ਪੀ ਏ ਯੂ ਆਪਣੀਆਂ ਵਿਕਸਤ ਕੀਤੀਆਂ ਕਿਸਮਾਂ ਅਤੇ ਤਕਨਾਲੋਜੀਆਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਲਗਾਤਾਰ ਸਰਗਰਮ ਹੈ। ਇਸੇ ਉਦੇਸ਼ ਤਹਿਤ ਗੁਜਰਾਤ ਸਥਿਤ ਆਲਮਦਾਰ ਸੀਡਜ਼ ਨਾਲ ਬਰਸੀਮ-45 ਦੀ ਕਿਸਮ ਦੇ ਪ੍ਰਸਾਰ ਲਈ ਸਮਝੌਤਾ ਨੇਪਰੇ ਚੜ੍ਹਿਆ। ਵਧੀਕ ਨਿਰਦੇਸ਼ਕ ਖੋਜ ( ਖੇਤੀ ਇੰਜੀਨੀਅਰਿੰਗ ) ਡਾ. ਮਹੇਸ਼ ਕੁਮਾਰ ਅਤੇ ਆਲਮਦਾਰ ਸੀਡਜ਼ ਵਲੋਂ ਜਨਾਬ ਜ਼ਾਹਿਦ ਹੁਸੈਨ ਭੀਮਾਨੀ ਨੇ ਇਸ ਸਮਝੌਤੇ ਦੀਆਂ ਸ਼ਰਤਾਂ ‘ਤੇ ਦਸਤਖਤ ਕੀਤੇ।
ਤਕਨਾਲੋਜੀ ਵਪਾਰੀਕਰਨ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ ਸੁਰਿੰਦਰ ਕੌਰ ਸੰਧੂ ਅਤੇ ਵਿਗਿਆਨਕ ਡਾ. ਰੁਚਿਕਾ ਭਾਰਦਵਾਜ ਵੀ ਇਸ ਮੌਕੇ ਮੌਜੂਦ ਰਹੇ।
ਡਾ. ਰੁਚਿਕਾ ਨੇ ਦੱਸਿਆ ਕਿ ਪੀਏਯੂ ਦੁਆਰਾ ਵਿਕਸਤ ਬੀ ਐਲ-45 ਵੱਧ ਝਾੜ ਦੇਣ ਵਾਲੀ ਅਤੇ ਦੇਰੀ ਨਾਲ ਪੱਕਣ ਅਤੇ ਕਈ ਕਟਾਈਆਂ ਦੇਣ ਵਾਲੀ ਬਰਸੀਮ ਦੀ ਕਿਸਮ ਹੈ। ਬੀ ਐਲ 45 ਵਿੱਚ ਕਰੂਡ ਪ੍ਰੋਟੀਨ ਪੱਖੋਂ ਬਿਹਤਰ ਪੌਸ਼ਟਿਕ ਗੁਣਵੱਤਾ ਹੈ। ਇਹ ਕਿਸਮ ਤਣੇ ਦੇ ਸੜਨ ਦੇ ਰੋਗ ਦਾ ਸਾਮ੍ਹਣਾ ਕਰਨ ਦੇ ਸਮਰੱਥ ਹੈ ਅਤੇ ਬਰਸੀਮ ਦੇ ਕੀੜੇ-ਮਕੌੜਿਆਂ ਪ੍ਰਤੀ ਸਹਿਣਸ਼ੀਲ ਹੈ। ਬੀ ਐਲ 45 ਨੂੰ ਭਾਰਤ ਦੇ ਉੱਤਰ-ਪੱਛਮੀ, ਪਹਾੜੀ ਅਤੇ ਮੈਦਾਨੀ ਖੇਤਰਾਂ ਤੋਂ ਇਲਾਵਾ ਕੇਂਦਰੀ ਇਲਾਕਿਆਂ ਵਿਚ ਕਾਸ਼ਤ ਲਈ ਢੁਕਵੀਂ ਪਰਖੇ ਜਾਣ ਮਗਰੋਂ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਦਾ ਤਰਾਈ ਹਿੱਸਾ ਸ਼ਾਮਲ ਹੈ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਦੁਆਰਾ ਵਿਕਸਤ ਕੀਤੀ ਗਈ ਕਿਸਮ ਦੇ ਪ੍ਰਸਾਰ ਦੀ ਜ਼ਿੰਮੇਵਾਰੀ ਸਾਂਝੀ ਕਰਨ ਲਈ ਵਿਗਿਆਨੀਆਂ ਦੇ ਨਾਲ-ਨਾਲ ਕੰਪਨੀ ਨੂੰ ਵਧਾਈ ਦਿੱਤੀ।
ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਪੀ ਏ ਯੂ ਆਪਣੀਆਂ ਕਿਸਮਾਂ ਅਤੇ ਤਕਨਾਲੋਜੀਆਂ ਦਾ ਵਪਾਰੀਕਰਨ ਕਰਕੇ ਇਨ੍ਹਾਂ ਦੀ ਲੋਕਾਂ ਤੱਕ ਪਹੁੰਚ ਨੂੰ ਯਕੀਨੀ ਬਣਾ ਰਿਹਾ ਹੈ।
