Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਪੀ.ਏ.ਯੂ. ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ

ਪੀ.ਏ.ਯੂ. ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਦੀ ਅਗਵਾਈ ਵਿਚ ਯੰਗ ਰਾਈਟਰਜ਼ ਐਸੋਸੀਏਸ਼ਨ ਨੇ ਇਕ ਪ੍ਰਭਾਵਸ਼ਾਲੀ ਪੁਸਤਕ ਰਿਲੀਜ਼ ਸਮਾਰੋਹ ਦਾ ਆਯੋਜਨ ਕੀਤਾ| ਵਿਦਿਆਰਥੀ ਭਵਨ ਵਿਖੇ ਹੋਏ ਇਸ ਸਮਾਰੋਹ ਵਿਚ ਯੂਨੀਵਰਸਿਟੀ ਵਿਚ ਬਤੌਰ ਪੰਜਾਬੀ ਸੰਪਾਦਕ ਕਾਰਜਸ਼ੀਲ ਡਾ. ਜਗਵਿੰਦਰ ਜੋਧਾ ਦੇ ਪੰਜਵੇਂ ਗ਼ਜ਼ਲ ਸੰਗ੍ਰਹਿ ‘ਚੱਤੋ ਪਹਿਰ ਮਲੰਗੀ’ ਨੂੰ ਲੋਕ ਅਰਪਿਤ ਕੀਤਾ ਗਿਆ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਉਹਨਾਂ ਨਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ, ਸਾਬਕਾ ਉੱਚ ਪੁਲਿਸ ਅਧਿਕਾਰੀ ਅਤੇ ਉੱਘੇ ਲੇਖਕ ਸ਼੍ਰੀ ਗੁਰਪ੍ਰੀਤ ਸਿੰਘ ਤੂਰ, ਜ਼ਿਲ੍ਹਾ ਲੁਧਿਆਣਾ ਦੇ ਭਾਸ਼ਾ ਅਧਿਕਾਰੀ ਡਾ. ਸੰਦੀਪ ਸ਼ਰਮਾ, ਉੱਘੇ ਲੇਖਕ ਸ਼੍ਰੀ ਰਾਮ ਸਿੰਘ ਪੀ ਸੀ ਐੱਸ ਅਤੇ ਲੁਧਿਆਣਾ ਦੇ ਉੱਪ ਕਮਿਸ਼ਨਰ ਨਗਰ ਨਿਗਮ ਸ਼੍ਰੀ ਜਸਦੇਵ ਸੇਖੋਂ ਪ੍ਰਧਾਨਗੀ ਮੰਡਲ ਵਿਚ ਮੌਜੂਦ ਰਹੇ|
ਕਿਤਾਬ ਨੂੰ ਲੋਕ ਅਰਪਿਤ ਕਰਦਿਆਂ ਵਾਈਸ ਚਾਂਸਲਰ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਹਮੇਸ਼ਾਂ ਪੰਜਾਬ, ਪੰਜਾਬੀ ਅਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕੀਤਾ ਹੈ| ਇਹੀ ਕਾਰਨ ਹੈ ਕਿ ਪੰਜਾਬ ਦੇ ਪ੍ਰਸਿੱਧ ਅਤੇ ਸਨਮਾਨਿਤ ਲੇਖਕ ਇਸ ਸੰਸਥਾ ਦਾ ਹਿੱਸਾ ਬਣੇ ਰਹੇ ਹਨ| ਉਹਨਾਂ ਡਾ. ਮਹਿੰਦਰ ਸਿੰਘ ਰੰਧਾਵਾ ਵੱਲੋਂ ਸਥਾਪਿਤ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਦੇ ਰਖ-ਰਖਾਵ ਅਤੇ ਸੰਭਾਲ ਲਈ ਯੂਨੀਵਰਸਿਟੀ ਹਮੇਸ਼ਾਂ ਤਤਪਰ ਰਹੀ ਹੈ| ਨਵੀਂ ਪੀੜੀ ਦੇ ਅਧਿਆਪਕਾਂ ਵੱਲੋਂ ਉਸੇ ਲੜੀ ਵਿਚ ਸਾਹਿਤ ਸਿਰਜਨਾ ਦਾ ਹਿੱਸਾ ਬਣਨ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਪੰਜਾਬੀ ਸਾਹਿਤ ਦੀ ਇਹ ਧਾਰਾ ਨਿਰਵਿਘਨ ਅਤੇ ਨਿਰੰਤਰ ਜਾਰੀ ਰਹੇਗੀ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਨਾ ਸਿਰਫ ਪੰਜਾਬੀ ਸਾਹਿਤ ਬਲਕਿ ਖੇਤੀ ਸਾਹਿਤ ਵਿਚ ਕੀਤੇ ਜਾ ਰਹੇ ਕਾਰਜਾਂ ਬਾਰੇ ਝਾਤ ਪੁਆਈ| ਉਹਨਾਂ ਕਿਹਾ ਕਿ ਮਾਸਿਕ ਰਸਾਲਿਆਂ ਅਤੇ ਖੇਤੀ ਨਾਲ ਸੰਬੰਧਿਤ ਵੱਖ-ਵੱਖ ਕਿਤਾਬਚਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਕਾਸ਼ਿਤ ਕਰਕੇ ਕਿਸਾਨਾਂ ਤੱਕ ਪਹੁੰਚਾਉਣਾ ਯੂਨੀਵਰਸਿਟੀ ਦਾ ਖਾਸਾ ਹੈ| ਨਾਲ ਹੀ ਡਿਜ਼ੀਟਲ ਮੰਚ ਤੇ ਵੀ ਪੰਜਾਬੀ ਭਾਸ਼ਾ ਵਿਚ ਹਫਤਾਵਾਰ ਅਖਬਾਰ ਖੇਤੀ ਸੰਦੇਸ਼ ਹਰ ਹਫਤੇ ਲੱਖਾਂ ਕਿਸਾਨਾਂ ਤੱਕ ਪਹੁੰਚਾਇਆ ਜਾਂਦਾ ਹੈ| ਉਹਨਾਂ ਕਿਹਾ ਕਿ ਖੇਤੀ ਨਾਲ ਸੰਬੰਧਿਤ ਸਾਹਿਤ ਤੋਂ ਇਲਾਵਾ ਪੰਜਾਬੀ ਸਾਹਿਤ ਲਈ ਵੀ ਲਗਾਤਾਰ ਯਤਨ ਜਾਰੀ ਰੱਖੇ ਜਾਣਗੇ|
ਇਸ ਮੌਕੇ ਡਾ. ਸੰਦੀਪ ਸ਼ਰਮਾ ਅਤੇ ਸੁਖਜਿੰਦਰ ਫਿਰੋਜ਼ਪੁਰ ਨੇ ਸੰਬੰਧਿਤ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ| ਸ਼੍ਰੀ ਗੁਰਪ੍ਰੀਤ ਸਿੰਘ ਤੂਰ ਨੇ ਵਿਦਿਆਰਥੀਆਂ ਨੂੰ ਉਸਾਰੂ ਕਦਰਾਂ-ਕੀਮਤਾਂ ਨਾਲ ਜੁੜਨ ਅਤੇ ਅਕਾਦਮਿਕ ਪ੍ਰਾਪਤੀਆਂ ਨਾਲ ਚੰਗੇ ਸ਼ਹਿਰੀ ਬਣਨ ਦਾ ਸੁਪਨਾ ਸੰਜੋਣ ਲਈ ਪ੍ਰੇਰਿਤ ਕੀਤਾ| ਇਸ ਮੌਕੇ ਸ਼੍ਰੀ ਰਾਮ ਸਿੰਘ, ਡਾ. ਅਪਮਿੰਦਰ ਪਾਲ ਬਰਾੜ ਨੇ ਵੀ ਸੰਬੋਧਨ ਕੀਤਾ|
