ਉੱਘੇ ਪਸਾਰ ਮਾਹਿਰ ਡਾ. ਤੇਜਿੰਦਰ ਸਿੰਘ ਰਿਆੜ ਦੇ ਪੀ.ਏ.ਯੂ. ਵਿਖੇ ਅਪਰ ਨਿਰਦੇਸ਼ਕ ਸੰਚਾਰ ਵਜੋਂ ਕਾਰਜਕਾਲ ਵਿਚ ਵਾਧਾ ਕੀਤਾ ਗਿਆ ਹੈ| ਬੀਤੇ ਦਿਨੀਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਵਿੱਚ ਹੋਈ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿੱਚ ਇਸ ਵਾਧੇ ਨੂੰ ਪ੍ਰਵਾਨਗੀ ਦਿੱਤੀ ਗਈ|
ਡਾ. ਤੇਜਿੰਦਰ ਸਿੰਘ ਰਿਆੜ ਸਤੰਬਰ 2020 ਤੋਂ ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਦੇ ਤੌਰ ਤੇ ਕਾਰਜਸ਼ੀਲ ਹਨ| ਉਹਨਾਂ ਨੇ ਇਸ ਅਰਸੇ ਦੌਰਾਨ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੰਜਾਬ ਦੇ ਦੂਰ-ਦਰਾਜ ਖੇਤਰਾਂ ਦੇ ਕਿਸਾਨਾਂ ਤੱਕ ਪਹੁੰਚਾਉਣ ਲਈ ਉਲੇਖਯੋਗ ਕਾਰਜ ਕੀਤਾ| ਖੇਤੀ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਕਿਤਾਬਚਿਆਂ ਅਤੇ ਕਿਤਾਬਾਂ ਦੇ ਅਨੇਕ ਅਡੀਸ਼ਨ ਛਪੇ ਅਤੇ ਮਾਸਿਕ ਰਸਾਲਿਆਂ ਦੀ ਪ੍ਰਕਾਸ਼ਨਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਗਿਆ| ਨਾਲ ਹੀ ਡਾ. ਰਿਆੜ ਨੇ ਖੇਤੀ ਪਸਾਰ ਗਤੀਵਿਧੀਆਂ ਨੂੰ ਸੂਚਨਾ ਅਤੇ ਤਕਨਾਲੋਜੀ ਦੇ ਮਾਧਿਅਮ ਰਾਹੀਂ ਕਿਸਾਨਾਂ ਤੱਕ ਪਹੁੰਚਾਉਣ ਲਈ ਪਹਿਲਕਦਮੀ ਕੀਤੀ| ਡਿਜ਼ੀਟਲ ਹਫਤਾਵਰ ਅਖਬਾਰ ਖੇਤੀ ਸੰਦੇਸ਼ 11 ਲੱਖ ਤੋਂ ਵਧੇਰੇ ਕਿਸਾਨੀ ਪਰਿਵਾਰਾਂ ਤੱਕ ਵਟਸਐਪ ਰਾਹੀਂ ਪਹੁੰਚਣ ਦਾ ਨੈੱਟਵਰਕ ਸਥਾਪਿਤ ਕਰਨਾ ਅਤੇ ਹਫਤਾਵਰ ਸ਼ੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਰਾਹੀਂ ਤਾਜ਼ਾ ਖੇਤੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣੀ ਇਸ ਕਾਰਜ ਦੇ ਉਘੜਵੇਂ ਪ੍ਰਮਾਣ ਹਨ| ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਪਸਾਰ ਢਾਂਚੇ ਨਾਲ ਨੇੜਿਓਂ ਜੋੜਨ ਲਈ ਸੰਚਾਰ ਅਤੇ ਸੰਪਰਕ ਦਾ ਮਜ਼ਬੂਤ ਪੁਲ ਉਸਾਰਿਆ|
ਡਾ. ਤੇਜਿੰਦਰ ਸਿੰਘ ਰਿਆੜ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਵੀ ਰਹੇ ਹਨ| ਨਾਲ ਹੀ ਉਹ ਕੈਰੋਂ ਕਿਸਾਨ ਘਰ ਦੇ ਇੰਚਾਰਜ ਦੇ ਤੌਰ ਤੇ ਕਿਸਾਨਾਂ ਲਈ ਯੂਨੀਵਰਸਿਟੀ ਵਿਚ ਰਿਹਾਇਸ਼ ਦਾ ਢੁੱਕਵਾਂ ਪ੍ਰਬੰਧ ਬਨਾਉਣ ਵਿਚ ਸਫਲ ਰਹੇ| ਸਕਿੱਲ ਡਿਵੈਲਪਮੈਂਟ ਰਾਹੀਂ ਖੇਤੀ ਕਾਰੋਬਾਰੀ ਮੁਹਾਰਤ ਨੂੰ ਪੰਜਾਬ ਵਿੱਚ ਹੀ ਨਹੀਂ ਉੱਤਰੀ ਭਾਰਤ ਵਿੱਚ ਕਿਸਾਨਾਂ ਤੱਕ ਪਸਾਰਨ ਲਈ ਡਾ. ਰਿਆੜ ਨੇ ਬੇਹੱਦ ਉੱਘਾ ਯੋਗਦਾਨ ਪਾਇਆ | ਡਾ. ਰਿਆੜ ਨੇ ਪੋਸਟ ਗ੍ਰੈਜਏਟ ਅਤੇ ਅੰਡਰ ਗ੍ਰੈਜੁਏਟ ਕੋਰਸਾਂ ਦੇ ਅਧਿਆਪਨ ਤੋਂ ਬਿਨਾਂ ਪਸਾਰ ਸਿਖਲਾਈ, ਪਸਾਰ ਪ੍ਰਸ਼ਾਸਨ, ਸੰਚਾਰ ਪ੍ਰਕਿਰਿਆ ਅਤੇ ਪਸਾਰ ਸਿੱਖਿਆ ਦਾ ਫਲਸਫਾ ਪੜਾਇਆ ਹੈ | ਉਹਨਾਂ ਨੇ 31 ਖੋਜ ਪੇਪਰ, 18 ਕਿਤਾਬਾਂ, 457 ਬੁਲਿਟਨ ਅਤੇ 115 ਪਸਾਰ ਲੇਖ ਲਿਖੇ | ਉਹਨਾਂ ਦੀ ਖੋਜ ਇੱਕ ਸਮੂਹ ਵਿੱਚ ਕਿਸਾਨਾਂ, ਸੰਸਥਾਵਾਂ ਦੀ ਕਾਰਜਸ਼ੀਲਤਾ ਵਧਾ ਕੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਵੱਲ ਸੇਧਤ ਰਹੀ ਹੈ | ਟੀ ਵੀ, ਰੇਡਿਓ ਉੱਪਰ ਖੇਤੀ ਪੋ੍ਰਗਰਾਮਾਂ ਵਿੱਚ ਕਿਸਾਨਾਂ ਨੂੰ ਲਾਹੇਵੰਦ ਜਾਣਕਾਰੀ ਨਾਲ ਜੋੜਨਾ ਡਾ. ਰਿਆੜ ਦੀ ਮੁਹਾਰਤ ਦਾ ਵਿਸ਼ੇਸ਼ ਖੇਤਰ ਰਿਹਾ ਹੈ | ਉਹਨਾਂ ਨੇ 1509 ਤੋਂ ਵਧੇਰੇ ਟੀ ਵੀ, ਰੇਡੀਓ ਵਾਰਤਾਲਾਪ ਕਰਵਾਏ | ਸਿਖਲਾਈ ਪ੍ਰੋਗਰਾਮ ਆਯੋਜਿਤ ਕਰਕੇ ਡਾ. ਰਿਆੜ ਨੇ ਕਿਸਾਨਾਂ, ਕਿਸਾਨ ਬੀਬੀਆਂ, ਪੇਂਡੂ ਨੌਜਵਾਨਾਂ, ਪਸਾਰ ਅਧਿਕਾਰੀਆਂ ਅਤੇ ਖੇਤੀ ਮਾਹਿਰਾਂ ਨੂੰ ਨਵੀਆਂ ਖੇਤੀ ਤਕਨੀਕਾਂ ਨਾਲ ਜੋੜਿਆ ਹੈ | ਉਹ ਕਈ ਕਿਸਾਨ ਸੰਗਠਨਾਂ ਜਿਵੇਂ ਪੀ.ਏ.ਯੂ. ਕਿਸਾਨ ਕਲੱਬ, ਸ਼ਹਿਦ ਮੱਖੀ ਪਾਲਣ ਐਸੋਸੀਏਸ਼ਨ, ਪੀ.ਏ.ਯੂ. ਬੀਜ ਅਤੇ ਨਰਸਰੀ ਉਤਪਾਦਕ ਕਲੱਬ, ਪੀ.ਏ.ਯੂ. ਰੁੱਖ ਪਾਲਕ ਐਸੋਸੀਏਸ਼ਨ, ਪੀ.ਏ.ਯੂ. ਫੁੱਲ ਉਤਪਾਦਕ ਕਲੱਬ, ਪੀ.ਏ.ਯੂ. ਸੋਇਆਬੀਨ ਉਤਪਾਦਕ ਕਲੱਬ, ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਐਸੋਸੀਏਸ਼ਨ ਅਤੇ ਪੀ.ਏ.ਯੂ ਆਰਗੈਨਿਕ ਫਾਰਮਿੰਗ ਕਲੱਬ ਨਾਲ ਜੁੜ ਕੇ ਉਹਨਾਂ ਦੇ ਸੁਚਾਰੂ ਕੰਮ ਕਾਜ ਨੂੰ ਸੰਚਾਲਿਤ ਕਰਦੇ ਰਹੇ ਹਨ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ,ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ, ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੇ ਡੀਨ ਡਾ. ਮਨਮੋਹਨਜੀਤ ਸਿੰਘ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਸਫਲਤਾ ਦੀ ਕਾਮਨਾ ਕੀਤੀ|
