Menu

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Menu

ਕੈਨੇਡਾ-ਪੰਜਾਬ ਮੀਟ ਦੌਰਾਨ ਪੀ.ਏ.ਯੂ. ਨੇ ਲੰਮੇ ਅਰਸੇ ਲਈ ਸਾਂਝ ਅਤੇ ਸਹਿਯੋਗ ਦੀ ਵਿਉਂਤਬੰਦੀ ਤਜਵੀਜ਼ ਕੀਤੀ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਤੋਂ ਭਾਰਤ ਦੇ 6 ਦਿਨਾਂ ਦੌਰੇ ਤੇ ਆਏ ਉੱਚ ਪੱਧਰੀ ਵਫ਼ਦ ਨੇ ਪੰਜਾਬ ਦੇ ਮੱੁਖ ਮੰਤਰੀ ਸ. ਭਗਵੰਤ ਮਾਨ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਲਈ ਗੱਲਬਾਤ ਕੀਤੀ| ਇਸ ਵਫ਼ਦ ਦੀ ਅਗਵਾਈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਮਾਣਯੋਗ ਸ਼੍ਰੀ ਡੇਵਿਡ ਐਬੀ ਨੇ ਕੀਤੀ| ਉਹਨਾਂ ਨਾਲ ਨੌਕਰੀਆਂ ਅਤੇ ਆਰਥਿਕ ਵਿਕਾਸ ਬਾਰੇ ਕੈਨੇਡੀਅਨ ਮੰਤਰੀ ਸ਼੍ਰੀ ਰਵੀ ਕਾਹਲੋਂ ਅਤੇ ਭਾਰਤ ਵਿਚ ਕੈਨੇਡਾ ਦੇ ਰਾਜਦੂਤ ਸ਼੍ਰੀ ਕਰਿਸਟੋਫਰ ਕੂਟਰ ਸ਼ਾਮਿਲ ਸਨ|
ਪੰਜਾਬ ਵਿਚ ਨਿਵੇਸ਼ ਲਈ ਬਣਾਈਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਉਸਾਰੂ ਵਾਤਾਵਰਨ ਅਤੇ ਪਾਰਦਰਸ਼ੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਲਈ ਸਰਕਾਰ ਨਿਰੰਤਰ ਵਚਨਬੱਧ ਹੈ| ਮੁੱਖ ਮੰਤਰੀ ਨੇ ਪੰਜਾਬ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ|
ਇਸ ਮੀਟਿੰਗ ਦੌਰਾਨ ਦੋਵਾਂ ਪੱਖਾਂ ਵਿਚਕਾਰ ਖੇਤੀਬਾੜੀ, ਸਿੱਖਿਆ, ਤਕਨਾਲੋਜੀ ਅਤੇ ਸੰਬੰਧਿਤ ਖੇਤਰਾਂ ਬਾਰੇ ਵਿਚਾਰ-ਚਰਚਾ ਹੋਈ| ਪੰਜਾਬ ਵਿਚ ਖੇਤੀ ਪ੍ਰੋਸੈਸਿੰਗ, ਕੱਪੜਾ ਉਦਯੋਗ, ਇੰਜਨੀਅਰਿੰਗ ਦੇ ਔਜ਼ਾਰ, ਸੂਚਨਾ ਤਕਨਾਲੋਜੀ ਅਤੇ ਨਵਿਆਉਣਯੋਗ ਊਰਜਾ ਨੂੰ ਸੰਭਾਵੀ ਸਹਿਯੋਗ ਖੇਤਰਾਂ ਵਜੋਂ ਦਰਸਾਇਆ ਗਿਆ| ਵਿਸ਼ੇਸ਼ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਵਫ਼ਦ ਨੇ ਖੇਤੀਬਾੜੀ, ਭੋਜਨ ਸੁਰੱਖਿਆ ਅਤੇ ਗਰੀਨ ਹਾਊਸ ਤਕਨਾਲੋਜੀ ਵਿਚ ਪੰਜਾਬ ਦੀ ਖੇਤੀਬਾੜੀ ਦੀਆਂ ਸੰਭਾਵਨਾਵਾਂ ਵਿਚ ਦਿਲਚਸਪੀ ਦਿਖਾਈ| ਇਸਦੇ ਨਾਲ ਹੀ ਸੂਖਮ ਖੇਤੀਬਾੜੀ, ਵਢਾਈ ਉਪਰੰਤ ਸੰਭਾਲ ਤਕਨੀਕਾਂ ਅਤੇ ਮੁੱਲਵਾਧਾ ਅਤੇ ਭੋਜਨ ਪ੍ਰੋਸੈਸਿੰਗ ਦੇ ਖੇਤਰਾਂ ਵਿਚ ਸਹਿਯੋਗ ਉੱਪਰ ਵਿਸ਼ੇਸ ਸਹਿਮਤੀ ਨਜ਼ਰ ਆਈ|