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਭ ਦਾ ਸਵਾਗਤ ਕਰਦਿਆਂ ਦੱਸਿਆ ਕਿ ਯੰਗ ਰਾਈਟਰਜ਼ ਐਸੋਸੀਏਸ਼ਨ ਯੂਨੀਵਰਸਿਟੀ ਵਿਚ ਸਾਹਿਤ ਅਤੇ ਸੱਭਿਆਚਾਰ ਦੀ ਚੇਟਕ ਵਿਦਿਆਰਥੀਆਂ ਨੂੰ ਲਾਉਣ ਦੇ ਮੰਤਵ ਨਾਲ ਦਹਾਕਿਆਂ ਤੋਂ ਕਾਰਜ ਕਰ ਰਹੀ ਹੈ| ਇਸੇ ਸਦਕਾ ਵੱਖ-ਵੱਖ ਸਮਿਆਂ ਤੇ ਇਸਦੇ ਮੈਂਬਰ ਰਹੇ 150 ਤੋਂ ਵਧੇਰੇ ਲੇਖਕਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ|
ਸੱਭਿਆਚਾਰਕ ਗਤੀਵਿਧੀਆਂ ਦੇ ਸਹਿਯੋਗੀ ਨਿਰਦੇਸ਼ਕ ਡਾ. ਰੁਪਿੰਦਰ ਕੌਰ ਨੇ ਅਹਿਦ ਕੀਤਾ ਕਿ ਭਵਿੱਖ ਵਿਚ ਵੀ ਅਜਿਹੇ ਸਮਾਰੋਹ ਆਯੋਜਿਤ ਕਰਕੇ ਲੇਖਕਾਂ ਦਾ ਹੌਸਲਾ ਵਧਾਇਆ ਜਾਵੇਗਾ| ਅੰਤ ਵਿਚ ਐਸੋਸੀਏਸ਼ਨ ਦੇ ਇੰਚਾਰਜ ਡਾ. ਬਿਕਰਮ ਸਿੰਘ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ| ਹਾਜ਼ਰ ਕਵੀਆਂ ਵਿਚ ਸ਼੍ਰੀ ਪ੍ਰਭਜੋਤ ਸੋਹੀ, ਸ਼੍ਰੀਮਤੀ ਕੋਮਲਦੀਪ ਕੌਰ ਅਤੇ ਪ੍ਰੋ. ਮਨਦੀਪ ਔਲਖ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ| ਇਸ ਸਮਾਗਮ ਦਾ ਸੰਚਾਲਨ ਸ਼੍ਰੀ ਗੁਰਪ੍ਰੀਤ ਵਿਰਕ ਨੇ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਮਲਜੀਤ ਸਿੰਘ ਸੂਰੀ, ਡਾ. ਹਰਮੀਤ ਸਿੰਘ ਕਿੰਗਰਾ, ਡਾ. ਆਸ਼ੂ ਤੂਰ, ਡਾ. ਰਵਿੰਦਰ ਚੰਦੀ, ਡਾ. ਸਿਮਰਜੀਤ ਕੌਰ, ਡਾ. ਗੁਰਵੀਰ ਕੌਰ, ਡਾ. ਇੰਦਰਪ੍ਰੀਤ ਕੌਰ, ਡਾ ਗਗਨ ਨਾਗਰਾ, ਡਾ ਗੁਰਨਾਜ਼ ਗਿੱਲ, ਮੈਡਮ ਗੁਲਨੀਤ ਅਤੇ ਰਜਿਸਟਰਿੰਗ ਅਫਸਰ ਸ਼੍ਰੀ ਸਤਵੀਰ ਸਮੇਤ ਭਾਰੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਰਹੇ|