਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੂੰ ਪੇਟੈਂਟ ਵੀ ਹਾਸਲ ਹੋਏ| ਡਾ. ਮਹੇਸ਼ ਕੁਮਾਰ ਪ੍ਰੋਸੈਸਿੰਗ ਦੇ ਖੇਤਰ ਵਿਚ ਆਸਟਰੇਲੀਆ, ਬਰਤਾਨੀਆਂ ਦੀਆਂ ਯੂਨੀਵਰਸਿਟੀਆਂ ਨਾਲ ਕੰਮ ਕਰਨ ਅਤੇ ਪ੍ਰਧਾਨ ਮੰਤਰੀ ਦੀਆਂ ਭੋਜਨ ਪ੍ਰੋਸੈਸਿੰਗ ਸੰਬੰਧੀ ਯੋਜਨਾਵਾਂ ਨੂੰ ਪੰਜਾਬ ਵਿਚ ਲਾਗੂ ਕਰਨ ਦਾ ਵਿਸ਼ੇਸ਼ ਤਜਰਬਾ ਵੀ ਰੱਖਦੇ ਹਨ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ,ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਸਫਲਤਾ ਦੀ ਕਾਮਨਾ ਕੀਤੀ|