ਇਸ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਕੈਨੇਡਾ ਵਿਚ ਵਸਦੇ ਪੰਜਾਬੀਆਂ ਵੱਲੋਂ ਆਪਣੀਆਂ ਜੜ੍ਹਾਂ ਬਾਰੇ ਵਿਸ਼ੇਸ਼ ਖਿੱਚ ਹੋਣ ਕਰਕੇ ਆਰਥਿਕਤਾ ਅਤੇ ਖੇਤੀ ਸਹਿਯੋਗ ਵਧੇਰੇ ਮਹੱਤਵ ਵਾਲੇ ਖੇਤਰ ਹਨ| ਗੱਲਬਾਤ ਦੌਰਾਨ ਇਹਨਾਂ ਖੇਤਰਾਂ ਵਿਚ ਸਾਂਝੀਆਂ ਚੁਣੌਤੀਆਂ ਦੀ ਪਛਾਣ ਅਤੇ ਉਹਨਾਂ ਨਾਲ ਨਜਿੱਠਣ ਲਈ ਲੰਮੇ ਸਮੇਂ ਦੀ ਰਣਨੀਤੀ ਨੂੰ ਸਾਂਝੇ ਰੂਪ ਵਿਚ ਲਾਗੂ ਕਰਨ ਬਾਰੇ ਵੀ ਜ਼ੋਰ ਦਿੱਤਾ ਗਿਆ|
ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੀਕਲਚਲ ਯੂਨੀਵਰਸਿਟੀ ਨੇ ਬ੍ਰਿਟਿਸ਼ ਕੋਲੰਬੀਆਂ ਦੀਆਂ ਸੰਸਥਾਵਾਂ ਨਾਲ ਖੋਜ ਅਤੇ ਅਕਾਦਮਿਕ ਢਾਂਚੇ ਦੀ ਉਸਾਰੀ ਅਤੇ ਸਹਿਯੋਗ ਬਾਰੇ ਆਪਣੇ ਉਦੇਸ਼ ਸਪੱਸ਼ਟ ਕੀਤੇ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੁਲਾਵੇ ਤਹਿਤ ਇਸ ਮੀਟ ਵਿਚ ਭਾਗ ਲਿਆ ਅਤੇ ਯੂਨੀਵਰਸਿਟੀਆਂ ਦੀਆਂ ਪਹਿਲਕਦਮੀਆਂ ਅਤੇ ਕੌਮਾਂਤਰੀ ਸਾਂਝਦਾਰੀਆਂ ਦੀ ਰੂਪਰੇਖਾ ਉੱਪਰ ਚਾਨਣਾ ਪਾਇਆ|
ਪੀ.ਏ.ਯੂ. ਨੇ ਇਸ ਸੰਬੰਧ ਵਿਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਸਾਈਮਨ ਫਰੇਜ਼ਰ ਯੂਨੀਵਰਸਿਟੀ, ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਕਵਾਂਟਲੇਨ ਪੋਲੀਟੈਕਨਿਕ ਯੂਨੀਵਰਸਿਟੀ ਨਾਲ ਲੰਮੇ ਸਮੇਂ ਦੇ ਸਹਿਯੋਗ ਦੀ ਤਜਵੀਜ਼ ਕੀਤੀ| ਇਸ ਦੌਰਾਨ ਉਹਨਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਨ੍ਹਾਂ ਵਿਚ ਸਾਂਝੇ ਤੌਰ ਤੇ ਸਹਿਯੋਗ ਰਾਹੀਂ ਖੇਤੀ ਵਿਕਾਸ ਦੀਆਂ ਸੰਭਾਵਨਾਵਾਂ ਬਣਦੀਆਂ ਹਨ|
ਇਸ ਦੌਰਾਨ ਡਿਜ਼ੀਟਲ ਖੇਤੀਬਾੜੀ ਅਤੇ ਏ ਆਈ ਵਿਚ ਸਮਰਥਾ ਨਿਮਾਣ ਦੁਆਰਾ ਅੰਕੜਾ ਵਿਸ਼ਲੇਸ਼ਣ, ਸਮਾਰਟ ਖੇਤੀਬਾੜੀ ਤਰੀਕੇ ਆਦਿ ਖੇਤਰਾਂ ਨੂੰ ਵਿਸ਼ੇਸ਼ਤਾ ਨਾਲ ਪੇਸ਼ ਕੀਤਾ ਗਿਆ| ਇਸ ਤੋਂ ਇਲਾਵਾ ਜੀਵਾਣੂੰ ਖਾਦਾਂ, ਗਰੀਨ ਹਾਊਸ ਕਾਸ਼ਤਕਾਰੀ, ਵਰਟੀਕਲ ਐਕਸਪੈਸ਼ਨ ਅਤੇ ਐਪਲਾਈਡ ਜੀਨੋਮਿਕਸ ਨੂੰ ਖੋਜ ਸਹਿਯੋਗ ਦੇ ਖੇਤਰਾਂ ਦੇ ਤੌਰ ਤੇ ਵਿਚਾਰਿਆ ਗਿਆ| ਨਾਲ ਹੀ ਬਾਇਓਫੋਰਟੀਫਾਈਡ ਬਰੀਡਿੰਗ, ਮੌਲੀਕਿਊਲਰ ਬਰੀਡਿੰਗ ਅਤੇ ਵਢਾਈ ਉਪਰੰਤ ਤਕਨਾਲੋਜੀਆਂ ਦੇ ਨਾਲ-ਨਾਲ ਖੇਤੀ ਜੰਗਲਾਤ ਅਤੇ ਕਾਰਬਨ ਸੰਜੋਣ ਆਦਿ ਨੂੰ ਵੀ ਪਹਿਲਕਦਮੀ ਦੇ ਖੇਤਰਾਂ ਦੇ ਰੂਪ ਵਿਚ ਵਿਚਾਰਨ ਲਈ ਦੋਵਾਂ ਧਿਰਾਂ ਨੇ ਹਾਮੀ ਭਰੀ| ਖੇਤੀ ਖੇਤਰ ਦੇ ਵਿਕਾਸ ਲਈ ਜਾਣਕਾਰੀ ਦੇ ਤਬਾਦਲੇ ਨਾਲ ਖੇਤੀ ਕਾਰੋਬਾਰ ਦੇ ਵਿਕਾਸ, ਸਿਖਲਾਈ ਢਾਂਚੇ, ਮੁੱਲਵਾਧੇ ਅਤੇ ਸਥਿਰ ਸਿਖਲਾਈ ਉੱਪਰ ਵੀ ਵਿਚਾਰ-ਚਰਚਾ ਹੋਈ| ਇਸ ਦੌਰਾਨ ਇਸ ਨੁਕਤੇ ਉੱਪਰ ਵੀ ਸਹਿਮਤੀ ਸੀ ਕਿ ਪੰਜਾਬ ਨੇ ਸ਼ਹਿਦ ਉਤਪਾਦਨ ਵਿਚ ਬੇਮਿਸਾਲ ਵਿਕਾਸ ਕੀਤਾ ਹੈ| ਸ਼ਹਿਦ ਦੀ ਮੁੱਲ ਲੜੀ ਅਤੇ ਭੋਜਨ ਪ੍ਰੋਸੈਸਿੰਗ ਵਿਚ ਮਿਆਰ ਦੇ ਵਾਧੇ ਨੂੰ ਵੀ ਸਹਿਯੋਗ ਦੇ ਖੇਤਰਾਂ ਵਿਚ ਸ਼ਾਮਿਲ ਕੀਤਾ ਗਿਆ| ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਾਣੀ ਸੰਭਾਲ ਦੇ ਖੇਤਰ ਵਿਚ ਏ ਆਈ ਦੇ ਦਖਲ ਵਾਸਤੇ ਪੀ.ਏ.ਯੂ. ਵਿਚ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਦੀ ਪੇਸ਼ਕਸ਼ ਵੀ ਕੀਤੀ ਗਈ|
ਮੀਟਿੰਗ ਦੀ ਸਮਾਪਤੀ ਤੇ ਪੰਜਾਬ ਸਰਕਾਰ ਨੇ ਵਫ਼ਦ ਦੇ ਮੈਂਬਰਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਤ ਕੀਤਾ| ਪੀ.ਏ.ਯੂ. ਵੱਲੋਂ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆਂ ਦੇ ਗਹਿਰੇ ਸੰਬੰਧਾਂ ਦੀ ਯਾਦਗਾਰ ਵਜੋਂ ਵਿਸ਼ੇਸ਼ ਸਨਮਾਨ ਚਿੰਨ ਭੇਂਟ ਕੀਤੇ ਗਏ|